ਬਰਫ਼ਬਾਰੀ ਕਾਰਨ ਸੋਨਮਰਗ-ਕਾਰਗਿਲ ਤੇ ਗੁਰੇਜ਼-ਬਾਂਡੀਪੋਰਾ ਮਾਰਗ ਬੰਦ
ਸ੍ਰੀਨਗਰ, 1 ਦਸੰਬਰ,ਬੋਲੇ ਪੰਜਾਬ ਬਿਊਰੋ:
ਜੰਮੂ ਕਸ਼ਮੀਰ ‘ਚ ਕੜਾਕੇ ਦੀ ਠੰਢ ਵਿਚਾਲੇ ਮੌਸਮ ਦੇ ਮਿਜ਼ਾਜ ਮੁੜ ਬਦਲ ਗਏ ਹਨ। ਉੱਪਰਲੇ ਇਲਾਕਿਆਂ ਵਿਚ ਬਰਫ਼ਬਾਰੀ ਤੇ ਬਾਰਿਸ਼ ਸ਼ੁਰੂ ਹੋ ਗਈ ਹੈ। ਬਰਫ਼ਬਾਰੀ ਕਾਰਨ ਸੋਨਮਰਗ-ਕਾਰਗਿਲ ਤੇ ਗੁਰੇਜ਼-ਬਾਂਡੀਪੋਰਾ ਮਾਰਗ ਨੂੰ ਫਿਸਲਣ ਕਾਰਨ ਬੰਦ ਕਰ ਦਿੱਤਾ ਗਿਆ ਹੈ ਜਦਕਿ ਜੰਮੂ-ਸ੍ਰੀਨਗਰ ਹਾਈਵੇ ਆਵਾਜਾਈ ਲਈ ਖੁੱਲ੍ਹਾ ਹੈ। ਸ੍ਰੀਨਗਰ ਸਮੇਤ ਹੇਠਲੇ ਇਲਾਕਿਆਂ ਵਿਚ ਮੌਸਮ ਖ਼ੁਸ਼ਕ ਰਿਹਾ ਪਰ ਅਸਮਾਨ ਸਾਰਾ ਦਿਨ ਸੰਘਣੇ ਬੱਦਲਾਂ ਨਾਲ ਢਕਿਆ ਰਿਹਾ।
ਤਾਜ਼ਾ ਬਰਫ਼ਬਾਰੀ ਤੇ ਮੀਂਹ ਕਾਰਨ ਤਾਪਮਾਨ ਵਿਚ ਹੋਰ ਵੱਧ ਗਿਰਾਵਟ ਆਉਣ ਨਾਲ ਸੀਤ ਲਹਿਰ ਦਾ ਪ੍ਰਕੋਪ ਵੱਧ ਗਿਆ ਹੈ। ਇਧਰ, ਜੰਮੂ ਵਿਚ ਸਵੇਰੇ ਤੇ ਰਾਤ ਨੂੰ ਠੰਢ ਵਧ ਗਈ ਹੈ। ਮੌਸਮ ਵਿਭਾਗ ਨੇ ਅਗਲੇ ਚੌਵੀ ਘੰਟਿਆਂ ਦੌਰਾਨ ਕਸ਼ਮੀਰ ਦੇ ਕੁਝ ਉੱਪਰਲੇ ਖੇਤਰਾਂ ਵਿਚ ਹਲਕੀ ਬਰਫ਼ਬਾਰੀ ਤੇ ਬਾਰਸ਼ ਪੈਣ ਦੇ ਆਸਾਰ ਜ਼ਾਹਰ ਕੀਤੇ ਹਨ। ਕਸ਼ਮੀਰ ਵਿਚ ਪਿਛਲੇ ਕਈ ਦਿਨਾਂ ਤੋਂ ਮੌਸਮ ਖ਼ੁਸ਼ਕ ਤੇ ਠੰਢਾ ਬਣਿਆ ਹੋਇਆ ਹੈ।
ਪੱਛਮੀ ਗੜਬੜਾਂ ਦੇ ਅਸਰ ਕਾਰਨ ਤੜਕੇ ਸੋਨਮਰਗ, ਜੋਜ਼ਿਲਾ ਦੱਰਾ, ਅਫਰਵਟ, ਸਾਧਨਾ ਟਾਪ, ਰਾਜ਼ਦਾਨਾ ਟਾਪ, ਗੁਰੇਜ਼, ਤੁਲੈਲ ਤੇ ਵਾਦੀ ਦੇ ਕਈ ਉੱਪਰਲੇ ਇਲਾਕਿਆਂ ਵਿਚ ਮੀਂਹ ਦੇ ਨਾਲ ਹਲਕੀ ਬਰਫ਼ਬਾਰੀ ਦਾ ਸਿਲਸਿਲਾ ਅਰੰਭ ਹੋ ਗਿਆ ਹੈ ਜੋ ਕਿ ਪੂਰਾ ਦਿਨ ਰੁਕ-ਰੁਕ ਕੇ ਜਾਰੀ ਰਿਹਾ। ਇਨ੍ਹਾਂ ਖੇਤਰਾਂ ਵਿਚ ਦੋ ਤੋਂ 4 ਇੰਚ ਤਾਜ਼ਾ ਬਰਫ਼ ਜਮ੍ਹਾ ਹੋ ਗਈ ਹੈ। ਇਸ ਦੌਰਾਨ ਮੌਸਮ ਵਿਭਾਗ ਮੁਤਾਬਕ ਪਹਾੜੀ ਖੇਤਰਾਂ ਵਿਚ ਹਲਕੀ ਬਰਫ਼ਬਾਰੀ ਤੇ ਬਾਰਸ਼ ਨੂੰ ਛੱਡ ਕੇ 10 ਦਸੰਬਰ ਤੱਕ ਕਸ਼ਮੀਰ ਵਿਚ ਮੌਸਮ ਵਿਚ ਕੋਈ ਖ਼ਾਸ ਤਬਦੀਲੀ ਨਹੀਂ ਆਏਗੀ।