ਰਾਜਾ ਵੜਿੰਗ ਆਪਣੀ ਪਾਰਟੀ ਤੇ ਧਿਆਨ ਦੇਵੇ, ਸ਼੍ਰੋਮਣੀ ਅਕਾਲੀ ਦਲ ਨਾਲ ਉਸਦਾ ਕੋਈ ਸਬੰਧ ਨਹੀਂ – ਇਕਬਾਲ ਸਿੰਘ ਭੱਟੀ

ਚੰਡੀਗੜ੍ਹ

ਕਿਹਾ – ਸੁਖਬੀਰ ਬਾਦਲ ਦੇ ਅਸਤੀਫ਼ੇ ਤੇ ਤੁਹਾਨੂੰ ਕਿਸ ਗੱਲ ਦੀ ਤਕਲੀਫ਼ , ਸਮੁੱਚਾ ਅਕਾਲੀ ਦਲ ਅੱਜ ਵੀ ਸੁਖਬੀਰ ਬਾਦਲ ਦੇ ਨਾਲ

ਚੰਡੀਗੜ੍ਹ 28 ਨਵੰਬਰ ,ਬੋਲੇ ਪੰਜਾਬ ਬਿਊਰੋ ;

 ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਵਲੋਂ ਦਿੱਤੇ ਗਏ ਬਿਆਨ ਤੇ ਇਤਰਾਜ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਸ. ਇਕਬਾਲ ਸਿੰਘ ਭੱਟੀ ਨੇ ਕਿਹਾ ਕਿ ਰਾਜਾ ਵੜਿੰਗ ਜੀ ਤੁਸੀਂ ਆਪਣੀ ਪਾਰਟੀ ਤੇ ਧਿਆਨ ਦਿਉ, ਸ਼੍ਰੋਮਣੀ ਅਕਾਲੀ ਦਲ ਨਾਲ ਤੁਹਾਡਾ ਕੋਈ ਸਬੰਧ ਨਹੀਂ ਹੋਣਾ ਚਾਹੀਦਾ।

ਸ. ਭੱਟੀ ਨੇ ਰਾਜਾ ਵੜਿੰਗ ਦੇ ਬਿਆਨ ਨੂੰ ਹਾਸੋਹੀਣਾ ਦੱਸਿਆ ਹੈ ਕਿ ਸੁਖਬੀਰ ਬਾਦਲ ਦੇ ਅਸਤੀਫਾ ਦੇਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ ਅਤੇ ਵਿਰੋਧੀ ਧਿਰਾਂ ਵਲੋਂ ਸੁਖਬੀਰ ਬਾਦਲ ਦੇ ਅਸਤੀਫ਼ੇ ‘ਤੇ ਤਰ੍ਹਾਂ-ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਹਨ। ਹੁਣ ਮੈਨੂੰ ਲੱਗਦਾ ਹੈ ਕਿ ਕਿਤੇ ਸੁਖਬੀਰ ਬਾਦਲ ਭਾਜਪਾ ‘ਚ ਨਾ ਸ਼ਾਮਲ ਹੋ ਜਾਣ। ਵੜਿੰਗ ਦੇ ਕਹਿਣ ਮੁਤਾਬਿਕ, ਇੱਕ ਪਾਸੇ ਤਾਂ ਸੁਨੀਲ ਜਾਖੜ ਨੇ ਅਸਤੀਫ਼ਾ ਦੇ ਦਿੱਤਾ ਹੈ ਅਤੇ ਦੂਜੇ ਪਾਸੇ ਸੁਖਬੀਰ ਬਾਦਲ ਨੇ ਅਸਤੀਫ਼ਾ ਦੇ ਦਿੱਤਾ ਹੈ। ਜਦੋਂ ਸੁਖਬੀਰ ਬਾਦਲ ਕੋਲੋਂ ਅਸਤੀਫ਼ਾ ਮੰਗਿਆ ਗਿਆ ਸੀ, ਉਦੋਂ ਤਾਂ ਉਨ੍ਹਾਂ ਨੇ ਅਸਤੀਫ਼ਾ ਦਿੱਤਾ ਨਹੀਂ। ਹੁਣ ਅਕਾਲੀ ਦਲ ਖੇਰੂੰ-ਖੇਰੂੰ ਹੋ ਗਿਆ ਅਤੇ ਹੁਣ ਇਸ ਅਸਤੀਫ਼ੇ ਦਾ ਕੋਈ ਫ਼ਾਇਦਾ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਜਿਵੇਂ 4 ਜ਼ਿਮਨੀ ਚੋਣਾਂ ‘ਤੇ ਅਕਾਲੀ ਦਲ ਨਹੀਂ ਲੜਿਆ ਤਾਂ ਭਾਜਪਾ ਨਾਲ ਅਕਾਲੀ ਦਲ ਦਾ ਸਮਰਥਨ ਨਾ ਹੋ ਜਾਵੇ।

ਸ. ਭੱਟੀ ਨੇ ਰਾਜਾ ਵੜਿੰਗ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਤੁਸੀਂ ਆਪਣੀ ਪਾਰਟੀ ਤੇ ਧਿਆਨ ਦਿਉ, ਸ਼੍ਰੋਮਣੀ ਅਕਾਲੀ ਦਲ ਨਾਲ ਤੁਹਾਡਾ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਤੁਸੀਂ ਸ. ਸੁਖਬੀਰ ਸਿੰਘ ਬਾਦਲ ਦੀ ਦੂਰਅੰਦੇਸ਼ੀ ਸੋਚ ਤੱਕ ਪਹੁੰਚ ਸਕਦੇ ਹੋ। ਉਨ੍ਹਾਂ ਕਿਹਾ ਕਿ ਤੁਸੀਂ ਆਪ ਗਿਦੜਬਾਹਾ ਦੀ ਸੀਟ ਹਾਰ ਗਏ ਤੇ ਬਿਆਨਬਾਜ਼ੀ ਦੂਸਰੀਆਂ ਪਾਰਟੀਆਂ ਤੇ ਕਰਦੇ ਹੋ। ਉਨ੍ਹਾਂ ਕਿਹਾ ਕਿ ਸਮੁੱਚਾ ਅਕਾਲੀ ਦਲ ਅੱਜ ਵੀ ਸ. ਸੁਖਬੀਰ ਸਿੰਘ ਬਾਦਲ ਨਾਲ ਖੜ੍ਹਾ ਹੈ, ਜਿਸਤੋਂ ਉਹ ਸਮਝ ਲੈਣ ਕੇ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਸ. ਸੁਖਬੀਰ ਸਿੰਘ ਬਾਦਲ ਦੀ ਹੀ ਅਗਵਾਈ ਵਿੱਚ ਸਾਰੀਆਂ ਚੋਣਾਂ ਲੜੇਗਾ। ਸਮਝਦਾਰ ਨੂੰ ਇਸ਼ਾਰਾ ਹੀ ਕਾਫ਼ੀ ਹੈ, ਬਾਕੀਆਂ ਦਾ ਰੱਬ ਰਾਖਾ।

Leave a Reply

Your email address will not be published. Required fields are marked *