ਅੰਮ੍ਰਿਤਸਰੀਆਂ ਨੂੰ ਖੁਬਾਨੀ ਪਕਾ ਕੇ ਖਾਣ ਦਾ ਤਰੀਕਾ ਦੱਸ ਰਹੇ ਲੱਦਾਖੀ
ਪਹਿਲੀ ਵਾਰ ਯੂਟੀ ਲੱਦਾਖ ਤੋਂ ਪਾਈਟੈਕਸ ਪਹੁੰਚੇ ਇੱਕ ਦਰਜਨ ਕਾਰੋਬਾਰੀ
ਅੰਮ੍ਰਿਤਸਰ। ਕੇਂਦਰ ਸਰਕਾਰ ਵੱਲੋਂ ਲੱਦਾਖ ਨੂੰ ਯੂਟੀ ਦਾ ਦਰਜਾ ਦਿੱਤੇ ਜਾਣ ਤੋਂ ਬਾਅਦ ਉੱਥੋਂ ਦਾ ਵਿਸ਼ੇਸ਼ ਕਾਰੋਬਾਰ ਹੁਣ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਫੈਲਣ ਲੱਗਿਆ ਹੈ। ਲੱਦਾਖੀ ਔਰਤਾਂ ਹੁਣ ਆਪਣੇ ਰਾਜ ਤੋਂ ਬਾਹਰ ਆ ਕੇ ਗੁਆਂਢੀ ਰਾਜਾਂ ਵਿੱਚ ਵੀ ਕਾਰੋਬਾਰ ਕਰਨ ਲੱਗ ਪਈਆਂ ਹਨ। ਅੰਮ੍ਰਿਤਸਰ ਵਿੱਚ ਅੱਜ ਤੋਂ ਸ਼ੁਰੂ ਹੋਇਆ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਲੱਦਾਖ ਤੋਂ ਆਉਣ ਵਾਲੇ ਕਾਰੋਬਾਰੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਪਿਛਲੇ ਸਾਲ ਕਰਵਾਏ ਗਏ ਪਾਈਟੈਕਸ ਦੌਰਾਨ ਇੱਥੇ ਸਿਰਫ਼ ਤਿੰਨ ਕਾਰੋਬਾਰੀ ਆਏ ਸਨ। ਇਸ ਵਾਰ ਇਨ੍ਹਾਂ ਦੀ ਗਿਣਤੀ ਵਧ ਕੇ ਗਿਆਰਾਂ ਹੋ ਗਈ ਹੈ। ਲੱਦਾਖ ਪ੍ਰਸ਼ਾਸਨ ਬ੍ਰਾਂਡ ਲੱਦਾਖ ਐਂਪੋਰੀਅਮ ਸ਼ੋਅਰੂਮ ਰਾਹੀਂ ਆਪਣੇ ਘਰੇਲੂ ਕਾਰੋਬਾਰੀਆਂ ਨੂੰ ਨਵੀਂ ਪਛਾਣ ਦੇ ਰਿਹਾ ਹੈ।
ਸਹਾਇਕ ਹੈਂਡੀਕਰਾਫਟ ਟ੍ਰੇਨਿੰਗ ਅਫਸਰ ਲਿਆਕਤ ਅਲੀ ਨੇ ਦੱਸਿਆ ਕਿ ਯੂਟੀ ਬਣਨ ਤੋਂ ਬਾਅਦ ਇੱਥੋਂ ਦੇ ਲੋਕਾਂ ਦੇ ਜੀਵਨ ਵਿੱਚ ਕਾਫੀ ਬਦਲਾਅ ਆਇਆ ਹੈ। ਹੁਣ ਇੱਕ ਨਵੀਂ ਪਛਾਣ ਦੇ ਨਾਲ ਇੱਥੋਂ ਦੇ ਘਰੇਲੂ ਕਾਰੋਬਾਰੀ ਦੇਸ਼ ਭਰ ਵਿੱਚ ਆਪਣੀ ਮੌਜੂਦਗੀ ਦਰਜ ਕਰਵਾ ਰਹੇ ਹਨ। ਇਸ ਵਾਰ ਚਾਰ ਔਰਤਾਂ ਇੱਥੇ ਆਪਣੇ ਉਤਪਾਦ ਲੈ ਕੇ ਆਈਆਂ ਹਨ।
ਉਨ੍ਹਾਂ ਦੱਸਿਆ ਕਿ ਲੱਦਾਖ ਦੇਸ਼ ਦਾ ਅਜਿਹਾ ਖੇਤਰ ਹੈ ਜਿੱਥੇ ਸਭ ਤੋਂ ਜ਼ਿਆਦਾ ਠੰਢ ਪੈਂਦੀ ਹੈ। ਜਿਸ ਕਾਰਨ ਉੱਥੋਂ ਯਾਕ ਦੀ ਉੱਨ ਤੋਂ ਬਣੇ ਸਵੈਟਰ, ਸ਼ਾਲ ਅਤੇ ਹੋਰ ਉਤਪਾਦ ਲੈ ਕੇ ਆਏ ਹਾਂਂ। ਇਸ ਤੋਂ ਇਲਾਵਾ ਬੱਕਰੀ ਦੀ ਪਸ਼ਮੀਨਾ ਕਿਸਮ ਕੇਵਲ ਲੱਦਾਖ ਦੇ ਸਭ ਤੋਂ ਉੱਪਰਲੇ ਖੇਤਰ ਵਿੱਚ ਹੀ ਮਿਲਦੀ ਹੈ। ਜਿਸ ਕਾਰਨ ਇੱਥੇ ਪਸ਼ਮੀਨਾ ਸ਼ਾਲ ਵੀ ਲਿਆਂਦੇ ਹਨ। ਇੱਥੇ ਆਪਣਾ ਸਟਾਲ ਲਗਾਉਣ ਵਾਲੇ ਸਾਦਿਕ ਅਲੀ ਨੇ ਦੱਸਿਆ ਕਿ ਆਮ ਤੌਰ ‘ਤੇ ਖੁਬਾਨੀ ਨੂੰ ਡਰਾਈ ਫਰੂਟ ਵਜੋਂ ਖਾਣ ਦਾ ਰੁਝਾਨ ਹੈ ਪਰ ਲੱਦਾਖ ਵਿੱਚ ਇਸਨੂੰ ਉਬਾਲ ਕੇ ਵੀ ਖਾਧਾ ਜਾਂਦਾ ਹੈ। ਜਿਸ ਕਾਰਨ ਅੰਮ੍ਰਿਤਸਰ ਵਿੱਚ ਲਗਾਏ ਗਏ ਸਟਾਲਾਂ ਵਿੱਚ ਲੋਕਾਂ ਨੂੰ ਖੁਬਾਨੀ ਦਾ ਨਵਾਂ ਸੁਆਦ ਪਰੋਸਿਆ ਜਾ ਰਿਹਾ ਹੈ।