ਪੰਜਾਬ ‘ਚ ਰੇਲਵੇ ਸਟੇਸ਼ਨ ਨੇੜਿਓਂ ਖੁਦਾਈ ਦੌਰਾਨ ਮਿਲੇ 10 ਰਾਕੇਟ ਲਾਂਚਰ ਬੰਬ
ਗੁਰਦਾਸਪੁਰ, 29 ਨਵੰਬਰ,ਬੋਲੇ ਪੰਜਾਬ ਬਿਊਰੋ ;
ਗੁਰਦਾਸਪੁਰ ਰੇਲਵੇ ਸਟੇਸ਼ਨ ‘ਤੇ ਬੀਤੇ ਕੱਲ੍ਹ ਖੁਦਾਈ ਦੌਰਾਨ 10 ਰਾਕੇਟ ਲਾਂਚਰ ਮਿਲੇ ਹਨ। ਦੱਸਣਯੋਗ ਹੈ ਕਿ ਰੇਲਵੇ ਸਟੇਸ਼ਨ ਦੀ ਮੁਰੰਮਤ ਕਾਰਨ ਇੱਥੇ ਖੁਦਾਈ ਦਾ ਕੰਮ ਚੱਲ ਰਿਹਾ ਸੀ। ਖੁਦਾਈ ਦੌਰਾਨ, ਮਜ਼ਦੂਰਾਂ ਨੂੰ ਰਾਕੇਟ ਲਾਂਚਰਾਂ ਵਿੱਚ ਵਰਤੇ ਜਾਣ ਵਾਲੇ ਦਸ ਪੁਰਾਣੇ ਜੰਗ ਲੱਗੇ ਬੰਬ ਮਿਲੇ। ਇਸ ਤੋਂ ਬਾਅਦ ਤੁਰੰਤ ਸਥਾਨਕ ਪੁਲਿਸ ਅਤੇ ਜੀਆਰਪੀ ਨੂੰ ਸੂਚਿਤ ਕੀਤਾ ਗਿਆ।
ਡੀਐੱਸਪੀ ਸਿਟੀ ਮੋਹਨ ਸਿੰਘ ਅਤੇ ਜੀਆਰਪੀ ਦੇ ਡੀਐੱਸਪੀ ਬਿਕਰਮਜੀਤ ਸਿੰਘ ਮੌਕੇ ’ਤੇ ਪੁੱਜੇ। ਇਸ ਦੌਰਾਨ ਅੰਮ੍ਰਿਤਸਰ ਤੋਂ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ। ਕੁਝ ਸਮੇਂ ਬਾਅਦ ਰੇਲਵੇ ਪੁਲਿਸ ਨੇ ਬੰਬ ਸਕੂਐਡ ਦੀ ਮਦਦ ਨਾਲ ਬੰਬਾਂ ਨੂੰ ਨਕਾਰਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਬੰਬ ਖ਼ਰਾਬ ਹਾਲਤ ਵਿੱਚ ਸਨ ਅਤੇ ਮਿੱਟੀ ਨਾਲ ਢਕੇ ਹੋਏ ਸਨ।