ਟੀਐਮਵੀਆਰ ਇੱਕ ਮਿਨੀਮਲ ਇਨਵੇਸਿਵ ਪ੍ਰਕਿਰਿਆ ਹੈ, ਜੋ ਇੱਕ ਛੋਟੇ ਚੀਰੇ ਦੁਆਰਾ ਕੈਥੇਟਰ ਦੀ ਵਰਤੋਂ ਕਰਕੇ ਕੀਤੀ ਜਾਂਦੀ ਹੈ। ਇਹ ਓਪਨ-ਹਾਰਟ ਸਰਜਰੀ ਦੀ ਲੋੜ ਨੂੰ ਖਤਮ ਕਰਦੀ ਹੈ, ਦਰਦ ਅਤੇ ਰਿਕਵਰੀ ਦੇ ਸਮੇਂ ਨੂੰ ਵੀ ਘਟਾਉਂਦੀ ਹੈ
ਚੰਡੀਗੜ੍ਹ, 4 ਦਸੰਬਰ, ਬੋਲੇ ਪੰਜਾਬ ਬਿਊਰੋ :
ਫੋਰਟਿਸ ਹਸਪਤਾਲ, ਮੋਹਾਲੀ ਨੇ ਇੱਕ 81 ਸਾਲਾ ਮਰੀਜ਼ ’ਤੇ ਟਰਾਂਸਕੈਥੇਟਰ ਮਾਈਟ੍ਰਲ ਵਾਲਵ ਰਿਪਲੇਸਮੈਂਟ (ਟੀਐਮਵੀਆਰ) ਦੀ ਸਫਲਤਾਪੂਰਵਕ ਪ੍ਰਕਿਰਿਆ ਕੀਤੀ ਹੈ, ਜੋ ਅਡਵਾਂਸਡ ਕਾਰਡੀਅਕ ਕੇਅਰ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਮਰੀਜ਼ ਨੂੰ ਗੰਭੀਰ ਮਾਈਟ੍ਰਲ ਰੀਗਰੀਟੇਸ਼ਨ (ਦਿਲ ਦੀ ਅਜਿਹੀ ਸਥਿਤੀ ਜੋ ਉਦੋਂ ਵਾਪਰਦੀ ਹੈ ਜਦੋਂ ਮਾਈਟ੍ਰਲ ਵਾਲਵ ਠੀਕ ਤਰ੍ਹਾਂ ਬੰਦ ਨਹੀਂ ਹੁੰਦਾ, ਜਿਸ ਨਾਲ ਦਿਲ ਦੇ ਉਪਰਲੇ ਚੈਂਬਰ ਵਿੱਚ ਖੂਨ ਦਾ ਵਹਾਅ ਹੁੰਦਾ ਹੈ) ਦਾ ਪਤਾ ਲੱਗਿਆ ਸੀ। ਉਹ ਸਾਹ ਫੁੱਲਣ ਅਤੇ ਥਕਾਵਟ ਵਰਗੇ ਲੱਛਣਾਂ ਦਾ ਅਨੁਭਵ ਕਰ ਰਿਹਾ ਸੀ ਅਤੇ ਦਵਾਈਆਂ ਤੋਂ ਸੀਮਤ ਅਰਾਮ ਮਿਲ ਰਿਹਾ ਸੀ। ਮਾਈਟ੍ਰਲ ਵਾਲਵ ਨੂੰ ਬਦਲਣਾ ਆਮ ਦਿਲ ਦੇ ਕੰਮ ਨੂੰ ਬਹਾਲ ਕਰਨ ਦਾ ਇੱਕੋ ਇੱਕ ਵਿਕਲਪ ਬਣ ਗਿਆ।
ਡਾ. ਅਰੁਣ ਕੋਛੜ, ਐਡੀਸ਼ਨਲ ਡਾਇਰੈਕਟਰ ਕਾਰਡੀਓਲੋਜੀ, ਫੋਰਟਿਸ ਹਸਪਤਾਲ, ਮੋਹਾਲੀ, ਨੇ ਆਪਣੀ ਟੀਮ ਦੇ ਨਾਲ ਸਫਲਤਾਪੂਰਵਕ ਇਹ ਪ੍ਰਕਿਰਿਆ ਕੀਤੀ, ਜਿਸ ਵਿੱਚ ਨੁਕਸਾਨੇ ਗਏ ਮਾਈਟ੍ਰਲ ਵਾਲਵ ਨੂੰ ਬਾਇਓਪ੍ਰੋਸਥੈਟਿਕ ਵਾਲਵ (ਪੋਰਸੀਨ ਟਿਸ਼ੂ, ਬੋਵਾਈਨ ਪੈਰੀਕਾਰਡੀਅਮ ਜਾਂ ਮਨੁੱਖੀ ਟਿਸ਼ੂ ਤੋਂ ਬਣਿਆ ਹਾਰਟ ਵਾਲਵ ਰਿਪਲੇਸਮੈਂਟ) ਤੋਂ ਬਦਲਣ ਲਈ ਅਤਿ-ਆਧੁਨਿਕ ਟੀਐਮਵੀਆਰ ਤਕਨੀਕਾਂ ਦੀ ਵਰਤੋਂ ਕੀਤੀ ਗਈ ਸੀ। ਇੱਕ ਛੋਟੇ ਜਿਹੇ ਚੀਰੇ ਦੁਆਰਾ ਕੈਥੇਟਰ ਦੀ ਵਰਤੋਂ ਕਰਕੇ ਕੀਤੀ ਗਈ, ਇਹ ਮਿਨੀਮਲ ਇਨਵੇਸਿਵ ਪ੍ਰਕਿਰਿਆ ਨੇ ਓਪਨ ਹਾਰਟ ਸਰਜਰੀ ਦੀ ਲੋੜ ਨੂੰ ਖਤਮ ਕਰ ਦਿੱਤਾ, ਜਿਸ ਨਾਲ ਦਰਦ ਅਤੇ ਰਿਕਵਰੀ ਦਾ ਸਮਾਂ ਘੱਟ ਹੋ ਗਿਆ।
ਇਹ ਤਕਨੀਕ ਖਾਸ ਤੌਰ ’ਤੇ ਉਹਨਾਂ ਮਰੀਜ਼ਾਂ ਲਈ ਲਾਹੇਵੰਦ ਹੈ, ਜੋ ਬਹੁਤ ਕਮਜ਼ੋਰ ਹਨ ਜਾਂ ਜਿਨ੍ਹਾਂ ਨੂੰ ਹੋਰ ਸਿਹਤ ਸਮੱਸਿਆਵਾਂ ਹਨ, ਜੋ ਓਪਨ-ਹਾਰਟ ਸਰਜਰੀ ਨੂੰ ਜੋਖਮ ਭਰਪੂਰ ਬਣਾਉਂਦੀਆਂ ਹਨ। ਟੀਐਮਵੀਆਰ ਦੀ ਵਰਤੋਂ ਲੀਕ ਹੋਣ ਵਾਲੇ ਮਾਈਟ੍ਰਲ ਵਾਲਵ ਜਾਂ ਇੱਕ ਸਖ਼ਤ ਵਾਲਵ ਦੇ ਇਲਾਜ ਲਈ ਕੀਤੀ ਜਾ ਸਕਦੀ ਹੈ, ਜੋ ਸਹੀ ਢੰਗ ਨਾਲ ਨਹੀਂ ਖੁੱਲ੍ਹਦਾ ਹੈ। ਪ੍ਰਕਿਰਿਆ ਦੀ ਸੁਰੱਖਿਆ ਅਤੇ ਪ੍ਰਭਾਵ ਬਾਰੇ ਨੂੰ ਮਰੀਜ਼ ਅਤੇ ਉਸਦੇ ਪਰਿਵਾਰ ਨੂੰ ਵਿਸਥਾਰ ਵਿੱਚ ਸਮਝਾਇਆ ਗਿਆ ਸੀ। ਪ੍ਰਕਿਰਿਆ ਦੇ ਬਾਅਦ, ਮਰੀਜ਼ ਨੇ ਮਹੱਤਵਪੂਰਨ ਸੁਧਾਰ ਦਿਖਾਇਆ, ਉਸਦੇ ਦਿਲ ਦਾ ਕੰਮ ਸਥਿਰ ਹੋ ਗਿਆ ਅਤੇ ਉਹ ਆਪਣੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਵਿੱਚ ਵਾਪਸ ਆ ਗਿਆ।
ਇਸ ਮਾਮਲੇ ’ਤੇ ਟਿੱਪਣੀ ਕਰਦੇ ਹੋਏ, ਡਾ. ਕੋਛੜ ਨੇ ਕਿਹਾ, ‘‘ਕਿ ਟੀਐਮਵੀਆਰ ਬਜ਼ੁਰਗ ਮਰੀਜ਼ਾਂ ਲਈ ਇੱਕ ਪਰਿਵਰਤਨਸ਼ੀਲ ਪ੍ਰਕਿਰਿਆ ਹੈ, ਜੋ ਗੰਭੀਰ ਮਾਈਟ੍ਰਲ ਵਾਲਵ ਦੀ ਬਿਮਾਰੀ ਤੋਂ ਪੀੜਤ ਹਨ। ਆਧੁਨਿਕ ਡਾਕਟਰੀ ਤਰੱਕੀ ਸਾਨੂੰ ਸੁਰੱਖਿਅਤ, ਮਿਨੀਮਲ ਇਨਵੇਵਿਸ ਇਲਾਜ ਪ੍ਰਦਾਨ ਕਰਨ ਦੇ ਯੋਗ ਬਣਾਉਂਦੀ ਹੈ, ਜਿਸ ਨਾਲ ਤੇਜ਼ ਰਿਕਵਰੀ ਅਤੇ ਚੰਗੇ ਨਤੀਜੇ ਨਿਕਲਦੇ ਹਨ। ਇਹ ਪ੍ਰਕਿਰਿਆ ਉਹਨਾਂ ਲੋਕਾਂ ਲਈ ਇੱਕ ਸ਼ਾਨਦਾਰ ਵਿਕਲਪ ਹੈ, ਜਿਨ੍ਹਾਂ ਕੋਲ ਪਹਿਲਾਂ ਸੀਮਤ ਇਲਾਜ ਵਿਕਲਪ ਸਨ, ਜਿਸ ਨਾਲ ਉਹ ਸਿਹਤਮੰਦ ਅਤੇ ਆਰਾਮਦਾਇਕ ਜੀਵਨ ਜੀਅ ਸਕਣ।’’
ਫੋਰਟਿਸ ਮੋਹਾਲੀ ਲਗਾਤਾਰ ਅਡਵਾਂਸਡ ਕਾਰਡਿਅਕ ਕੇਅਰ ਵਿੱਚ ਨਵੇਂ ਮਾਪਦੰਡ ਸਥਾਪਿਤ ਕਰ ਰਿਹਾ ਹੈ ਅਤੇ ਦਿਲ ਦੀਆਂ ਜਟਿਲ ਸਥਿਤੀਆਂ ਦੇ ਇਲਾਜ ਵਿੱਚ ਨਵੀਨਤਾ ਅਤੇ ਉੱਤਮਤਾ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ।