ਅੰਮ੍ਰਿਤਸਰ, 4 ਦਸੰਬਰ,ਬੋਲੇ ਪੰਜਾਬ ਬਿਊਰੋ :
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਘੰਟਾ ਘਰ ਡਿਉਢੀ ਦੇ ਬਾਹਰਵਾਰ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ। ਅੱਜ ਜਦ ਉਹ ਤਨਖਾਹ ਲੱਗੀ ਹੋਈ ਸੇਵਾ ਕਰ ਰਹੇ ਸੀ ਇਸ ਸੇਵਾ ਦੌਰਾਨ ਉਹਨਾਂ ਉੱਤੇ ਜਾਨਲੇਵਾ ਹਮਲਾ ਹੋਇਆ। ਮੌਕੇ ‘ਤੇ ਸੇਵਾਦਾਰਾਂ ਤੇ ਸਿਕਿਓਰਟੀ ਵੱਲੋਂ ਮੁਸ਼ਤੈਦੀ ਵਰਤਦਿਆਂ ਹੋਇਆਂ ਉਹ ਗੋਲੀ ਉਹਨਾਂ ‘ਤੇ ਨਹੀਂ ਲੱਗੀ ਪਰ ਉਹ ਗੋਲੀ ਚਰਨ ਕੁੰਡ ਵਿੱਚ ਜਿਥੇ ਸੰਗਤ ਆਪਣੇ ਚਰਨ ਧੋ ਕੇ ਪਰਿਕਰਮਾ ਦੇ ਵਿੱਚ ਪ੍ਰਵੇਸ਼ ਕਰਦੀ ਹੈ ਉੱਥੇ ਜਾ ਕੇ ਉਹ ਗੋਲੀ ਲੱਗੀ ਹੈ। ਇਹ ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਨਹੀਂ ਹੈ। ਇਹ ਹਮਲਾ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਲੱਗੀ ਹੋਈ ਸੇਵਾ ਦੌਰਾਨ ਘੰਟਾ ਘਰ ਡਿਉਢੀ ਦੇ ਬਾਹਰ ਵਾਰ ਸੇਵਾ ਕਰ ਰਹੇ ਡਿਊਟੀ ਕਰ ਰਹੇ ਉਸ ਸੇਵਾਦਾਰ ‘ਤੇ ਹੋਇਆ ਹੈ ਜੋ ਸੇਵਾਦਾਰ ਦਾ ਨੀਲਾ ਚੋਲਾ ਪਾ ਕੇ ਹੱਥ ਵਿੱਚ ਬਰਛਾ ਫੜ ਕੇ ਘੰਟਾ ਘਰ ਦੇ ਬਾਹਰ ਸੇਵਾ ਕਰ ਰਿਹਾ ਸੀ। ਇਸ ਦੀ ਅਸੀਂ ਘੋਰ ਨਿੰਦਾ ਕਰਦੇ ਹਾਂ।ਉਨ੍ਹਾਂ ਸਰਕਾਰ ਨੂੰ ਤਾੜਨਾ ਕਰਦਿਆਂ ਮੰਗ ਕੀਤੀ ਕਿ ਇਸਦੇ ਪਿੱਛੇ ਕੌਣ ਹੈ, ਸਾਰਾ ਵਰਤਾਰਾ ਕਿਉਂ ਵਾਪਰਿਆ ਉਸ ਦੀ ਮੁਕੰਮਲ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇ। ਇਸ ਮੌਕੇ ਉਹਨਾਂ ਦੇ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਵੀ ਮੌਜੂਦ ਸਨ।