ਸੁਖਬੀਰ ਬਾਦਲ ਤੇ ਕਾਤਲਾਨਾ ਹਮਲਾ ਕਰਨ ਬਦਲੇ ਭਗਵੰਤ ਮਾਨ ਤੇ ਹੋਵੇ ਪਰਚਾ ਦਰਜ-ਪੁਰਖਾਲਵੀ
ਅਕਾਲੀ ਆਗੂ ਸ਼ਮਸ਼ੇਰ ਪੁਰਖਾਲਵੀ ਵੱਲੋਂ ਪਾਰਟੀ ਸੁਪਰੀਮੋ ਉੱਤੇ ਜਾਨਲੇਵਾ ਹਮਲੇ ਦੀ ਨਿਖੇਧੀ
ਮੁਹਾਲੀ 04 ਦਸੰਬਰ ,ਬੋਲੇ ਪੰਜਾਬ ਬਿਊਰੋ :
“ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਧਾਰਮਿਕ ਸੇਵਾ ਨੂੰ ਨਿਭਾਉਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਉੱਤੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਕਥਿਤ ਤੌਰ ਤੇ ਜਾਨਲੇਵਾ ਹਮਲੇ ਲਈ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਜਿਸ ਵਿਰੁੱਧ ਬਿਨਾਂ ਕਿਸੇ ਦੇਰੀ ਤੋਂ ਫ਼ੌਜਦਾਰੀ ਮਾਮਲਾ ਦਰਜ ਹੋਣਾ ਚਾਹੀਦਾ ਹੈ,” ਇਹ ਪ੍ਰਗਟਾਵਾ ਸ਼ੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਸ਼ਮਸ਼ੇਰ ਸਿੰਘ ਪੁਰਖਾਲਵੀ ਨੇ ਇੱਕ ਪ੍ਰੈਸ ਬਿਆਨ ਰਾਹੀਂ ਕੀਤਾ।
ਪ੍ਰੈਸ ਨੂੰ ਜਾਰੀ ਆਪਣੇ ਬਿਆਨ ਵਿੱਚ ਅਕਾਲੀ ਆਗੂ ਸ਼੍ਰੀ ਪੁਰਖਾਲਵੀ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ ਜਿਸ ਕਾਰਨ ਹੀ ਜੈੱਡ ਸੁਰੱਖਿਆ ਦੇ ਬਾਵਜੂਦ ਵੀ ਪਾਰਟੀ ਸੁਪਰੀਮੋ ਉੱਤੇ ਜਾਨ ਲੇਵਾ ਹਮਲੇ ਨੂੰ ਬੇਖੌਫ ਅੰਜਾਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਾਨੂੰ ਵਿਵਸ਼ਥਾ ਦਰੁਸਤ ਰੱਖਣ ਦੀ ਜਿੰਮੇਵਾਰੀ ਰਾਜ ਦੇ ਗ੍ਰਹਿ ਮੰਤਰੀ ਦੀ ਹੈ ਜੋਕਿ ਆਪਣੀ ਡਿਊਟੀ ਨਿਭਾਉਣ ਦੀ ਬਜਾਏ ਵਿਰੋਧੀਆਂ ਨੂੰ ਖਤਮ ਕਰਕੇ ਵੋਟਾਂ ਬਟੋਰਨ ਵਿੱਚ ਲੱਗਾ ਹੋਇਆ ਹੈ। ਅਕਾਲੀ ਆਗੂ ਨੇ ਦੇਸ਼ ਦੇ ਗ੍ਰਹਿਮੰਤਰੀ ਸ਼੍ਰੀ ਅਮਿਤ ਸ਼ਾਹ ਤੋਂ ਮੰਗ ਕੀਤੀ ਕਿ ਮੁੱਖ ਮੰਤਰੀ ਉੱਤੇ ਤੁਰੰਤ ਮਾਮਲਾ ਦਰਜ ਕਰਨ ਸੰਬੰਧੀ ਆਦੇਸ਼ ਜਾਰੀ ਕਰਨ।
ਸ਼੍ਰੀ ਪੁਰਖਾਲਵੀ ਨੇ ਕਿਹਾ ਕਿ ਬੜੇ ਹੀ ਦੁੱਖ ਅਤੇ ਚਿੰਤਾ ਦੀ ਗੱਲ ਹੈ ਕਿ ਸਿੱਖਾਂ ਦੇ ਮੁਕੱਦਸ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਇਹ ਕਾਤਲਾਨਾ ਹਮਲਾ ਸ਼ੁਖਬੀਰ ਬਾਦਲ ਨਹੀਂ ਬਲਕਿ ਗੁਰੂ ਘਰ ਵਿਖੇ ਸੇਵਾ ਨਿਭਾ ਰਹੇ ਇੱਕ ਗੁਰੂ ਦੇ ਨਿਮਾਣੇ ਸਿੱਖ ਉੱਤੇ ਹੋਇਆ ਹੈ ਜਿਸ ਦੀ ਸਮੁੱਚੇ ਜਗਤ ਨੂੰ ਨਿੰਦਾ ਕਰਨੀ ਬਣਦੀ ਹੈ। ਸ਼੍ਰੀ ਪੁਰਖਾਲਵੀ ਨੇ ਇਸ ਕੁਲਿਹਣੀ ਅਤੇ ਅਤਿ ਖਤਰਨਾਕ ਘਟਨਾ ਦੌਰਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਿਨ੍ਹਾਂ ਕਿਸੇ ਘਬਰਾਹਟ ਜਾਂ ਡਰ ਤੋਂ ਸੇਵਾਦਾਰ ਵੱਜੋਂ ਆਪਣੀ ਸੇਵਾ ਨਿਰੰਤਰ ਜਾਰੀ ਰੱਖੀ ਗਈ ਜੋਕਿ ਸ੍ਰੀ ਸੁਖਬੀਰ ਸਿੰਘ ਵੱਲੋਂ ਆਪਣੇ ਗੁਰੂ ਨੂੰ ਸਮਰਪਿਤ ਭਾਵਨਾ ਦੀ ਖੁੱਲ੍ਹੇਆਮ ਤਰਜ਼ਮਾਨੀ ਕਰਦਾ ਹੈ। ਸੁਖਬੀਰ ਦੀ ਇਸ ਸਮਰਪਿਤ ਅਤੇ ਨਿਮਰਤਾ ਭਾਵਨਾ ਬਾਰੇ ਸਮੁੱਚੇ ਸਿੱਖ ਜਗਤ ਵਿੱਚ ਪ੍ਰਸੰਸਾ ਕੀਤੀ ਜਾ ਰਹੀ ਹੈ।
ਅਕਾਲੀ ਆਗੂ ਸ੍ਰੀ ਪੁਰਖਾਲਵੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਤੋਂ ਮੰਗ ਕੀਤੀ ਕਿ ਇਸ ਘਿਨਾਉਣੀ ਘਟਨਾ ਨੂੰ ਅੰਜਾਮ ਦੇਣ ਅਤੇ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਤੁਰੰਤ ਕੋਈ ਸਖ਼ਤ ਆਦੇਸ਼ ਜਾਰੀ ਕੀਤਾ ਜਾਵੇ ਤਾਂ ਜੋ ਵਿਸ਼ਵਭਰ ਵਿੱਚ ਸਹੀ ਸੁਨੇਹਾ ਦਿੱਤਾ ਜਾ ਸਕੇ।