ਮੋਹਾਲੀ 02 ਦਸੰਬਰ ,ਬੋਲੇ ਪੰਜਾਬ ਬਿਊਰੋ :
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਆਗੂਆਂ ਦੀ ਸਕੂਲ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨਾਲ ਵੱਖ ਵੱਖ ਮੰਗਾਂ ਨੂੰ ਲੈ ਕੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਆਗੂਆਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਅਫ਼ਸਰਸ਼ਾਹੀ ਦੇ ਪੰਜਾਬ ਦੇ ਸਕੂਲੀ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਸਿੱਖਿਆ ਪ੍ਰਤੀ ਸੁਹਿਰਦ ਨਾ ਹੋਣ ਦਾ ਰੋਸ ਜਤਾਉਂਦੇ ਮੰਗ ਰੱਖੀ ਕਿ ਪੰਜਾਬ ਦੀ ਕੈਬਨਿਟ ਦੇ ਫੈਸਲੇ ਅਨੁਸਾਰ ਆਪਣੀ ਸਿੱਖਿਆ ਨੀਤੀ ਬਣਾਏ ਜਾਣ ਦੀ ਮੰਗ ਕੀਤੀ। ਆਗੂਆਂ ਨੇ ਦੋਸ਼ ਲਾਇਆ ਕਿ ਪ੍ਰਾਇਮਰੀ ਤੋਂ ਅੱਪਰ ਪ੍ਰਾਇਮਰੀ ਅਤੇ ਹੋਰ ਕਾਡਰਾਂ ਦੀਆਂ ਤਰੱਕੀਆਂ ਵਿੱਚ ਸਕੂਲ ਆਫ਼ ਅਮੀਨੈਂਸ ਨੂੰ ਤਰਜੀਹ ਦੇ ਕੇ ਬਾਕੀ ਹਜਾਰਾਂ ਸਕੂਲਾਂ ਨੂੰ ਅਧਿਆਪਕਾਂ ਤੋਂ ਸੱਖਣੇ ਕਰਦੇ ਹੋਏ ਉਹਨਾਂ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਦੀ ਸਿੱਖਿਆ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਸਾਰੇ ਖਾਲੀ ਪਏ ਸਟੇਸ਼ਨ ਨਾ ਦਿਖਾ ਕੇ ਅਧਿਆਪਕਾਂ ਜਿਹਨਾਂ ਨੂੰ ਸੈਂਕੜੇ ਕਿਲੋਮੀਟਰ ਦੂਰ ਸਟੇਸ਼ਨ ਮਿਲਣ ਕਰਕੇ ਪ੍ਰਮੋਸ਼ਨ ਛੱਡਣ ਲਈ ਮਜਬੂਰ ਕੀਤਾ ਗਿਆ। ਆਗੂਆਂ ਨੇ ਰਹਿੰਦੀਆਂ ਪ੍ਰਮੋਸ਼ਨਾਂ ਨੂੰ ਜਲਦ ਕਰਨ, ਸਕੂਲ ਆਫ ਐਮੀਨੈਂਸ ਦੀ ਥਾਂ ਪੰਜਾਬ ਦੇ ਸਾਰੇ ਸਕੂਲਾਂ ਨੂੰ ਬਰਾਬਰ ਦੀ ਤਰਜੀਹ ਦਿੰਦੇ ਹੋਏ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ ਲਈ ਸਟੇਸ਼ਨ ਚੋਣ ਦਾ ਮੌਕਾ ਦੇਣ ਦੀ ਮੰਗ ਕੀਤੀ।
ਆਗੂਆਂ ਨੇ ਸਿੱਖਿਆ ਸਕੱਤਰ ਸਾਹਮਣੇ ਪਿਛਲੇ 13 ਸਾਲਾਂ ਤੋਂ ਨਿਗੁਣੀ ਤਨਖਾਹ ਤੇ ਸ਼ੋਸ਼ਣ ਦਾ ਸ਼ਿਕਾਰ ਅਧਿਆਪਕ ਨਰਿੰਦਰ ਭੰਡਾਰੀ ਅਤੇ ਰਵਿੰਦਰ ਕੰਬੋਜ ਨੂੰ ਰੈਗੂਲਰ ਕਰਨ, ਇਸੇ ਤਰ੍ਹਾਂ ਓਡੀਐੱਲ ਅਧਿਆਪਕਾਂ ਚੋਂ ਵੱਖ ਵੱਖ ਕਾਰਨਾਂ ਕਰਕੇ ਰੋਕੇ ਰੈਗੂਲਰ ਆਰਡਰ ਜਾਰੀ ਕਰਨ, 7654 ਭਰਤੀ ਚੋਂ 14 ਹਿੰਦੀ ਅਧਿਆਪਕਾਂ ਦੇ ਰੋਕੇ ਰੈਗੂਲਰ ਆਰਡਰ ਜਾਰੀ ਕਰਾਉਣ ਅਤੇ ਲੈਕਚਰਾਰ ਮੁਖਤਿਆਰ ਸਿੰਘ ਦੀ ਸਿਆਸੀ ਬਦਲੀ ਰੱਦ ਕਰਾਉਣ ਦੀਆਂ ਮੰਗਾਂ ਰੱਖੀਆਂ ਗਈਆਂ।
ਆਗੂਆਂ ਨੇ ਦੱਸਿਆ ਕਿ ਵਿਦਿਆਰਥੀਆਂ ਉੱਪਰ ਪਹਿਲਾਂ ਮਿਸ਼ਨ ਸਮਰੱਥ ਅਤੇ ਇਸ ਉਪਰੰਤ ਸੀਈਪੀ ਥੋਪਣ ਕਾਰਨ ਬੱਚਿਆਂ ਦੀ ਪੜ੍ਹਾਈ ਦੇ ਪੱਧਰ ਦਾ ਸੁਧਾਰ ਹੋਣ ਦੀ ਬਜਾਏ ਨਿਘਾਰ ਹੋਇਆ ਹੈ। ਇਸ ਲਈ ਸਲਾਨਾ ਕੈਲੰਡਰ ਅਨੁਸਾਰ ਪੜ੍ਹਾਈ ਕਰਾਉਣ ਦੀ ਮੰਗ ਕਰਦਿਆਂ ਅਧਿਆਪਕਾਂ ਦੀਆਂ ਬੀ ਐਲ ਓ ਸਮੇਤ ਹੋਰ ਗੈਰ ਵਿੱਦਿਅਕ ਡਿਊਟੀਆਂ ‘ਤੇ ਮੁਕੰਮਲ ਤੌਰ ‘ਤੇ ਰੋਕ ਲਾਉਣ ਦਾ ਨੋਟੀਫਿਕੇਸ਼ਨ ਜਾਰੀ ਕਾਰਨ ਦੀ ਮੰਗ ਰੱਖੀ ਗਈ।
ਆਗੂਆਂ ਵੱਲੋਂ ਕੰਪਿਊਟਰ ਅਧਿਆਪਕਾਂ ਤੇ ਛੇਵੇਂ ਤਨਖਾਹ ਕਮਿਸ਼ਨ ਦੇ ਸਾਰੇ ਲਾਭ ਲਾਗੂ ਕਰਦਿਆਂ ਸਿੱਖਿਆ ਵਿਭਾਗ ਵਿੱਚ ਮਰਜ ਕਰਨ, ਮੈਰੀਟੋਰੀਅਸ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਕੇ ਰੈਗੂਲਰ ਕਰਨ, ਆਦਰਸ਼ ਸਕੂਲ ਅਧਿਆਪਕਾਂ NSQF, IERT ਅਤੇ ਐਸੋਸ਼ੀਏਟ ਅਧਿਆਪਕਾਂ ਨੂੰ ਰੈਗੂਲਰ ਕਰਨ ਦੀਆਂ ਮੰਗਾਂ ਨੂੰ ਵੀ ਦੁਹਰਾਇਆ ਗਿਆ।
ਆਗੂਆਂ ਵੱਲੋਂ 5994 ਅਤੇ 2364 ਅਧਿਆਪਕਾਂ ਦੀ ਭਰਤੀ ਦੇ ਸਲੈਕਟਡ ਅਧਿਆਪਕਾਂ ਨੂੰ ਜਲਦ ਨਿਯੁਕਤੀ ਪੱਤਰ ਜਾਰੀ ਕਰਨ, 5178 ਅਧਿਆਪਕਾਂ ਨੂੰ ਠੇਕਾ ਨੌਕਰੀ ਦੌਰਾਨ 3442 ਅਧਿਆਪਕਾਂ ਨੂੰ ਮੁੱਢਲੀ ਠੇਕਾ ਨਿਯੁਕਤੀ ਤੋਂ ਪੱਕੀ ਭਰਤੀ ਦੇ ਲਾਭ ਦੇਣ ਸਮੇਤ ਹੋਰ ਮੁਲਾਜ਼ਮ ਪੱਖੀ ਅਦਾਲਤੀ ਫੈਸਲੇ ਜਨਰਲਾਈਜ ਕਰਨ, 3582 ਅਤੇ 4161 ਮਾਸਟਰ ਕਾਡਰ ਦੇ ਅਧਿਆਪਕਾਂ ਨੂੰ ਟ੍ਰੇਨਿੰਗ ਲਗਾਉਣ ਦੀਆਂ ਮਿਤੀਆਂ ਤੋਂ ਸਾਰੇ ਆਰਥਿਕ ਲਾਭ ਦੇਣ ਦੀ ਮੰਗ ਨੂੰ ਉਠਾਇਆ ਗਿਆ। ਸਲਾਨਾ ਅਚਨਚੇਤ ਛੁੱਟੀਆਂ ਵਿੱਚ ਵਾਧੇ ਮੌਕੇ ਠੇਕਾ ਨੌਕਰੀ ਨੂੰ ਯੋਗ ਮਨ ਕੇ ਛੁੱਟੀਆਂ ਸਬੰਧੀ ਪੱਤਰ ਜਾਰੀ ਕੀਤੀ ਜਾਣ ਦੀ ਵੀ ਮੰਗ ਰੱਖੀ ਗਈ।
ਸਿੱਖਿਆ ਸਕੱਤਰ ਵੱਲੋਂ ਆਪਣੇ ਪੱਧਰ ਦੀਆਂ ਮੰਗਾ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਕੁਝ ਮੰਗਾਂ ਡਾਇਰੈਕਟਰ ਸਕੂਲ ਸਿੱਖਿਆ ਨਾਲ ਸੰਬੰਧਿਤ ਹੋਣ ਕਾਰਨ ਉਹਨਾਂ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਅਤੇ ਸਰਕਾਰ ਪੱਧਰ ਦੀਆਂ ਕੁਝ ਮੰਗਾਂ ਉੱਪਰ ਵਿਚਾਰ ਕਰਨ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਤੇ ਸੂਬਾ ਜਨਰਲ ਸਕੱਤਰ ਮਹਿੰਦਰ ਕੌੜਿਆਂ ਵਾਲੀ, ਸੂਬਾ ਮੀਤ ਪ੍ਰਧਾਨ ਜਗਪਾਲ ਬੰਗੀ, ਸੰਯੁਕਤ ਸਕੱਤਰ ਜਸਵਿੰਦਰ ਔਜਲਾ ਅਤੇ ਮੈਰੀਟੋਰੀਅਸ ਅਧਿਆਪਕ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਟੀਨਾ ਹਾਜ਼ਰ ਸਨ।