ਹਾਈਕੋਰਟ ਨੇ ਗਰਭਵਤੀ ਔਰਤ ਤੇ ਬੱਚੇ ਨੂੰ ਹਿਰਾਸਤ ‘ਚ ਰੱਖਣ ‘ਤੇ ਸੂਬਾ ਸਰਕਾਰ ਨੂੰ ਝਾੜ ਪਾਈ
ਲਖਨਊ, 1 ਦਸੰਬਰ,ਬੋਲੇ ਪੰਜਾਬ ਬਿਊਰੋ “:
ਇਲਾਹਾਬਾਦ ਹਾਈਕੋਰਟ ਦੀ ਲਖਨਊ ਬੈਂਚ ਨੇ ਅਗਵਾ ਮਾਮਲੇ ‘ਚ ਇਕ ਗਰਭਵਤੀ ਔਰਤ ਅਤੇ ਉਸ ਦੇ ਦੋ ਸਾਲ ਦੇ ਬੱਚੇ ਨੂੰ ਗੈਰ-ਕਾਨੂੰਨੀ ਤਰੀਕੇ ਨਾਲ 6 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਹਿਰਾਸਤ ‘ਚ ਰੱਖਣ ‘ਤੇ ਯੂ.ਪੀ. ਪੁਲਸ ਨੂੰ ਝਾੜ ਪਾਈ ਹੈ। ਜਸਟਿਸ ਏ ਆਰ ਮਸੂਦੀ ਅਤੇ ਜਸਟਿਸ ਸੁਭਾਸ਼ ਵਿਦਿਆਰਥੀ ਦੀ ਡਿਵੀਜ਼ਨ ਬੈਂਚ ਨੇ ਇਸ ਨੂੰ ਸ਼ਕਤੀ ਦੀ ਦੁਰਵਰਤੋਂ ਅਤੇ ਤਸ਼ੱਦਦ ਕਰਾਰ ਦਿੱਤਾ।
ਇਸ ਦੇ ਨਾਲ ਹੀ ਸੂਬਾ ਸਰਕਾਰ ਨੂੰ ਔਰਤਾਂ ਦੇ ਕੇਸਾਂ ਨੂੰ ਧਿਆਨ ਨਾਲ ਨਜਿੱਠਣ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਨ ਦਾ ਹੁਕਮ ਦਿੱਤਾ ਗਿਆ। ਅਦਾਲਤ ਨੇ ਸਖ਼ਤ ਟਿੱਪਣੀ ਕਰਦਿਆਂ ਰਾਜ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਉਹ ਗਰਭਵਤੀ ਔਰਤ ਨੂੰ 1 ਲੱਖ ਰੁਪਏ ਮੁਆਵਜ਼ੇ ਵਜੋਂ ਅਦਾ ਕਰੇ। ਮਾਮਲੇ ਦੀ ਅਗਲੀ ਸੁਣਵਾਈ 11 ਦਸੰਬਰ ਨੂੰ ਹੋਵੇਗੀ।