ਅੰਮ੍ਰਿਤਸਰ 3 ਦਸੰਬਰ ,ਬੋਲੇ ਪੰਜਾਬ ਬਿਊਰੋ:
ਤਖ਼ਤ ਸਾਹਿਬਾਨ ਦੇ ਜਥੇਦਾਰਾਂ ਵਲੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਬਾਰੇ ਦਿੱਤੇ ਫੈਸਲੇ ਤੇ ਅਮਲ ਕਰਦਿਆਂ ਗਿਆਨੀ ਗੁਰਮੁਖ ਸਿੰਘ ਦੀ ਬਦਲੀ ਮੁਕਤਸਰ ਸਾਹਿਬ ਵਿਖੇ ਕਰ ਦਿੱਤੀ ਹੈ ਅਤੇ ਗਿਆਨੀ ਗੁਰਬਚਨ ਸਿੰਘ ਨੂੰ ਧਰਮ ਪ੍ਰਚਾਰ ਲਈ ਦਿੱਤੀਆਂ ਦੋ ਗੱਡੀਆਂ ਤੇ ਤਿੰਨ ਸੇਵਾਦਾਰਾਂ ਨੂੰ ਵੀ ਵਾਪਸ ਬੁਲਾ ਲਿਆ ਹੈ। ਅੱਜ ਇਹ ਜਾਣਥਾਰੀ ਦਿੰਦੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ ਭਗਵੰਤ ਸਿੰਘ ਧੰਗੇੜਾ ਨੇ ਦਸਿਆ ਕਿ ਬੀਤੇ ਕਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਤਿਹਾਸਕ ਫਸੀਲ ਤੋ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸ਼ੋ੍ਰਮਣੀ ਕਮੇਟੀ ਨੂੰ ਨਿਰਦੇਸ਼ ਦਿੱਤਾ ਸੀ ਕਿ ਇਨਾਂ ਦੋਹਾਂ ਜਥੇਦਾਰਾਂ ਨੇ ਆਪਣਾ ਸ਼ਪਸ਼ਟੀਕਰਨ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਭੇਜਿਆ ਹੈ ਉਹ ਤਸਲੀਬਖਸ਼ ਨਹੀ ਹੈ। ਇਸ ਲਈ ਇਨਾਂ ਦੋਹਾਂ ਤੇ ਕਾਰਵਾਈ ਕਰਨ ਦਾ ਆਦੇਸ਼ ਸੀ। ਜਥੇਦਾਰ ਨੇ ਅੱਜ ਦੁਪਿਹਰ 12 ਵਜੇ ਤਕ ਗਿਆਨੀ ਗੁਰਬਚਨ ਸਿੰਘ ਨੂੰ ਸ਼ੋ੍ਰਮਣੀ ਕਮੇਟੀ ਵਲੋ ਦਿੱਤੀਆਂ ਸਾਰੀਆਂ ਸਹੂਲਤਾਂ ਵਾਪਸ ਲੈਣ ਲਈ ਕਿਹਾ ਸੀ ਜਿਸ ਤੋ ਬਾਅਦ ਬੀਤੀ ਰਾਤ ਹੀ ਅਸੀ ਗਿਆਨੀ ਗੁਰਬਚਨ ਸਿੰਘ ਦੀ ਰਿਹਾਇਸ਼ ਤੇ ਜਾ ਕੇ ਉਨਾਂ ਨੂੰ ਧਰਮ ਪ੍ਰਚਾਰ ਲਈ ਦਿੱਤੀਆਂ ਦੋ ਗੱਡੀਆਂ ਤੇ ਤਿੰਨ ਸੇਵਾਦਾਰ ਵਾਪਸ ਲੈ ਲਏ ਸਨ। ਇਸੇ ਤਰਾਂ ਨਾਲ ਗਿਆਨੀ ਗੁਰਮੁਖ ਸਿੰਘ ਦੀ ਬਦਲੀ ਅੰਮ੍ਰਿਤਸਰ ਤੋ ਬਾਹਰ ਕਰਨ ਦਾ ਆਦੇਸ਼ ਸੀ ਇਸ ਲਈ ਗਿਆਨੀ ਗੁਰਮੁਖ ਸਿੰਘ ਦੀ ਬਦਲੀ ਮੁਕਤਸਰ ਸਾਹਿਬ ਵਿਖੇ ਕਰ ਦਿੱਤੀ ਗਈ ਹੈ।