ਅੰਮ੍ਰਿਤਸਰ ਦੇ 450 ਸਾਲਾ ਸਥਾਪਨਾ ਦਿਵਸ ਨੂੰ ਲੈ ਕੇ ਸਪੀਕਰ ਨੇ ਕੀਤੀ ਪਲੇਠੀ ਮੀਟਿੰਗ

ਚੰਡੀਗੜ੍ਹ ਪੰਜਾਬ



ਵੱਖ ਵੱਖ ਸੰਸਥਾਵਾਂ ਨਾਲ ਕੀਤੀ ਵਿਚਾਰ – ਚਰਚਾ



ਚੰਡੀਗੜ੍ਹ/ਅੰਮ੍ਰਿਤਸਰ, 28 ਨਵੰਬਰ
,ਬੋਲੇ ਪੰਜਾਬ ਬਿਊਰੋ ;

ਅੰਮ੍ਰਿਤਸਰ ਦੇ 450 ਸਾਲਾ ਸਥਾਪਨਾ ਦਿਵਸ  ਜੋ ਕਿ ਸਾਲ 2027 ਨੂੰ ਆ ਰਿਹਾ ਹੈ, ਨੂੰ  ਵਧੀਆ ਢੰਗ ਨਾਲ ਮਨਾਉਣ ਸਬੰਧੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਨੇ ਅੰਮ੍ਰਿਤਸਰ ਦੀਆਂ ਧਾਰਮਿਕ, ਸਮਾਜਿਕ ਅਤੇ ਹੋਰ ਸੰਸਥਾਵਾਂ ਨਾਲ ਵਿਚਾਰ ਚਰਚਾ ਕੀਤੀ ਅਤੇ ਉਨ੍ਹਾਂ ਦੀ ਸਲਾਹ ਲਈ ਕਿ ਇਸ ਨੂੰ ਵਧੀਆ ਢੰਗ ਨਾਲ ਕਿਸ ਤਰ੍ਹਾਂ ਮਨਾਇਆ ਜਾ ਸਕਦਾ ਹੈ।

ਇਸ ਮੀਟਿੰਗ ਵਿੱਚ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਮਾਨਯੋਗ ਸਪੀਕਰ ਦੇ ਧਿਆਨ ਵਿੱਚ ਲਿਆਂਦਾ ਕਿ ਕੇਵਲ ਦੋ ਸਾਲ ਦਾ ਹੀ ਸਮਾਂ ਸਾਡੇ ਕੋਲ ਹੈ ਅਤੇ 450 ਸਾਲਾ ਨੂੰ ਮਨਾਉਣ ਲਈ ਜੰਗੀ ਪੱਧਰ ਤੇ ਤਿਆਰੀਆਂ ਕੀਤੀਆਂ ਜਾਣੀਆਂ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਇਸ ਸਮੇਂ ਸਾਫ ਸਫਾਈ, ਬਿਜਲੀ ਦੀਆਂ ਲਟਕਦੀਅ ਤਾਰਾਂ ਅਤੇ ਟ੍ਰੈਫਿਕ ਵਿਵਸਥਾ ਨੂੰ ਦਰੁਸਤ ਕਰਨਾ ਹੈ। ਇਸ ਵਿਚਾਰ ਚਰਚਾ ਨੂੰ ਅੱਗੇ ਤੋਰਦੇ ਹੋਏ ਸ੍ਰ ਜਸਵਿੰਦਰ ਸਿੰਘ ਐਡਵੋਕੇਟ ਨੇ ਦੱਸਿਆ ਕਿ ਬਾਹਰੋਂ ਆਉਣ ਵਾਲੇ ਯਾਤਰੂਆਂ ਨੂੰ ਰਸਤਿਆਂ ਦੀ ਸਹੀ ਜਾਣਕਾਰੀ ਨਹੀਂ ਮਿਲਦੀ, ਇਸ ਲਈ ਅੰਮ੍ਰਿਤਸਰ ਦੇ ਮੇਨਗੇਟ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਤੱਕ ਸਾਇਨ ਬੋਰਡ ਲਗਾਏ ਜਾਣ। ਉਨ੍ਹਾਂ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੇ ਚਾਰੇ ਪਾਸੇ ਰਿਹਾਇਸ਼ਾਂ ਅਤੇ ਕਮਰੀਸ਼ੀਅਲ ਅਦਾਰਿਆਂ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਆਪਣੀਆਂ ਛੱਤਾਂ ਤੇ ਬੂਟੇ ਲਗਾਉਣ ਤਾਂ ਜੋ ਪ੍ਰਦੂਸ਼ਿਤ ਵਾਤਾਵਰਣ ਨੂੰ ਠੀਕ ਕੀਤਾ ਜਾ ਸਕੇ ਅਤੇ ਆਉਣ ਵਾਲੇ ਯਾਤਰੂਆਂ ਨੂੰ ਵਧੀਆ ਪ੍ਰਭਾਵ ਪਵੇ। ਇਸ ਮੌਕੇ ਕਈ ਹੋਰ ਸੰਸਥਾਵਾਂ ਦੇ ਮੈਂਬਰਾਂ ਨੇ ਮਾਨਯੋਗ ਸਪੀਕਰ ਸਾਹਿਬ ਦੇ ਧਿਆਨ ਵਿੱਚ ਲਿਆਉਂਦਿਆਂ ਕਿਹਾ ਕਿ ਹਾਲਗੇਟ ਤੋਂ ਲੈ ਕੇ ਜਲਿਆਂਵਾਲਾ ਬਾਗ ਤੱਕ ਵੱਡੀ ਗਿਣਤੀ ਵਿੱਚ ਭਿਖਾਰੀ ਹਨ ਜਿੰਨਾਂ ਨੂੰ ਇਥੇ ਹਟਾਇਆ ਜਾਣਾ ਬਹੁਤ ਜਰੂਰੀ ਹੈ। ਉਨ੍ਹਾਂ  ਕਿਹਾ ਕਿ ਹੋਰ ਸਭ ਤੋਂ ਵੱਡੀ ਸਮੱਸਿਆ ਨਜ਼ਾਇਜ ਕਬਜੇ ਅਤੇ ਅਵਾਰਾ ਕੁੱਤਿਆਂ ਦੀ ਹੈ।

ਵਿਚਾਰ ਚਰਚਾ ਉਪਰੰਤ ਸ੍ਰ ਸੰਧਵਾਂ ਨੇ ਕਿਹਾ ਕਿ ਸਰਕਾਰ 450 ਸਾਲਾ ਮਨਾਉਣ ਲਈ ਹਰੇਕ ਸੰਭਵ ਕਦਮ ਚੁੱਕੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਹਰੇਕ ਦੋ ਮਹੀਨਿਆਂ ਬਾਅਦ ਮੀਟਿੰਗ ਕੀਤੀ ਜਾਵੇਗੀ। ਸ੍ਰ ਸੰਧਵਾਂ ਨੇ ਸਮੂਹ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 450 ਸਾਲਾ ਮਨਾਉਣ ਲਈ ਆਪੋ ਆਪਣੇ ਸੁਝਾਓ ਅਤੇ ਯੋਜਨਾ ਤਿਆਰ ਕਰਕੇ ਦੇਣ ਤਾਂ ਜੋ ਉਸ ਅਨੁਸਾਰ ਕਾਰਵਾਈ ਆਰੰਭੀ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਇਸ ਸਮਾਗਮ ਨੂੰ ਸੁਚੱਜੇ ਢੰਗ ਨਾਲ ਮਨਾਉਣ ਲਈ ਵਚਨਬੱਧ ਹੈ ਅਤੇ ਇਸ ਕਾਰਜ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।

ਸ੍ਰ ਸੰਧਵਾਂ ਨੇ ਸਮੂਹ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਪਵਿੱਤਰ ਕਾਰਜ ਲਈ ਵੱਧ ਚੜ੍ਹ ਕੇ ਸਰਕਾਰ ਦਾ ਸਹਿਯੋਗ ਕਰਨ। ਸ੍ਰ ਸੰਧਵਾ ਨੇ ਸਮੂਹ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਸ਼ਹਿਰ ਦੀ ਸਾਫ ਸਫਾਈ ਵਿਵਸਥਾ ਨੂੰ ਲੈ ਕੇ ਸਖਤ ਕਦਮ ਚੁੱਕੇ ਜਾਣ ਅਤੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਤੁਰੰਤ ਦਰੁਸਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਮਾਗਮ ਨੂੰ ਮਨਾਉਣ ਲਈ ਹੁਣ ਤੋਂ ਹੀ ਬਿਜਲੀ ਦੀਆਂ ਲਟਕਦੀਆਂ ਤਾਰਾਂ, ਰਸਤੇ ਵਿੱਚ ਆਉਂਦੇ ਖੰਭੇ, ਸਾਫ ਸਫਾਈ ਦੀ ਸ਼ੁਰੂਆਤ ਹੋ ਜਾਣੀ ਚਾਹੀਦੀ ਹੈ।

ਇਸ ਮੀਟਿੰਗ ਵਿੱਚ ਵਿਧਾਇਕ ਡਾ:ਅਜੈ ਗੁਪਤਾ, ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਝਰ, ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ, ਪੁਲਿਸ ਕਮਿਸ਼ਨਰ ਸ੍ ਗੁਰਪ੍ਰੀਤ ਸਿੰਘ ਭੁੱਲਰ, ਕਮਿਸ਼ਨਰ ਨਗਰ ਸ੍ਰੀ ਗੁਲਪ੍ਰੀਤ ਸਿੰਘ ਔਲਖ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਸਰੀਨ, ਚੇਅਰਮੈਨ ਪ੍ਰਦੂਸ਼ਣ ਕੰਟਰੋਲ ਬੋਰਡ ਡਾ ਆਦਰਸ਼ ਪਾਲ ਵਿਗ, ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ੍ਰ ਜਸਪ੍ਰੀਤ ਸਿੰਘ ਤੋਂ ਇਲਾਵਾ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਮੁਖੀ ਵੀ ਹਾਜਰ ਸਨ।
—–

Leave a Reply

Your email address will not be published. Required fields are marked *