ਐੱਸ ਏ ਐੱਸ ਨਗਰ ,2 ਦਸੰਬਰ ,ਬੋਲੇ ਪੰਜਾਬ ਬਿਊਰੋ :
ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਬੁੱਢਾ ਦਲ ਦੇ ਸੱਤਵੇਂ ਜੱਥੇਦਾਰ ਅਤੇ ਜੰੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਵਿਸ਼ਾਲ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ ਗਿਆ । ਇਹ ਪ੍ਰਭਾਤ ਫੇਰੀ ਨਿਤਨੇਮ ਦੀ ਅਰਦਾਸ ਉਪਰੰਤ ਸਵੇਰੇ 5:30 ਵਜੇ ਅਰੰਭ ਹੋ ਕੇ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਦੇ ਅਸਥਾਨ ਹੰਸਾਲੀ ਖੇੜਾ (ਫਤਹਿਗੜ੍ਹ ਸਾਹਿਬ) ਵਿਖੇ ਸਮਾਪਤ ਹੋਈ । ਇਸ ਪ੍ਰਭਾਤ ਫੇਰੀ ਵਿੱਚ ਇਲਾਕੇ ਦੀਆਂ ਕਈ ਉੱਘੀਆਂ ਸਖਸ਼ੀਅਤਾਂ ਵਿਸ਼ੇਸ਼ ਤੌਰ ਤੇ ਪਹੁੰਚੀਆਂ ਹੋਈਆਂ ਸਨ ।
ਇਸ ਪ੍ਰਭਾਤ ਫੇਰੀ ਵਿੱਚ ਸੰਗਤ ਬੱਸਾਂ, ਕਾਰਾਂ, ਟਰੱਕਾਂ, ਟਰੈਕਟਰ-ਟਰਾਲੀਆਂ, ਸਕੂਟਰਾਂ, ਮੋਟਰਸਾਈਕਲਾਂ ਰਾਹੀੱ ਸ਼ਾਮਲ ਹੋ ਕੇ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀ ਸੀ । ਇਸ ਪ੍ਰਭਾਤ ਫੇਰੀ ਵਿੱਚ ਕੀਰਤਨੀ ਜੱਥੇ ਕੀਰਤਨ ਕਰਕੇ ਸੰਗਤਾਂ ਨੂੰ ਹਰਿ ਜਸ ਸਰਵਣ ਕਰਵਾ ਰਹੇ ਸਨ । ਰਸਤੇ ਵਿੱਚ ਸੰਗਤਾਂ ਵੱਲੋਂ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ । ਇਹ ਪ੍ਰਭਾਤ ਫੇਰੀ ਸਵੇਰੇ 8 ਵਜੇ ਦੇ ਕਰੀਬ ਹੰਸਾਲੀ ਸਾਹਿਬ ਪੁੱਜੀ। ਸੰਤ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੇ ਉਚੇਚੇ ਤੌਰ ਤੇ ਪ੍ਰਭਾਤ ਫੇਰੀ ਵਿੱਚ ਆਉਣ ਵਾਲੀਆਂ ਸੰਗਤਾਂ ਦੇ ਦਰਸ਼ਨ ਕੀਤੇ ।
ਇਸ ਮੋਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦਾ ਜਨਮ ਦਿਹਾੜਾ 3 ਦਸੰਬਰ ਨੂੰ ਇਸ ਅਸਥਾਨ ਤੇ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਜਾ ਰਿਹਾ ਹੈ । ਇਸ ਦਿਨ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਇਸ ਉਪਰੰਤ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਬੀਬੀ ਦਲੇਰ ਕੌਰ ਖਾਲਸਾ ਪੰਡੋਰੀ ਖਾਸ ਵਾਲਿਆਂ ਦਾ ਇੰਟਰਨੈਸ਼ਨਲ ਦਾ ਪੰਥਕ ਢਾਡੀ ਜੱਥਾ, ਭਾਈ ਬਲਬੀਰ ਸਿੰਘ ਪਾਰਸ ਅਤੇ ਅੰਮ੍ਰਿਤਸਰ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ, ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਜੀ , ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਜੀ ਬਾਬਾ ਬੰਤਾ ਸਿੰਘ ਜੀ ਬਿੱਧੀ ਸੰਪ੍ਰਦਾਇ, ਮੀਰੀ ਪੀਰੀ ਖਾਲਸਾ ਜੱਥਾ ਜਗਾਧਰੀ ਵਾਲੇ, ਭਾਈ ਜਰਨੈਲ ਸਿੰਘ ਜੀ ਲੁਧਿਆਣੇ ਵਾਲੇ ਅਤੇ ਉੱਚ ਕੋਟੀ ਦੇ ਪੰਥ ਪ੍ਰਸਿੱਧ ਪ੍ਰਚਾਰਕ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕਰਨਗੇ । ਇਸ ਦਿਨ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਸਵੇਰੇ 8:00 ਵਜੇ ਤੋਂ ਸ਼ਾਮ 6:00 ਵਜੇ ਤੱਕ ਕੀਤਾ ਜਾਵੇਗਾ। ਗੁਰੂ ਕਾ ਲੰਗਰ ਸਾਰਾ ਦਿਨ ਅਤੁੱਟ ਵਰਤਾਇਆ ਜਾਵੇਗਾ ਜੀ।