ਯੂਥ ਅਕਾਲੀ ਦਲ ਪ੍ਰਧਾਨ ਸਰਬਜੀਤ ਝਿੰਜਰ ਨੇ ਦਿੱਲੀ ਮੈਟਰੋ ਸਟੇਸ਼ਨ ‘ਤੇ ਅੰਮ੍ਰਿਤਧਾਰੀ ਸਿੱਖ ਨੂੰ ਦਾਖਲੇ ਤੋਂ ਇਨਕਾਰ ਕਰਨ ਦੀ ਘਟਨਾ ਦੀ ਕੀਤੀ ਸਖ਼ਤ ਨਿੰਦਾ

ਚੰਡੀਗੜ੍ਹ

ਸਿੱਖਾਂ ਨੇ ਦੇਸ਼ ਲਈ ਅਨੇਕਾਂ ਕੁਰਬਾਨੀਆਂ ਦਿੱਤੀਆਂ ਹਨ ਅਤੇ ਇਹ ਬੜਾ ਦੁਖਦਾਈ ਹੈ ਕਿ ਸਾਨੂੰ ਅਜੇ ਵੀ ਆਪਣੇ ਦੇਸ਼ ਵਿੱਚ ਅਜਿਹੇ ਸਲੂਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ: ਸਰਬਜੀਤ ਸਿੰਘ ਝਿੰਜਰ

ਚੰਡੀਗੜ੍ਹ, 28 ਨਵੰਬਰ,ਬੋਲੇ ਪੰਜਾਬ ਬਿਊਰੋ :

ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਅੱਜ ਦਿੱਲੀ ਦੀ ਇਕ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ ਜਿੱਥੇ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਕਿਰਪਾਨ (ਸ੍ਰੀ ਸਾਹਿਬ) ਪਾਉਣ ਕਾਰਨ ਦਿੱਲੀ ਦੇ ਝਿਲਮਿਲ ਮੈਟਰੋ ਸਟੇਸ਼ਨ ‘ਤੇ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਸੀ।

ਝਿੰਜਰ ਨੇ ਕਿਹਾ, “ਮੈਂ ਦਿੱਲੀ ਦੇ ਝਿਲਮਿਲ ਮੈਟਰੋ ਸਟੇਸ਼ਨ ‘ਤੇ ਵਾਪਰੀ ਘਟਨਾ ਦੀ ਸਖ਼ਤ ਨਿਖੇਧੀ ਕਰਦਾ ਹਾਂ ਜਿੱਥੇ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਕਿਰਪਾਨ (ਸ੍ਰੀ ਸਾਹਿਬ) ਪਾਉਣ ਕਰਕੇ ਮੈਟਰੋ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ਇਹ ਸਾਡੇ ਧਰਮ ਨੂੰ ਨਿਭਾਉਣ ਦੇ ਸਾਡੇ ਲੋਕਤੰਤਰੀ ਅਧਿਕਾਰ ਦੀ ਸਪੱਸ਼ਟ ਉਲੰਘਣਾ ਹੈ।”

ਝਿੰਝਰ ਨੇ ਸਿੱਖ ਧਰਮ ਵਿਚ ਕਿਰਪਾਨ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਕਿਹਾ, “ਕਿਰਪਾਨ (ਸ੍ਰੀ ਸਾਹਿਬ) ਸਾਡੇ ਲਈ ਬਹੁਤ ਪਵਿੱਤਰ ਹੈ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਨੂੰ ਦਿੱਤੇ ਗਏ 5 ਕੱਕਾਰਾਂ ਵਿਚੋਂ ਇਕ ਹੈ। ਇਹ ਕੇਵਲ ਸਾਡੀ ਆਸਥਾ ਦਾ ਪ੍ਰਤੀਕ ਨਹੀਂ ਹੈ, ਸਗੋਂ ਨਿਆਂ ਅਤੇ ਨਿਰਦੋਸ਼ਾਂ ਦੀ ਸੁਰੱਖਿਆ ਕਰਨ ਪ੍ਰਤੀ ਸਾਡੀ ਵਚਨਬੱਧਤਾ ਦੀ ਨਿਸ਼ਾਨੀ ਹੈ।”

ਝਿੰਜਰ ਨੇ ਤੁਰੰਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ, “ਮੈਂ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਗਲਤੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਸਾਰੇ ਸੁਰੱਖਿਆ ਅਧਿਕਾਰੀਆਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇ, ਤਾਂਜੋ ਉਹ ਸਾਰੇ ਵਿਅਕਤੀਆਂ ਦੀ ਧਾਰਮਿਕ ਆਜ਼ਾਦੀ ਦਾ ਸਨਮਾਨ ਕਰਨ।”

ਝਿੰਝਰ ਨੇ ਅੱਗੇ ਕਿਹਾ, “ਅਜਿਹੀਆਂ ਘਟਨਾਵਾਂ ਸਿੱਖ ਭਾਈਚਾਰੇ ਵਿੱਚ ਬੇਗਾਨੇਪਣ ਦੀ ਭਾਵਨਾ ਪੈਦਾ ਕਰ ਸਕਦੀਆਂ ਹਨ, ਅਤੇ ਇਹ ਯਕੀਨੀ ਬਣਾਉਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਹੋਣ।”

ਉਨ੍ਹਾਂ ਅੱਗੇ ਕਿਹਾ, “ਸਾਡਾ ਸੰਵਿਧਾਨ ਸਾਡੇ ਧਰਮ ਦੀ ਪਾਲਣਾ ਕਰਨ ਅਤੇ ਅਭਿਆਸ ਕਰਨ ਦੇ ਸਾਡੇ ਅਧਿਕਾਰ ਦੀ ਰੱਖਿਆ ਕਰਦਾ ਹੈ ਅਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਉਨ੍ਹਾਂ ਧਾਰਮਿਕ ਆਜ਼ਾਦੀਆਂ ਦੀ ਪੂਰੀ ਤਰ੍ਹਾਂ ਅਣਦੇਖੀ ਕਰਦੀਆਂ ਹਨ। ਸਿੱਖਾਂ ਨੇ ਦੇਸ਼ ਲਈ ਬਹੁਤ ਕੁਰਬਾਨੀਆਂ ਕੀਤੀਆਂ ਹਨ ਅਤੇ ਇਹ ਬੜੇ ਦੁੱਖ ਦੀ ਗੱਲ ਹੈ ਕਿ ਸਾਨੂੰ ਅਜੇ ਵੀ ਆਪਣੇ ਦੇਸ਼ ਵਿੱਚ ਅਜਿਹੇ ਸਲੂਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਂ ਮੈਟਰੋ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕਰਦਾ ਹਾਂ ਕਿ ਸੁਰੱਖਿਆ ਪ੍ਰੋਟੋਕੋਲ ਸਾਰੇ ਵਿਅਕਤੀਆਂ ਦੀ ਧਾਰਮਿਕ ਆਜ਼ਾਦੀ ਦਾ ਸਨਮਾਨ ਕਰਦੇ ਹੋਏ ਬਣਾਏ ਜਾਣ।”

Leave a Reply

Your email address will not be published. Required fields are marked *