ਬਰਨਾਲਾ, 5 ਦਸੰਬਰ,ਬੋਲੇ ਪੰਜਾਬ ਬਿਊਰੋ :
ਬਰਨਾਲਾ ਦੇ ਕਸਬਾ ਧਨੌਲਾ ਵਿਖੇ 24 ਸਾਲਾ ਮੰਗਲ ਸਿੰਘ ਪੁੱਤਰ ਗੁਰਪਾਲ ਸਿੰਘ ਵਾਸੀ ਦਾਨਗੜ੍ਹ ਰੋਡ ਧਨੌਲਾ ਦਾ ਬੀਤੀ ਰਾਤ ਮਾਮੂਲੀ ਤਕਰਾਰ ਕਾਰਨ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ।ਮ੍ਰਿਤਕ ਦੀ ਮਾਂ ਜਸਵੀਰ ਕੌਰ ਨੇ ਦੱਸਿਆ ਕਿ ਮੰਗਲ ਸਿੰਘ ਬੀਤੀ ਰਾਤ ਇਕ ਵਿਆਹ ਸਮਾਗਮ ’ਚ ਨੱਚ ਰਿਹਾ ਸੀ, ਜਿੱਥੇ ਉਸ ਦਾ ਇਕ ਨੌਜਵਾਨ ਨਾਲ ਮਾਮੂਲੀ ਗੱਲ ਕਾਰਨ ਤਕਰਾਰ ਹੋ ਗਿਆ।ਉਸ ਨੌਜਵਾਨ ਨੇ ਆਪਣੇ ਪਿਤਾ ਨੂੰ ਬੁਲਾਕੇ ਕਿਰਚ ਨੁਮਾ ਹਥਿਆਰ ਮੰਗਲ ਸਿੰਘ ਦੇ ਮਾਰ ਦਿੱਤਾ ਅਤੇ ਫ਼ਰਾਰ ਹੋ ਗਏ।
ਮੰਗਲ ਸਿੰਘ ਦੇ ਸਾਥੀਆਂ ਨੇ ਉਸ ਨੂੰ ਸਿਵਲ ਹਸਪਤਾਲ ਧਨੌਲਾ ਵਿਖੇ ਦਾਖ਼ਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਥਾਣਾ ਮੁਖੀ ਐੱਸ ਐੱਚ ਓ ਲਖਬੀਰ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਮੁਕਦਮਾ ਦਰਜ ਕਰਕੇ ਕਾਤਲਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।