ਚੰਡੀਗੜ੍ਹ, 30 ਨਵੰਬਰ,ਬੋਲੇ ਪੰਜਾਬ ਬਿਊਰੋ :
ਸਕੂਲ ਦੇ ਟਰਿੱਪ ‘ਤੇ ਕਸੌਲ ਘੁੰਮਣ ਗਏ ਚਾਰ ਬੱਚਿਆਂ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪੰਚਕੂਲਾ ਦੇ ਪ੍ਰਾਈਵੇਟ ਸਕੂਲ ਦੇ ਬੱਚੇ ਸੈਰ-ਸਪਾਟੇ ‘ਤੇ ਗਏ ਸਨ। ਇਸ ਟਰਿੱਪ ਤੋਂ ਵਾਪਸ ਆਉਣ ਬਾਅਦ 4 ਬੱਚੇ ਅਚਾਨਕ ਲਾਪਤਾ ਹੋ ਗਏ। ਲਾਪਤਾ ਬੱਚਿਆਂ ਦੀ ਉਮਰ 11 ਤੋਂ 12 ਸਾਲ ਦੱਸੀ ਜਾ ਰਹੀ ਹੈ। ਇਸ ਸਬੰਧੀ ਪਰਿਵਾਰਕ ਮੈਂਬਰਾਂ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਲਾਪਤਾ ਬੱਚਿਆਂ ਵਿੱਚ ਦੋ ਬੱਚੇ ਮੌਲੀ ਜਾਗਰਾ, ਇੱਕ ਪੰਚਕੂਲਾ ਸੈਕਟਰ 12 ਅਤੇ ਇੱਕ ਢਕੋਲੀ ਦਾ ਰਹਿਣ ਵਾਲਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਸਕੂਲ ਟਰਿੱਪ ‘ਤੇ ਕਸੌਲ ਗਏ ਹੋਏ ਸਨ।ਉਥੇ ਉਨ੍ਹਾਂ ਨੇ ਫਲੇਵਰਡ ਹੁੱਕਾ ਪੀਤਾ। ਇਸ ਤੋਂ ਬਾਅਦ ਉਹ ਘਰ ਆ ਗਏ।
ਇਸ ਤੋਂ ਬਾਅਦ ਇੱਕ ਬੱਚੇ ਨੇ ਦੂਜੇ ਬੱਚਿਆਂ ਨੂੰ ਹੁੱਕਾ ਪੀਣ ਬਾਰੇ ਮਾਪਿਆਂ ਨੂੰ ਦੱਸਣ ਦੀ ਗੱਲ ਕਹਿ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਉਨ੍ਹਾਂ ਦੇ ਬੱਚੇ ਇਸੇ ਡਰ ਦੇ ਮਾਰੇ ਕਿਤੇ ਚਲੇ ਗਏ ਹੋਣ। ਇਸ ਸਬੰਧੀ ਸੂਚਨਾ ਮਿਲਦੇ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।