ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਧਾਰਮਿਕ ਸਮਾਗਮ ਅਤੇ ਵਿਸ਼ਾਲ ਖੂਨਦਾਨ ਕੈਂਪ ਵਿੱਚ 1678 ਯੂਨਿਟ ਖੂਨ ਇਕੱਤਰ

ਪੰਜਾਬ


ਮੁਹਾਲੀ 3 ਦਸੰਬਰ ,ਬੋਲੇ ਪੰਜਾਬ ਬਿਊਰੋ :

ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਧੰਨ ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਗਿਆ। ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸਵੇਰੇ 9:00 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਇਸ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਧਾਰਮਿਕ ਸਮਾਗਮ ਵਿੱਚ ਭਾਈ ਬਲਬੀਰ ਸਿੰਘ ਪਾਰਸ ਅੰਮਿ੍ਰਤਸਰ ਵਾਲਿਆਂ ਦੇ ਇੰਟਰਨੈਸ਼ਨਲ ਢਾਡੀ ਜੱਥੇ ਨੇ ਧੰਨ ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦਾ ਜੀਵਨ ਬਿ੍ਰਤਾਂਤ ਅਤੇ ਉਨ੍ਹਾਂ ਦੁਆਰਾ ਦੇਸ਼, ਕੌਮ ਅਤੇ ਧਰਮ ਖਾਤਰ ਅੰਗਰੇਜਾਂ ਨਾਲ ਕੀਤੀ ਜੰਗ ਵਿੱਚ ਇਸ ਅਸਥਾਨ ਤੇ ਹਜ਼ਾਰਾਂ ਸਿੰਘਾਂ ਸਮੇਤ ਸ਼ਹੀਦੀ ਪ੍ਰਾਪਤ ਕਰਨ ਦਾ ਪੂਰਾ ਪ੍ਰਸੰਗ ਸੰਗਤਾਂ ਨੂੰ ਢਾਡੀ ਵਾਰਾਂ ਵਿੱਚ ਵਿਸਥਾਰ ਸਹਿਤ ਸੁਣਾਇਆ।  ਭਾਈ ਕਰਨੈਲ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੀ ਅੰਮਿ੍ਰਤਸਰ ਵਾਲਿਆਂ ਦੇ ਜੱਥੇ ਨੇ ਆਪਣੇ ਰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ ।

Screenshot

ਇਸ ਤੋਂ ਇਲਾਵਾ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ, ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੀ ਅੰਮਿ੍ਤਸਰ ਵਾਲੇ, ਬਾਬਾ ਬੰਤਾ ਸਿੰਘ ਜੀ ਭਾਈ ਬਿਧੀ ਚੰਦ ਸੰਪ੍ਰਦਾਇ, ਮੀਰੀ ਪੀਰੀ ਖਾਲਸਾ ਜੱਥਾ ਜਗਾਧਰੀ ਵਾਲੇ, ਬੀਬੀ ਦਲੇਰ ਕੌਰ ਖਾਲਸਾ ਅਤੇ ਨਕੋਦਰ ਵਾਲੀਆਂ ਬੀਬੀਆਂ ਦਾ ਇੰਟਰਨੈਸ਼ਨਲ ਢਾਡੀ ਜੱਥਾ, ਸ਼ੋ੍ਰਮਣੀ ਪ੍ਰਚਾਰਕ ਭਾਈ ਸੰਦੀਪ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ, ਸ਼ੋ੍ਰਮਣੀ ਪ੍ਰਚਾਰਕ ਭਾਈ ਜਰਨੈਲ ਸਿੰਘ ਜੀ ਲੁਧਿਆਣਾ ਵਾਲੇ, ਭਾਈ ਕੁਲਦੀਪ ਸਿੰਘ ਜੀ, ਭਾਈ ਗੁਰਮੀਤ ਸਿੰਘ, ਭਾਈ ਇੰਦਰਜੀਤ, ਭਾਈ ਅਮਰਜੀਤ ਸਿੰੰਘ ਖਾਲਸਾ ਅਤੇ ਭਾਈ ਸੁਖਵਿੰਦਰ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕੀਤਾ।  ਸਾਰੇ ਜੱਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।  ਹਰ ਵਿਭਾਗ ਦੇ ਮਾਹਿਰ ਡਾਕਟਰਾਂ ਦੁਆਰਾ ਮਰੀਜ਼ਾਂ ਦਾ ਮੁਆਇਨਾ ਕੀਤਾ ਗਿਆ ਅਤੇ ਦਵਾਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਗਈ। ਅੱਖਾਂ ਦੇ ਫਰੀ ਚੈੱਕਅੱਪ ਅਤੇ ਆਪਰੇਸ਼ਨ ਕੈਂਪ ਵਿੱਚ ਮਾਹਿਰ ਡਾਕਟਰਾਂ ਵਲੋਂ ਵੱਡੀ ਗਿਣਤੀ ਵਿੱਚ ਮਰੀਜਾਂ ਦੀਆਂ ਅੱਖਾਂ ਦਾ ਮੁਆਇਨਾ ਕੀਤਾ ਗਿਆ, ਲੋੜਵੰਦ ਮਰੀਜਾਂ ਦੇ ਅੱਖਾਂ ਦੇ ਅਪਰੇਸ਼ਨ ਪ੍ਰਬੰਧਕ ਕਮੇਟੀ ਵਲੋ ਕਰਵਾਏ ਜਾਣਗੇ। ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸ੍ਰੀ ਦਰਬਾਰ ਸਾਹਿਬ ਜੀ ਦੀ ਅੰਦਰੋਂ ਵਿਸ਼ੇਸ਼ ਰੂਪ ਨਾਲ ਫੁੱਲਾਂ ਨਾਲ ਸਜਾਵਟ ਕੀਤੀ ਗਈ ਸੀ। ਸ੍ਰੀ ਦਰਬਾਰ ਸਾਹਿਬ ਜੀ ਨੂੰ ਬਾਹਰੋਂ ਅਤੇ ਗੇਟ ਤੱਕ ਦੇ ਰਸਤੇ ਨੂੰ ਰੰਗ ਬਿਰੰਗੀਆਂ ਲਾਈਟਾਂ ਨਾਲ ਬਹੁਤ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ । ਜਨਮ ਦਿਹਾੜੇ ਦੀ ਖੁਸ਼ੀ ਵਿੱਚ ਹਜਾਰਾਂ ਸੰਗਤਾਂ ਨੇ ਇਸ ਸਥਾਨ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ। ਕਈ ਤਰ੍ਹਾਂ ਦੀਆਂ ਮਿਠਾਈਆਂ, ਪਕਵਾਨਾਂ ਅਤੇ ਗੁਰੂ ਕਾ ਲੰਗਰ ਸੰਗਤਾਂ ਨੂੰ ਸਾਰਾ ਦਿਨ ਅਤੁੱਟ ਵਰਤਾਇਆ ਗਿਆ ।
ਬ੍ਰਹਮਲੀਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਬਚਨਾਂ ਸਦਕਾ ਧੰਨ ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੀ ਯਾਦ ਵਿੱਚ ਸਮੂਹ ਮਾਨਵਤਾ ਦੇ ਭਲੇ ਲਈ ਵਿਸ਼ਾਲ ਖੂਨਦਾਨ ਕੈਂਪ ਦੀ ਅਰੰਭਤਾ ਸਵੇਰੇ 8:00 ਵਜੇ ਕੀਤੀ ਗਈ । ਇਸ ਖੂਨਦਾਨ ਕੈਂਪ ਵਿੱਚ ਪੀ ਜੀ ਆਈ, ਜਨਰਲ ਹਸਪਤਾਲ ਸੈਕਟਰ 16, ਸਰਕਾਰੀ ਹਸਪਤਾਲ ਸੈਕਟਰ 32, ਰੋਟਰੀ ਬਲੱਡ ਬੈਂਕ ਸੈਕਟਰ 37, ਸ੍ਰੀ ਗੁਰੂ ਹਰਿਕਿ੍ਰਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਸੋਹਾਣਾ, ਸਿਵਲ ਹਸਪਤਾਲ ਮੋਹਾਲੀ, ਸਿਵਲ ਹਸਪਤਾਲ ਖਰੜ, ਮੈਕਸ ਹਸਪਤਾਲ ਮੋਹਾਲੀ ਅਤੇ ਆਈ ਵੀ ਵਾਈ ਹਸਪਤਾਲ ਦੇ ਬਲੱਡ ਬੈਂਕ ਦੀਆਂ ਟੀਮਾਂ ਨੇ ਲੋੜਵੰਦਾਂ ਵਾਸਤੇ ਖੂਨ ਇਕੱਤਰ ਕੀਤਾ। ਸ਼ਰਧਾਲੂਆਂ ਵਿੱਚ ਖੂਨਦਾਨ ਕਰਨ ਲਈ ਬਹੁਤ ਹੀ ਜਿਆਦਾ ਉਤਸ਼ਾਹ ਸੀ । ਇਨ੍ਹਾਂ ਸਾਰੀਆਂ ਬਲੱਡ ਬੈਂਕਾਂ ਦੀਆਂ ਟੀਮਾਂ ਵੱਲੋਂ ਕੁੱਲ 1678 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਦੌਰਾਨ ਸਾਰੇ ਖੂਨਦਾਨੀਆਂ ਨੂੰ ਹਰ ਵਾਰ ਦੀ ਤਰ੍ਹਾਂ ਪ੍ਰਬੰਧਕ ਕਮੇਟੀ ਵੱਲੋਂ ਦੇਸੀ ਘਿਓ ਦੀ ਪੰਜੀਰੀ, ਸਨਮਾਨ ਚਿੰਨ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ।

ਇਸ ਖੂਨਦਾਨ ਕੈਂਪ ਵਿੱਚ ਸੰਤ ਬਾਬਾ ਮਹਿੰਦਰ ਸਿੰਘ ਜੀ ਲੰਬਿਆਂ ਵਾਲੇ, ਸੰਤ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲੇ, ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਅਤੇ  ਕਈ ਸੰਤ, ਮਹਾਂ ਪੁਰਸ਼ਾਂ ਨੇ ਖੂਨਦਾਨੀਆਂ ਨੂੰ ਆਪ ਆ ਕੇ ਆਸ਼ੀਰਵਾਦ ਦਿੱਤਾ।  ਕਈ ਉੱਘੇ ਸਿਆਸੀ ਆਗੂ, ਧਾਰਮਿਕ ਸਖਸ਼ੀਅਤਾਂ, ਪਿੰਡ ਅਤੇ ਇਲਾਕੇ ਦੇ ਪਤਵੰਤੇ ਸੱਜਣ ਉਚੇਚੇ ਤੌਰ ਤੇ ਇਸ ਖੂਨਦਾਨ ਕੈਂਪ ਵਿੱਚ ਖੂਨਦਾਨੀਆਂ ਦੀ ਹੌਸਲਾ ਅਫਜਾਈ ਕਰਨ ਲਈ ਪੁੱਜੇ ਹੋਏ ਸਨ। ਸਮੂਹ ਖੂਨਦਾਨੀਆਂ, ਡਾਕਟਰਾਂ ਅਤੇ ਆਏ ਹੋਏ ਪਤਵੰਤੇ ਸੱਜਣਾਂ ਦਾ ਭਾਈ ਜਗਮੋਹਣ ਸਿੰਘ ਕਾਹਲੋਂ, ਭਾਈ ਸੁਰਜੀਤ ਸਿੰਘ ਜੀ, ਸ ਪਰਵਿੰਦਰ ਸਿੰਘ ਸੋਹਾਣਾ ਹਲਕਾ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ ਮੋਹਾਲੀ ਅਤੇ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।  ਇਸ ਸਾਰੇ ਸਮਾਗਮ ਦਾ ਕਈ ਟੀ ਵੀ ਚੈਨਲਾਂ ਵੱਲੋਂ ਸਿੱਧਾ ਪ੍ਰਸਾਰਣ ਕੀਤਾ ਗਿਆ।  
ਪ੍ਰਬੰਧਕ ਕਮੇਟੀ ਦੇ ਮੁੱਖੀ ਸ. ਹਰਜਿੰਦਰ ਸਿੰਘ ਅਤੇ ਸ ਸਤਵਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਖੂਨਦਾਨ ਮਹਾਂ ਦਾਨ ਹੈ। ਉਨ੍ਹਾਂ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਕਿ ਅਨਮੋਲ ਜਿੰਦਗੀਆਂ ਨੂੰ ਲੋੜ ਪੈਣ ਤੇ ਖੂਨ ਦੇ ਕੇ ਬਚਾਇਆ ਜਾ ਸਕੇ । ਉਨ੍ਹਾਂ ਨੇ ਇਸ ਦੇ ਨਾਲ ਨਾਲ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਪ੍ਰੇਰਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਇਸ ਦੇ ਨਾਲ ਨਾਲ ਨਸ਼ਿਆਂ ਤੋਂ ਵੀ ਬਚਾਅ ਰੱਖਣਾ ਚਾਹੀਦਾ ਹੈ ਤਾਂ ਜੋ ਇੱਕ ਸਿਹਤਮੰਦ ਅਤੇ ਨਰੋਏ ਸਮਾਜ ਦਾ ਨਿਰਮਾਣ ਹੋ ਸਕੇ।  ਉਨ੍ਹਾਂ ਨੇ ਦੱਸਿਆ ਕਿ ਸਮਾਜ ਦੀ ਭਲਾਈ ਲਈ ਲੋਕਾਂ ਨੂੰ ਡਾਕਟਰੀ ਸਹੂਲਤ ਮੁਹੱਈਆ ਕਰਾਉਣ ਅਤੇ ਬਿਮਾਰੀਆਂ ਬਾਰੇ ਜਾਗਰੂਕ ਕਰਨਾ ਅੱਜ ਸਮੇਂ ਦੀ ਮੁੱਖ ਲੋੜ ਹੈ । ਆਉਣ ਵਾਲੇ ਸਮੇਂ ਵਿੱਚ ਵੀ ਸਮੂਹ ਮਾਨਵਤਾ ਦੇ ਭਲੇ ਲਈ ਖੂਨਦਾਨ ਕੈਂਪ ਅਤੇ ਫਰੀ ਮੈਡੀਕਲ ਕੈਂਪਾਂ ਦਾ ਇਸ ਅਸਥਾਨ ਤੇ ਆਯੋਜਨ ਕੀਤਾ ਜਾਂਦਾ ਰਹੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।