ਕਈ ਪਿੰਡਾਂ ਦੇ 39 ਵਿਦਿਆਰਥੀ ਰਿਆਇਤੀ ਦਰਾਂ ‘ਤੇ ਬੱਸ ਦਾ ਲਾਭ ਲੈਣਗੇ
ਜ਼ਿਲ੍ਹੇ ਵਿੱਚ 7 ਸਕੂਲ ਆਫ ਐਮੀਨੈਂਸ ਵਿੱਚ 11 ਬੱਸਾਂ ਹੋਈਆਂ
ਐਸ.ਏ.ਐਸ.ਨਗਰ, 30 ਨਵੰਬਰ, ਬੋਲੇ ਪੰਜਾਬ ਬਿਊਰੋ:
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਸਹੂਲਤਾਂ ਪ੍ਰਦਾਨ ਕਰਨ ਲਈ ਵਿਧਾਇਕ ਕੁਲਵੰਤ ਸਿੰਘ ਨੇ ਸ਼ਨੀਵਾਰ ਨੂੰ ਮੋਹਾਲੀ ਦੇ ਫੇਜ਼ 11 ਸਥਿਤ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਲਈ ਬੱਸ ਟਰਾਂਸਪੋਰਟ ਸੇਵਾ ਦੀ ਸ਼ੁਰੂਆਤ ਕੀਤੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਸਰਕਾਰ ਨੇ ਸਿਹਤ ਅਤੇ ਸਿੱਖਿਆ ਦੇ ਖੇਤਰਾਂ ਨੂੰ ਹੋਰ ਸੁਧਾਰ ਅਤੇ ਮਜ਼ਬੂਤ ਕਰਨ ਲਈ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕ ਅਤੇ ਸਕੂਲ ਆਫ਼ ਐਮੀਨੈਂਸ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਅਤੇ ਸੁਹਿਰਦ ਯਤਨਾਂ ਦਾ ਨਤੀਜਾ ਹਨ ਜਿੱਥੋਂ ਲੱਖਾਂ ਲੋਕ ਲਾਭ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੀ ਭਲਾਈ ਲਈ ਅਣਥੱਕ ਮਿਹਨਤ ਕਰ ਰਹੀ ਹੈ ਅਤੇ ਬੁਨਿਆਦੀ ਢਾਂਚੇ ਅਤੇ ਹੋਰ ਲੋੜਾਂ ਦਾ ਬਹੁਤ ਵਧੀਆ ਢੰਗ ਨਾਲ ਧਿਆਨ ਰੱਖਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਅੱਜ ਫੇਜ਼ 11 ਐਸ.ਓ.ਈ ਤੋਂ ਸ਼ੁਰੂ ਕੀਤੀ ਗਈ ਬੱਸ ਸੇਵਾ ਨਾਲ ਜ਼ਿਲ੍ਹੇ ਦੇ 7 ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਆਵਾਜਾਈ ਦੀ ਸਹੂਲਤ ਲਈ ਮੁੱਹਈਆ ਕਰਵਾਈਆਂ ਬੱਸਾਂ ਦੀ ਗਿਣਤੀ 11 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਬੱਸ ਪਿੰਡ ਮੱਛਲੀ ਕਲਾ, ਚਡਿਆਲਾ, ਭਰਤਪੁਰ, ਸਨੇਟਾ, ਸ਼ਾਮਪੁਰ, ਸੁਖਗੜ੍ਹ, ਗੋਬਿੰਦਗੜ੍ਹ, ਰਾਏਪੁਰ, ਮੌਲੀ ਬੈਦਵਾਨ ਅਤੇ ਕੁੰਭੜਾ ਤੋਂ ਐਸ.ਓ.ਈ., ਫੇਜ਼ 11, ਮੁਹਾਲੀ ਤੋਂ ਵਿਦਿਆਰਥੀਆਂ ਨੂੰ ਲੈ ਕੇ ਅਤੇ ਛੱਡਣ ਜਾਵੇਗੀ। ਉਨ੍ਹਾਂ ਕਿਹਾ ਕਿ ਬੱਸ ਦਾ ਕਿਰਾਇਆ ਨਾਮਾਤਰ ਹੀ ਹੋਵੇਗਾ ਕਿਉਂ ਜੋ 80 ਫ਼ੀਸਦੀ ਹਿੱਸਾ ਸਰਕਾਰ ਸਹਿਣ ਕਰੇਗੀ।
ਉਨ੍ਹਾਂ ਪ੍ਰਿੰਸੀਪਲ ਲਵਿਸ਼ ਚਾਵਲਾ ਅਤੇ ਡੀਈਓ (ਸੈਕੰਡਰੀ) ਡਾ. ਗਿੰਨੀ ਦੁੱਗਲ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਮੋਹਾਲੀ ਵਿੱਚ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।
ਉਨ੍ਹਾਂ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਨੇ ਅੱਜ ਬੱਸ ਆਵਾਜਾਈ ਦੀ ਸਹੂਲਤ ਦਾ ਲਾਭ ਉਠਾਇਆ ਹੈ। ਉਹਨਾਂ ਨੇ ਉਹਨਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਵਧੀਆ ਬੁਨਿਆਦੀ ਢਾਂਚੇ ਅਤੇ ਸਿੱਖਿਆ ਦਾ ਭਰੋਸਾ ਦਿੱਤਾ ਅਤੇ ਉਹਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।