ਨਰਸਿੰਗ ਪੇਸ਼ੇ ਨੂੰ ਮਨੁੱਖਤਾ ਦੀ ਸਭ ਤੋਂ ਸਤਿਕਾਰਤ ਸੇਵਾ ਕਰਾਰ ਦਿੱਤਾ
ਮੋਹਾਲੀ ਵਿਖੇ ਟ੍ਰੇਂਡ ਨਰਸਿਜ਼ ਐਸੋਸੀਏਸ਼ਨ ਆਫ਼ ਇੰਡੀਆ ਦੀ ਨੈਸ਼ਨਲ ਕਾਨਫਰੰਸ ਵਿੱਚ ਸ਼ਮੂਲੀਅਤ ਕੀਤੀ
ਐਸ.ਏ.ਐਸ.ਨਗਰ, 6 ਦਸੰਬਰ,ਬੋਲੇ ਪੰਜਾਬ ਬਿਊਰੋ :
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਮੋਹਾਲੀ ਵਿਖੇ ਰਿਫਰੈਸ਼ਰ ਕੋਰਸ ਇੰਸਟੀਚਿਊਟ ਦੀ ਸਥਾਪਨਾ ਵਿੱਚ ਟ੍ਰੇਂਡ ਨਰਸਿਜ਼ ਐਸੋਸੀਏਸ਼ਨ ਆਫ਼ ਇੰਡੀਆ (ਟੀ.ਐਨ.ਏ.ਆਈ) ਦੀ ਹਰ ਸੰਭਵ ਮਦਦ ਕਰਨ ਦਾ ਐਲਾਨ ਕੀਤਾ। ਉਹ ਇੱਥੇ ਮੁਹਾਲੀ ਕਲੱਬ ਵਿਖੇ ਦੋ ਰੋਜ਼ਾ ਨੈਸ਼ਨਲ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਇਹ ਧਿਆਨ ਵਿੱਚ ਰੱਖਦੇ ਹੋਏ ਕਿ ਡਾਕਟਰੀ ਖੇਤਰ ਲਗਾਤਾਰ ਸਿੱਖਣ ਬਾਰੇ ਹੈ, ਇਸੇ ਲਈ ਨਰਸਾਂ ਨੂੰ ਵੱਖ-ਵੱਖ ਬਿਮਾਰੀਆਂ ਅਤੇ ਸਥਿਤੀਆਂ ਨਾਲ ਸਬੰਧਤ ਚੁਣੌਤੀਆਂ ਨਾਲ ਨਜਿੱਠਣ ਲਈ ਰਿਫਰੈਸ਼ਰ ਕੋਰਸਾਂ ਦੀ ਵੀ ਲੋੜ ਹੁੰਦੀ ਹੈ, ਭਾਵੇਂ ਇਹ ਅਪਰੇਸ਼ਨ ਥੀਏਟਰ, ਇਨਡੋਰ ਕੇਅਰ, ਇੰਟੈਂਸਿਵ ਕੇਅਰ ਜਾਂ ਡਾਇਲਸਿਸ ਸੈਂਟਰਾਂ ਜਾਂ ਕੈਂਸਰ ਦੀ ਦੇਖਭਾਲ ਵਰਗੇ ਨਾਜ਼ੁਕ ਖੇਤਰ ਹੋਣ।
ਡਾ. ਬਲਬੀਰ ਸਿੰਘ ਨੇ ਕਿਹਾ ਅੱਜ ਸਿੱਖ ਪੰਥ ਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਬਲੀਦਾਨ ਦਿਵਸ ਹੈ ਅਤੇ ਇਤਫ਼ਾਕ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੋਤਰੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਨਾਂ ‘ਤੇ ਰੱਖੇ ਗਏ ਅਸਥਾਨ ‘ਤੇ ਟੀ.ਐਨ.ਏ.ਆਈ ਦੀ ਕਾਨਫਰੰਸ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦੁਰ ਸਾਹਿਬ ਦੀ ਲਾਸਾਨੀ ਕੁਰਬਾਨੀ ਮਨੁੱਖਤਾ ਨੂੰ ਉਸ ਸਮੇਂ ਦੇ ਮੁਗਲ ਬਾਦਸ਼ਾਹਾਂ ਦੇ ਜ਼ੁਲਮ ਤੋਂ ਬਚਾਉਣ ਲਈ ਸੀ ਅਤੇ ਗੁਰੂ ਸਾਹਿਬ ਨੂੰ ਇਸੇ ਲਈ “ਹਿੰਦ ਦੀ ਚਾਦਰ” ਵਜੋਂ ਯਾਦ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਮਾਨਵਤਾ ਸੇਵਾਵਾਂ ਦੀ ਲੜੀ ਵਿੱਚ ਨਰਸਿੰਗ ਕਿੱਤੇ ਦਾ ਵਿਸ਼ਵ ਭਰ ਵਿੱਚ ਉੱਚ ਸਨਮਾਨ ਅਤੇ ਸਥਾਨ ਹੈ ਅਤੇ ਭਾਰਤੀ ਨਰਸਾਂ ਦੀ, ਉਨ੍ਹਾਂ ਦੇ ਪੇਸ਼ੇ ਪ੍ਰਤੀ ਅਤਿ-ਸਮਰਪਣ ਕਾਰਨ, ਵਿਸ਼ਵ ਭਰ ਵਿੱਚ ਸਭ ਤੋਂ ਵੱਧ ਮੰਗ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਡਾਕਟਰ ਮਰੀਜ਼ ਨੂੰ ਇਲਾਜ ਲਈ ਟੀਕਾ ਲਗਾਉਂਦੇ ਹਨ ਪਰ ਨਰਸਾਂ ਉਨ੍ਹਾਂ ਨੂੰ ਸਿਹਤਮੰਦ ਅਤੇ ਤੰਦਰੁਸਤ ਬਣਾਉਣ ਲਈ ਪਿਆਰ ਅਤੇ ਦਇਆ ਭਾਵਨਾ ਦੀ ਵਰਤੋਂ ਕਰਦੀਆਂ ਹਨ।
ਉਨ੍ਹਾਂ ਨਰਸਿੰਗ ਕਿੱਤੇ ਨੂੰ ਡਾਕਟਰੀ ਪੇਸ਼ੇ ਦਾ ਸਭ ਤੋਂ ਅਹਿਮ ਹਿੱਸਾ ਕਰਾਰ ਦਿੰਦਿਆਂ ਕਿਹਾ ਕਿ ਜਨਮ ਤੋਂ ਲੈ ਕੇ ਮੌਤ ਤੱਕ ਨਰਸ ਦਾ ਆਪਣਾ ਫਰਜ਼ ਸਾਰਿਆਂ ਦੀ ਸਿਹਤ ਸੰਭਾਲ ਨੂੰ ਯਕੀਨੀ ਬਣਾਉਣ ਲਈ ਨਿਭਾਉਂਦੀ ਹੈ। ਇੱਥੋਂ ਤੱਕ ਕਿ, ਇੱਕ ਡਾਕਟਰ ਨਰਸਾਂ ਦੇ ਸਹਿਯੋਗ ਤੋਂ ਬਿਨਾਂ ਕੁਝ ਵੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਟ੍ਰੇਂਡ ਨਰਸਿਜ਼ ਐਸੋਸੀਏਸ਼ਨ ਆਫ਼ ਇੰਡੀਆ ਅਤੇ ਇਸਦੀ ਸਕੱਤਰ ਜਨਰਲ ਸ੍ਰੀਮਤੀ ਐਵਲਿਨ ਪੀ ਕੰਨਨ ਦੀ ਵਿਸ਼ੇਸ਼ ਪਹਿਲਕਦਮੀ ਵਜੋਂ ਮੋਹਾਲੀ ਵਿਖੇ ਇੱਕ ਰਿਫਰੈਸ਼ਰ ਕੋਰਸ ਇੰਸਟੀਚਿਊਟ ਸਥਾਪਤ ਕਰਨ ਦਾ ਮੌਕਾ ਪ੍ਰਾਪਤ ਕਰਕੇ ਪੰਜਾਬ ਮਾਣ ਮਹਿਸੂਸ ਕਰੇਗਾ ਅਤੇ ਇਸ ਨੇਕ ਕਾਰਜ ਵਿੱਚ ਰਾਜ ਸਰਕਾਰ ਵੱਲੋਂ ਪੂਰਣ ਸਹਿਯੋਗ ਦਿੱਤਾ ਜਾਵੇਗਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਜਨਤਕ ਖੇਤਰ ਵਿੱਚ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਦੀਆਂ ਤਰਜੀਹਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ “ਪੈਰਾਮੈਡਿਕਸ” ਦੀ ਮਦਦ ਤੋਂ ਬਿਨਾਂ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਸੰਭਵ ਨਹੀਂ ਹੈ, ਇਸ ਲਈ ਹਰ ਪੱਧਰ ‘ਤੇ ਨਰਸਾਂ ਦੀ ਭੂਮਿਕਾ ਸ਼ਲਾਘਾਯੋਗ ਹੈ। ਉਨ੍ਹਾਂ ਨੇ ਟ੍ਰੇਂਡ ਨਰਸਿਜ਼ ਐਸੋਸੀਏਸ਼ਨ ਆਫ਼ ਇੰਡੀਆ ਦੀ ਨਵੀਂ ਮਨੋਨੀਤ ਕੌਮੀ ਪ੍ਰਧਾਨ, ਸ਼੍ਰੀਮਤੀ ਐਨੀ ਕੁਮਾਰ ਨੂੰ ਵੀ ਵਧਾਈ ਦਿੱਤੀ ਜੋ ਵਰਤਮਾਨ ਵਿੱਚ ਰਾਸ਼ਟਰੀ ਉਪ ਪ੍ਰਧਾਨ ਵਜੋਂ ਕੰਮ ਕਰ ਰਹੇ ਹਨ।
ਦੇਸ਼ ਭਰ ਤੋਂ ਇੱਥੇ ਪਹੁੰਚੀਆਂ ਨਰਸਾਂ ਨੂੰ ਚੰਡੀਗੜ੍ਹ ਅਤੇ ਪੰਜਾਬ ਦੇ ਇਤਿਹਾਸਕ ਅਤੇ ਪ੍ਰਸਿੱਧ ਸਥਾਨਾਂ ਨੂੰ ਦੇਖਣ ਦਾ ਮੌਕਾ ਮਾਣਨ ਬਾਰੇ ਆਖਦਿਆਂ ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੀ ਧਰਤੀ ‘ਤੇ ਨਰਸਾਂ ਦਾ ਇੰਨਾ ਵੱਡਾ ਇਕੱਠ ਦੇਖਕੇ ਮਾਣ ਮਹਿਸੂਸ ਕਰ ਰਹੇ ਹਾਂ।
ਟਰੈਂਡ ਨਰਸਿਜ਼ ਐਸੋਸੀਏਸ਼ਨ ਆਫ਼ ਇੰਡੀਆ ਦੀ ਕੌਮੀ ਕਾਰਜਕਾਰਣੀ ਤੋਂ ਇਲਾਵਾ ਰਜਿਸਟਰਾਰ, ਪੰਜਾਬ ਨਰਸਿਜ਼ ਰਜਿਸਟ੍ਰੇਸ਼ਨ ਕੌਂਸਲ, ਪੰਜਾਬ, ਡਾ: ਪੁਨੀਤ ਗਿਰਧਰ ਅਤੇ ਕਾਰਜਕਾਰੀ ਸਿਵਲ ਸਰਜਨ, ਐਸ.ਏ.ਐਸ.ਨਗਰ ਡਾ. ਰੇਨੂੰ ਸਿੰਘ ਵੀ ਹਾਜ਼ਰ ਸਨ।