ਜਲੰਧਰ, 6 ਦਸੰਬਰ,ਬੋਲੇ ਪੰਜਾਬ ਬਿਊਰੋ :
ਸ਼ਹਿਰ ਦੇ ਵਰਕਸ਼ਾਪ ਚੌਕ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਚੱਲ ਰਹੀ ਇਕ ਲਾਟਰੀ ਦੀ ਦੁਕਾਨ ’ਤੇ ਪੁਲਿਸ ਦੀ ਰੇਡ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ, ਇਹ ਕਾਰਵਾਈ ਥਾਣਾ ਨੰਬਰ 2 ਦੇ ਅਧੀਨ ਆਉਂਦੇ ਇਸ ਇਲਾਕੇ ਵਿੱਚ ਕੀਤੀ ਗਈ ਹੈ।
ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਥੇ ਗੈਰਕਾਨੂੰਨੀ ਢੰਗ ਨਾਲ ਲਾਟਰੀ ਦੇ ਕਾਰੋਬਾਰ ਨੂੰ ਚਲਾਇਆ ਜਾ ਰਿਹਾ ਹੈ। ਇਸ ਦੇ ਅਧਾਰ ’ਤੇ ਪੁਲਿਸ ਨੇ ਰੇਡ ਮਾਰੀ ਅਤੇ ਮੌਕੇ ’ਤੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਉਥੋਂ 22 ਹਜ਼ਾਰ ਰੁਪਏ ਨਕਦੀ ਅਤੇ ਹੋਰ ਸਮਾਨ ਵੀ ਜ਼ਬਤ ਕੀਤਾ ਹੈ।
ਰੇਡ ਦੌਰਾਨ ਮੌਕੇ ’ਤੇ ਮੌਜੂਦ ਲੋਕਾਂ ਵਿੱਚ ਹੜਕੰਪ ਮਚ ਗਿਆ। ਕਈ ਲੋਕਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਕਰਮਚਾਰੀਆਂ ਦੀ ਚੁਸਤ ਕਾਰਵਾਈ ਨਾਲ ਪੰਜ ਲੋਕਾਂ ਨੂੰ ਫੜ ਲਿਆ ਗਿਆ।ਫਿਲਹਾਲ ਪੁਲਿਸ ਵਲੋਂ ਮਾਮਲੇ ਨੂੰ ਲੈ ਕੇ ਅਗਲੀ ਜਾਂਚ ਜਾਰੀ ਹੈ।