ਮੋਹਾਲੀ 2 ਦਸੰਬਰ ,ਬੋਲੇ ਪੰਜਾਬ ਬਿਊਰੋ :
ਮੋਹਾਲੀ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ਦੇ ਉਦਘਾਟਨ ਨੂੰ ਲੈ ਕੇ ਚਲ ਰਹੀ ਸਿਆਸੀ ਗਰਮੀ ਦੇ ਦੌਰਾਨ ਸ਼ਹੀਦ ਭਗਤ ਸਿੰਘ ਦੇ ਬੁੱਤ ਤੋਂ ਪਰਦਾ ਹਟਾਉਣ ਲਈ ਹਵਾਈ ਅੱਡੇ ਵੱਲ ਜਾ ਰਹੇ ਭਾਜਪਾ ਆਗਆਂ ਨੂੰ ਪੁਲੀਸ ਨੂੰ ਏਅਰਪੋਰਟ ਚੈਕਿੰਗ ਤੇ ਰੋਕ ਲਿਆ ਅਤੇ ਹਿਰਾਸਤ ਵਿੱਚ ਲੈ ਲਿਆ।
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੈਂਬਰਾਂ ਨੇ ਬੀਤੇ ਵੀਰਵਾਰ ਨੂੰ ਹਵਾਈ ਅੱਡੇ ਤੇ ਪਹੁੰਚ ਕੇ ਸ਼ਹੀਦ- ਏ-ਆਜ਼ਮ ਭਗਤ ਸਿੰਘ ਦੇ ਬੁੱਤ ਨੂੰ 72 ਘੰਟਿਆਂ ਦੇ ਅੰਦਰ ਅੰਦਰ ਖੋਲ੍ਹਣ ਲਈ ਕਿਹਾ ਸੀ। ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਟ ਨੇ ਬੀਤੇ ਦਿਨ ਪਾਰਟੀ ਵਲੋਂ ਇੱਕ ਇਸ਼ਤਿਹਾਰ ਜਾਰੀ ਕੀਤਾ ਸੀ ਜਿਸ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਆਗੂਆਂ ਵਲੋਂ ਐਲਾਨ ਕੀਤਾ ਸੀ ਕਿ ਉਹ ਸੋਮਵਾਰ ਯਾਨੀ ਅੱਜ ਸਵੇਰੇ 11 ਵਜੇ ਬੁੱਤ ਦਾ ਉਦਘਾਟਨ ਕਰਨਗੇ।
ਹਵਾਈ ਅੱਡੇ ਤੇ ਜਾਣ ਲਈ ਭਾਜਪਾ ਆਗੂ ਅਤੇ ਵਰਕਰ ਐਰੋਸਿਟੀ ਵਿਖੇ ਇਕੱਠੇ ਹੋਏ। ਇਸ ਮੌਕੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਨੇ ਕਿਹਾ ਕਿ ਹੁਣ 72 ਘੰਟੇ ਦਾ ਸਮਾਂ ਖਤਮ ਹੋ ਗਿਆ ਹੈ ਅਤੇ ਭਾਜਪਾ ਖੁਦ ਆਪਣੇ ਯੁਵਾ ਮੋਰਚਾ ਅਤੇ ਯੁਵਾ ਸ਼ਕਤੀ ਨਾਲ ਇਸ ਬੁੱਤ ਦਾ ਉਦਘਾਟਨ ਕਰੇਗੀ। ਭਾਜਪਾ ਦੇ ਜਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਠ ਨੇ ਕਿਹਾ ਕਿ ਇਹ ਬੁੱਤ ਇੱਥੇ ਕਾਫੀ ਸਮਾਂ ਪਹਿਲਾਂ ਸਥਾਪਿਤ ਕੀਤਾ ਗਿਆ ਹੈ ਪਰ ਅਜੇ ਤੱਕ ਇਸ ਦਾ ਉਦਘਾਟਨ ਨਹੀਂ ਕੀਤਾ ਗਿਆ, ਇਹ ਬਹੁਤ ਗਲਤ ਹੈ। ਇਸ ਤੋਂ ਬਾਅਦ ਜਦੋਂ ਭਾਜਪਾ ਆਗੂ ਅਤੇ ਵਰਕਰ ਹਵਾਈ ਅੱਡੇ ਵੱਲ ਵਧਣ ਲੱਗੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਏਅਰਪੋਰਟ ਚੌਂਕ ਤੇ ਰੋਕ ਕੇ ਹਿਰਾਸਤ ਵਿੱਚ ਲੈ ਲਿਆ।