ਸਿੱਖਿਆ ਦੇ ਨੈਤਿਕ ਆਧਾਰ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣਾ ਜਰੂਰੀ: ਅਜੈਬ ਸਿੰਘ ਚੱਠਾ,

ਪੰਜਾਬ

ਹਰ ਵਿਸ਼ੇ ਦੇ ਆਪਣੇ ਆਪਣੇ ਨੈਤਿਕ ਆਧਾਰ ਹੁੰਦੇ ਹਨ: ਡਾ. ਹਰਜਿੰਦਰਪਾਲ ਸਿੰਘ ਵਾਲੀਆ,



ਚੰਡੀਗੜ੍ਹ, 28 ਨਵੰਬਰ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ):

ਜੀਐਨ ਗਰਲਜ਼ ਕਾਲਜ, ਪਟਿਆਲਾ ਦੇ ਹੈਰੀਟੇਜ ਭਵਨ ਵਿੱਚ ਕੈਨੇੇਡਾ ਤੋਂ ਨੈਤਿਕ ਸਿੱਖਿਆ ਨੂੰ ਆਧਾਰ ਬਣਾ ਕੇ, ਪੰਜਾਬ ਦੀ ਸਿੱਖਿਆ ਵਿੱਚ ਤਬਦੀਲੀ ਕਰਨ ਦੇ ਨਾਲ ਜੁੜੇ ਹੋਏ ਸ. ਅਜੈਬ ਸਿੰਘ ਚੱਠਾ ਨੇ ਕਿਹਾ ਕਿ ਸਾਡੇ ਸਮਾਜ ਵਿੱਚ ਨੈਤਿਕ ਕਦਰਾਂ ਕੀਮਤਾਂ ਨਿਰੰਤਰ ਥੱਲੇ ਜਾ ਰਹੀਆਂ ਹਨ। ਇਹਨਾਂ ਨੂੰ ਉੱਚਾ ਚੁੱਕਣ ਲਈ ਜਰੂਰੀ ਹੈ ਕਿ ਸਾਨੂੰ ਹਰ ਪੱਧਰ ਤੇ ਨੈਤਿਕ ਸਿੱਖਿਆ ਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਸਿਲੇਬਸ ਦਾ ਆਧਾਰ ਬਣਾਉਣਾ ਚਾਹੀਦਾ ਹੈ। ਜੇਕਰ ਅਸੀਂ ਸਾਡੀ ਸਿੱਖਿਆ ਨੂੰ ਵਿਹਾਰਕ ਤੌਰ ਤੇ ਬੱਚਿਆਂ ਦੀ ਜੀਵਨ ਸ਼ੈਲੀ ਦਾ ਅੰਗ ਨਹੀਂ ਬਣਾਉਂਦੇ ਤਾਂ ਸਾਡੀ ਸਿੱਖਿਆ ਕੇਵਲ ਕਿਤਾਬੀ ਗਿਆਨ ਬਣ ਕੇ ਰਹਿ ਜਾਵੇਗੀ। ਇਸ ਲਈ ਜਰੂਰਤ ਹੈ ਕਿ ਅਸੀਂ ਸਾਰੇ ਅਧਿਆਪਕਾਂ ਨੂੰ ਸੰਗਠਿਤ ਰੂਪ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕਰੀਏ ਕਿ ਨੈਤਿਕ ਸਿੱਖਿਆ ਸਮਾਜ ਦੇ ਭਵਿੱਖ ਲਈ ਕਿੰਨੀ ਜਰੂਰੀ ਹੈ। ਇਸ ਲਈ ਸਾਨੂੰ ਪਾਠ ਪੁਸਤਕਾਂ ਦੀ ਤਿਆਰੀ ਕਰਨੀ ਚਾਹੀਦੀ ਹੈ ਜਿਸ ਨਾਲ ਸਮਾਜ ਹੋਰ ਤਰੱਕੀ ਕਰ ਸਕੇ। ਇਸ ਮੌਕੇ ਤੇ ਬੋਲਦਿਆਂ ਡਾ. ਹਰਜਿੰਦਰ ਪਾਲ ਸਿੰਘ ਵਾਲੀਆਂ ਨੇ ਕਿਹਾ ਕਿ ਨੈਤਿਕ ਸਿੱਖਿਆ ਨੂੰ ਹਰ ਵਿਸ਼ੇ ਦੇ ਆਧਾਰ ਤੇ ਹੀ ਜਾਣਿਆ ਅਤੇ ਸਮਝਿਆ ਜਾ ਸਕਦਾ ਹੈ। ਹਰ ਵਿਸ਼ੇ ਦਾ ਆਪਣਾ ਆਪਣਾ ਨੈਤਿਕ ਵਿਧਾਨ ਹੁੰਦਾ ਹੈ। ਇਸ ਲਈ ਨੈਤਿਕ ਸਿੱਖਿਆ ਨੂੰ ਅਸੀਂ ਇੱਕੋ ਰੂਪ ਵਿੱਚ ਹਰ ਜਗ੍ਹਾ ਜਾਂ ਸਮਾਜ ਦੇ ਹਰ ਹਿੱਸੇ ਵਿੱਚ ਲਾਗੂ ਨਹੀਂ ਕਰ ਸਕਦੇ। ਰਾਜਨੀਤਿਕ ਪਾਰਟੀਆਂ, ਧਾਰਮਿਕ ਸੰਸਥਾਵਾਂ ਅਤੇ ਵਿੱਦਿਅਕ ਸੰਸਥਾਵਾਂ ਦੇ ਨੈਤਿਕ ਮਿਆਰ ਅਤੇ ਨੈਤਿਕ ਆਧਾਰ ਆਪਣੀ ਆਪਣੀ ਕਿਸਮ ਦੇ ਹੁੰਦੇ ਹਨ। ਜਿਨਾਂ ਨੂੰ ਉਹਨਾਂ ਦੇ ਸੰਦਰਭ ਵਿੱਚ ਹੀ ਜਾਨਣਾ ਚਾਹੀਦਾ ਹੈ। ਇਸ ਮੌਕੇ ਤੇ ਬੋਲਦਿਆਂ ਜੀ ਐਨ ਗਰਲਜ਼ ਕਾਲਜ ਦੇ ਚੇਅਰਮੈਨ ਡਾ. ਸਤਿਨਾਮ ਸਿੰਘ ਸੰਧੂ ਨੇ ਕਿਹਾ ਕਿ ਨੈਤਿਕ ਸਿੱਖਿਆ ਨੂੰ ਆਮ ਲੋਕਾਂ ਤੱਕ ਲੈ ਕੇ ਜਾਣ ਲਈ ਜਾਂ ਇਸ ਨੂੰ ਸਾਡੇ ਅਕਾਦਮਿਕ ਖੇਤਰਾਂ ਦਾ ਹਿੱਸਾ ਬਣਾਉਣ ਲਈ ਇਹ ਲਾਜ਼ਮੀ ਹੈ ਕਿ ਅਸੀਂ ਇਸ ਲਈ ਇੱਕ ਮੁਹਿੰਮ ਦੇ ਰੂਪ ਵਿੱਚ ਕੰਮ ਕਰੀਏ। ਸਭ ਤੋਂ ਪਹਿਲਾਂ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਜੋ ਵਿਦਿਅਕ ਮਿਆਰ ਨੂੰ ਉੱਚਾ ਚੁੱਕਣ ਵਾਲੇ ਪ੍ਰਬੰਧਕ ਦਾ ਕੰਮ ਵੀ ਕਰਦੇ ਹਨ, ਉਹਨਾਂ ਨੂੰ ਆਪਣੇ ਨਾਲ ਜੋੜੀਏ ਅਤੇ ਆਪਣਾ ਸੁਨੇਹਾ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਕਿਉਂਕਿ ਸਕੂਲਾਂ ਵਿੱਚ ਇੱਕ ਪਰੰਪਰਾ ਹੈ ਕਿ ਹਰ ਰੋਜ਼ ਸਵੇਰੇ ਪਰਾਰਥਨਾ ਦੇ ਸਮੇਂ ਸਵੇਰੇ ਆਮ ਤੌਰ ਤੇ ਪ੍ਰਿੰਸੀਪਲ ਵਿਦਿਆਰਥੀਆਂ ਨੂੰ ਕੋਈ ਨਾ ਕੋਈ ਨੈਤਿਕ ਸਿੱਖਿਆ ਦਾ ਵਖਿਆਣ ਦਿੰਦੇ ਹਨ ਜਿਸ ਤੇ ਵਿਦਿਆਰਥੀ ਗੰਭੀਰਤਾ ਨਾਲ ਵਿਚਾਰ ਕਰਦੇ ਹਨ। ਇਸ ਪ੍ਰਕਾਰ ਵਿਦਿਆਰਥੀਆਂ ਤੱਕ ਨੈਤਿਕਤਾ ਦਾ ਸੁਨੇਹਾ ਦਿੱਤਾ ਜਾ ਸਕਦਾ ਹੈ। ਇਸ ਮੌਕੇ ਤੇ ਬਾਕੀ ਵਿਦਵਾਨਾਂ ਦੇ ਨਾਲ ਡਾ. ਵਰਿੰਦਰ ਵਾਲੀਆ, ਡਾ. ਮੰਜੂ ਵਾਲੀਆ, ਪ੍ਰੋਫੈਸਰ ਸਰਵਣ ਮਦਾਨਾ, ਸ. ਅਜੈਬ ਸਿੰਘ ਚੱਠਾ, ਡਾ . ਹਰਜਿੰਦਰ ਪਾਲ ਸਿੰਘ ਵਾਲੀਆ, ਦਲ ਸਿੰਘ ਬਰਾੜ ਤੇ ਡਾ. ਸਤਿਨਾਮ ਸਿੰਘ ਸੰਧੂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।

Leave a Reply

Your email address will not be published. Required fields are marked *