ਸ੍ਰੀ ਗੁਰੂ ਰਵਿਦਾਸ ਆਯੁਰਵੈਦ ਯੂਨੀਵਰਸਿਟੀ ਪੰਜਾਬ ਵੱਲੋਂ ਸਿਖਿਆਰਥੀਆਂ ਨੂੰ ਦਿੱਤੀ ਜਾ ਰਹੀ ਟ੍ਰੇਨਿਗ
ਸੂਬੇ ਚ ਰੋਜ਼ਾਨਾ ਵੱਖ-ਵੱਖ ਥਾਂਵਾਂ ਤੇ ਸਿਖਾਇਆ ਜਾ ਰਿਹਾ ਹੈ ਯੋਗ
ਐੱਸ.ਏ.ਐੱਸ .ਨਗਰ 05 ਦਸੰਬਰ 2024:
ਸ਼ਹੀਦ ਮੇਜਰ (ਸ਼ੌਰਿਆ ਚੱਕਰ) ਹਰਮਿੰਦਰ ਪਾਲ ਸਿੰਘ, ਸਰਕਾਰੀ ਕਾਲਜ, ਮੋਹਾਲੀ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ’ਤੇ ਗੁਰੂ ਰਵਿਦਾਸ ਆਯੁਰਵੈਦ ਯੂਨੀਵਰਸਿਟੀ ਪੰਜਾਬ ਵੱਲੋਂ “ਸੀ ਐਮ ਦੀ ਯੋਗਸ਼ਾਲਾ” ਵਿਖੇ ਯੋਗਾ ਸਿਖਲਾਈ ਦਾ ਡਿਪਲੋਮਾ ਕੋਰਸ ਸ਼ੁਰੂ ਕੀਤਾ ਗਿਆ ਹੈ। ਇਸ ’ਚ ਵਿਸ਼ੇਸ਼ ਤੌਰ ’ਤੇ ਗੁਰੂ ਰਵਿਦਾਸ ਆਯੁਰਵੈਦ ਯੂਨੀਵਰਸਿਟੀ ਪੰਜਾਬ ਦੇ ਰਜਿਸਟਰਾਰ ਡਾ. ਸੰਜੀਵ ਗੋਇਲ, ਨੋਡਲ ਅਫ਼ਸਰ ਡਾ. ਗਗਨ ਸਿੰਘ ਧਾਕੜ, ਪੰਜਾਬ ਦੇ ਯੋਗਾ ਵਿਭਾਗ ਦੇ ਸੀਨੀਅਰ ਸਲਾਹਕਾਰ ਅਮਰੇਸ਼ ਕੇ. ਆਰ ਝਾਅ ਅਤੇ ਸ਼੍ਰੀ ਕਮਲੇਸ਼ ਕੁਮਾਰ ਮਿਸ਼ਰਾ, ਡਿਪਲੋਮਾ ਕੋਆਰਡੀਨੇਟਰ ਅਤੇ ਅਧਿਆਪਕ ਸ਼ਾਮਲ ਹੋਏ।
ਰਜਿਸਟਰਾਰ ਡਾ. ਸੰਜੀਵ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਬਣਾਉਣ ਲਈ ਆਪਣੀ ਨਿਵੇਕਲੀ ਪਹਿਲ ਸੀ.ਐਮ. ਦੀ ਯੋਗਸ਼ਾਲਾ ਸ਼ੁਰੂ ਕੀਤੀ ਹੈ, ਜਿਸ ਦਾ ਮੰਤਵ ਯੋਗਾ ਰਾਹੀਂ ਪੰਜਾਬ ਦੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾ ਕੇ ਤੰਦਰੁਸਤ ਰੱਖ ਕੇ ਹਸਪਤਾਲਾਂ ’ਚ ਭੀੜ ਘਟਾਉਣਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਸੀ ਐਮ ਦੀ ਯੋਗਸ਼ਾਲਾ ਰਾਹੀਂ ਆਮ ਲੋਕਾਂ ਨੂੰ ਸਿਹਤਮੰਦ ਬਣਾਉਣ ਦੀ ਮੁਹਿੰਮ ਚਲਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਯੋਗਾ ਕੋਰਸ ਕਰਨ ਵਾਲੇ ਲੋਕਾਂ ਨੂੰ ਡਿਪਲੋਮਾ ਕੋਰਸਾਂ ਰਾਹੀਂ ਵਧੀਆ ਯੋਗਾ ਅਧਿਆਪਕ ਬਣਨ ਲਈ ਉਤਸ਼ਾਹਿਤ ਕਰ ਰਹੀ ਹੈ।
ਸੀਨੀਅਰ ਯੋਗਾ ਸਲਾਹਕਾਰ ਅਮਰੇਸ਼ ਝਾਅ ਅਤੇ ਕਮਲੇਸ਼ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਸੀ ਐਮ ਦੀ ਯੋਗਸ਼ਾਲਾ ਅਧੀਨ ਯੋਗਾ ਟ੍ਰੇਨਰ ਰੋਜ਼ਾਨਾ ਪੰਜਾਬ ਦੇ ਲੋਕਾਂ ਨੂੰ ਯੋਗਾ ਸਿਖਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਰੋਜ਼ਾਨਾ ਵੱਖ-ਵੱਖ ਥਾਵਾਂ ’ਤੇ ਯੋਗਾ ਦੀਆਂ ਕਲਾਸਾਂ ਲਗਾਤਾਰ ਚੱਲ ਰਹੀਆਂ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਨਿਯਮਿਤ ਤੌਰ ’ਤੇ ਯੋਗ ਅਭਿਆਸ ਕਰਕੇ ਲਾਭ ਲੈ ਰਹੇ ਹਨ। ਉਹਨਾਂ ਦੀ ਸਿਹਤ ’ਚ ਵੀ ਸੁਧਾਰ ਹੋ ਰਿਹਾ ਹੈ। ਇਸਦੇ ਲਈ ਇੱਕ ਹੈਲਪਲਾਈਨ ਨੰਬਰ 7669400500 ਵੀ ਸ਼ੁਰੂ ਕੀਤਾ ਗਿਆ ਹੈ, ਬੱਸ ਇੱਕ ਮਿਸ ਕਾਲ ’ਤੇ ਪੰਜਾਬ ਸਰਕਾਰ ਇੱਕ ਮੁਫਤ ਯੋਗਾ ਅਧਿਆਪਕ ਮੁਹੱਈਆ ਕਰਵਾਏਗੀ। ਲੋਕ ਖਾਣ-ਪੀਣ ਅਤੇ ਯੋਗਾ ਅਭਿਆਸ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਣਗੇ। ਕੋਈ ਵੀ www.cmdiyogashala.punjab.in ’ਤੇ ਰਜਿਸਟਰ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਵਰਤਮਾਨ ’ਚ, ਭਾਰਤ ’ਚ ਪੰਜਾਬ ਹੀ ਇੱਕ ਅਜਿਹਾ ਰਾਜ ਹੈ ਜਿੱਥੇ ਲੋਕ ਉਕਤ ਸਥਾਨਾਂ ’ਤੇ ਨਿਯਮਿਤ ਤੌਰ ’ਤੇ ਯੋਗਾ ਦਾ ਅਭਿਆਸ ਕਰ ਰਹੇ ਹਨ।
ਅੱਜ ਬਹੁਤ ਸਾਰੇ ਲੋਕ ਸਾਹ ਪ੍ਰਣਾਲੀ, ਬਲੱਡ ਪ੍ਰੈਸ਼ਰ, ਸ਼ੂਗਰ ਲੈਵਲ ਅਤੇ ਦਿਲ ਅਤੇ ਜੋੜਾਂ ਦੇ ਦਰਦਾਂ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਹਨ। ਯੋਗਾ ਇਨ੍ਹਾਂ ਸਾਰੇ ਮਰੀਜ਼ਾਂ ਦੀ ਬਹੁਤ ਮਦਦ ਕਰਦਾ ਹੈ। ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੇ ਆਸਣ, ਪ੍ਰਾਣਾਯਾਮ, ਧਿਆਨ, ਮੁਦਰਾ, ਬੰਦ, ਧਾਰਣਾ ਅਤੇ ਯੋਗਾ ਕਿਰਿਆਵਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ, ਤਾਂ ਜੋ ਉਹ ਚੰਗੇ ਯੋਗ ਸਾਧਕ ਬਣ ਕੇ ਅੱਗੇ ਹੋਰ ਲੋਕਾਂ ਨੂੰ ਜਾਗਰੂਕ ਕਰ ਸਕਣ। ਉਨ੍ਹਾਂ ਕਿਹਾ ਕਿ ’ਸੀ.ਐਮ ਦੀ ਯੋਗਸ਼ਾਲਾ’ ਰਾਹੀਂ ਜਿੱਥੇ ਲੋਕ ਸਿਹਤਮੰਦ ਜੀਵਨ ਬਤੀਤ ਕਰ ਸਕਣਗੇ, ਉੱਥੇ ਉਨ੍ਹਾਂ ਨੂੰ ਯੋਗਾ ਟ੍ਰੇਨਰ ਅਤੇ ਯੋਗ ਮਾਰਗ ਦਰਸ਼ਨ ਆਸਾਨੀ ਨਾਲ ਮਿਲ ਜਾਵੇਗਾ।