ਐੱਸ.ਏ.ਐੱਸ. ਨਗਰ 5 ਦਸੰਬਰ ,ਬੋਲੇ ਪੰਜਾਬ ਬਿਊਰੋ :
ਇੱਥੋਂ ਨੇੜਲੇ ਪਿੰਡ ਸੋਹਾਣਾ ਵਿੱਚ ਸਥਿੱਤ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਕਾਰ ਸੇਵਾ ਲਈ ਦਾਨੀ ਸੱਜਣ ਵੱਲੋਂ ‘‘ਜੌਨ ਡੀਅਰ’’ ਟਰੈਕਟਰ ਭੇਂਟ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਸਵੇਰ ਵੇਲੇ ਇੱਕ ਦਾਨੀ ਸੱਜਣ ਇਹ ‘‘ਜੌਨ ਡੀਅਰ 5210’’ ਡੀ ਲੈਕਸ ਟਾਪ ਮਾਡਲ ਟਰੈਕਟਰ ਗੁਰਦੁਆਰਾ ਸਾਹਿਬ ਜੀ ਵਿਖੇ ਨਿਸ਼ਾਨ ਸਾਹਿਬ ਜੀ ਦੇ ਬਿਲਕੁੱਲ ਨੇੜੇ ਖੜ੍ਹਾ ਕਰਕੇ, ਦਫਤਰ ਵਿਖੇ ਪ੍ਰਬੰਧਕਾਂ ਨੂੰ ਚਾਬੀਆਂ ਸੌਂਪ ਕੇ ਚਲਾ ਗਿਆ। ਟਰੇਕਟਰ ਦੇ ਸਾਰੇ ਕਾਗਜਾਤ, ਬੀਮਾ ਆਦਿ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਨਾਮ ਤੇ ਹੈ ।
ਕਾਗਜਾਂ ਦੇ ਮੁਤਾਬਿਕ ਟਰੈਕਟਰ ਦੀ ਕੀਮਤ 14 ਲੱਖ 70 ਹਜ਼ਾਰ ਰੁਪਏ ਹੈ। ਦਾਨੀ ਸੱਜਣ ਵੱਲੋਂ ਟਰੇਕਟਰ ਤੇ ਲੱਗਣ ਵਾਲਾ ਸਾਰਾ ਸਮਾਨ ਵੀ ਲਗਵਾ ਕੇ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵੱਲੋਂ ਇਕੱਠੇ ਹੋ ਕੇ ਕੜਾਹ ਪ੍ਰਸ਼ਾਦਿ ਦੀ ਦੇਗ ਸਜਾ ਕੇ ਅਰਦਾਸੀਆ ਸਿੰਘ ਤੋਂ ਦਾਨੀ ਸੱਜਣ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾ ਦਿੱਤੀ ਗਈ ਹੈ ।
ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਇਸ ਮੌਕੇ ਦੱਸਿਆ ਕਿ ਸ਼ਹੀਦਾਂ ਦੇ ਇਸ ਅਸਥਾਨ ਦੀ ਸੰਗਤਾਂ ਵਿੱਚ ਬਹੁਤ ਮਾਨਤਾ ਹੈ । ਇਸ ਤੋਂ ਪਹਿਲਾਂ ਵੀ ਗੁਪਤ ਅਤੇ ਪ੍ਰਤੱਖ ਦਾਨੀ ਸੱਜਣਾਂ ਵੱਲੋਂ ਸਮੇਂ ਸਮੇਂ ਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਅਸਵਾਰਾ ਸਾਹਿਬ ਲਈ 3 ਏਅਰ ਕੰਡੀਸ਼ਨਡ ਬੱਸ, ਕਵਾਲਿਸ, ਸਕਾਰਪਿਓ, ਮਹਿੰਦਰਾ ਮਰਾਜੋ, 3 ਮਾਰੂਤੀ ਈਕੋ, ਮਾਰੂਤੀ ਵਰਸਾ ਗੱਡੀਆਂ ਭੇਂਟ ਕੀਤੀਆਂ ਗਈਆਂ ਹਨ। ਕਾਰ ਸੇਵਾ ਵਾਸਤੇ ਗੱਡੀਆਂ ਟਾਟਾ 207, ਟਾਟਾ 709, 2 ਮਹਿੰਦਰਾ ਅਰਜਨ ਟਰੈਕਟਰ, 3 ਸਵਰਾਜ ਟਰੈਕਟਰ, 1 ਫੋਰਡ ਟਰੈਕਟਰ, ਮਹਿੰਦਰਾ ਪਿੱਕ ਅੱਪ, ਮਹਿੰਦਰਾ ਯੂਟੀਲੀਟੀ, ਮਹਿੰਦਰਾ ਕੈਂਪਰ, ਮਹਿੰਦਰ ਮਿਨੀ ਟਰੱਕ 3200, ਮੈਕਸ ਪਿਕਅੱਪ, ਟਾਟਾ ਐੱਲ ਪੀ. ਟਰੱਕ, ਅਸ਼ੋਕਾ ਲੈ ਲੈਂਡ ਟਰੱਕ ਅਤੇ ਬੇਅੰਤ ਮਾਇਆ, ਸੋਨਾ ਆਦਿਕ ਭੇਂਟ ਕੀਤਾ ਜਾ ਚੁੱਕਿਆ ਹੈ ।