ਰਾਏਪੁਰ, 1 ਦਸੰਬਰ,ਬੋਲੇ ਪੰਜਾਬ ਬਿਊਰੋ :
ਛੱਤੀਸਗੜ੍ਹ ਦੇ ਸਰਗੁਜਾ ਜ਼ਿਲ੍ਹੇ ਵਿੱਚ ਅੰਬਿਕਾਪੁਰ-ਬਿਲਾਸਪੁਰ ਨੈਸ਼ਨਲ ਹਾਈਵੇਅ 130 ਉੱਤੇ ਉਦੈਪੁਰ ਨੇੜੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਰਾਏਪੁਰ ਤੋਂ ਅੰਬਿਕਾਪੁਰ ਵੱਲ ਜਾ ਰਹੀ ਕਾਰ ਨੂੰ ਟਰੱਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਕਾਰ ਦੇ ਪਰਖੱਚੇ ਉੱਡ ਗਏ।
ਕਾਰ ‘ਚ ਸਵਾਰ ਚਾਰ ਲੋਕਾਂ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ, ਜਦਕਿ ਇਕ ਹੋਰ ਦੀ ਉਦੈਪੁਰ ਕਮਿਊਨਿਟੀ ਹੈਲਥ ਸੈਂਟਰ ‘ਚ ਮੌਤ ਹੋ ਗਈ। ਇਹ ਘਟਨਾ ਅੱਜ ਐਤਵਾਰ ਸਵੇਰੇ 5 ਤੋਂ 5:30 ਵਜੇ ਦੇ ਦਰਮਿਆਨ ਵਾਪਰੀ।
ਦੱਸਿਆ ਜਾ ਰਿਹਾ ਹੈ ਕਿ ਟਰੱਕ ਅੰਬਿਕਾਪੁਰ ਤੋਂ ਬਿਲਾਸਪੁਰ ਵੱਲ ਜਾ ਰਿਹਾ ਸੀ। ਕਾਰ ਚਾਲਕ ਰਾਏਪੁਰ ਤੋਂ ਅੰਬਿਕਾਪੁਰ ਵੱਲ ਆ ਰਹੇ ਸਨ। ਇਸ ਦੌਰਾਨ ਅਡਾਨੀ ਗੈਸਟ ਹਾਊਸ, ਉਦੈਪੁਰ ਨੇੜੇ ਦੋਵਾਂ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ।
ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਨੇ ਭੱਜਣ ਦੀ ਕੋਸ਼ਿਸ਼ ਦੌਰਾਨ ਜਦੋਂ ਟਰੱਕ ਨੂੰ ਪਿੱਛੇ ਕੀਤਾ ਤਾਂ ਕਾਰ ਹੋਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਕਾਰ ਦੇ ਪਰਖੱਚੇ ਉੱਡ ਗਏ ਅਤੇ ਕਾਰ ਅੰਦਰ ਸਵਾਰ ਵਿਅਕਤੀ ਬੁਰੀ ਤਰ੍ਹਾਂ ਨਾਲ ਕੁਚਲੇ ਗਏ। ਜਿਸ ਕਾਰਨ ਸਾਰਿਆਂ ਦੀ ਮੌਤ ਹੋ ਗਈ।