ਈਟੀਟੀ ਬੇਰੁਜਗਾਰ ਅਧਿਆਪਕਾਂ ਨੇ ਰੋਡ ਕੀਤਾ ਜਾਮ
ਮੁਹਾਲੀ, 28 ਨਵੰਬਰ,ਬੋਲੇ ਪੰਜਾਬ ਬਿਊਰੋ :
ਪਿਛਲੇ ਚਾਰ ਦਿਨਾਂ ਤੋਂ ਡੀਪੀਆਈ ਦਫਤਰ ਅੱਗੇ ਰੋਸ ਧਰਨਾ ਦੇ ਰਹੀਆਂ ਈਟੀਟੀ ਕਾਡਰ ਦੀਆਂ 5994 ਅਤੇ 2364 ਯੂਨੀਅਨਾਂ ਨੇ ਪੰਜਾਬ ਸਰਕਾਰ ਦੀ ਲਾਰੇਬਾਜੀ ਤੋਂ ਤੰਗ ਆ ਕੇ ਵੀਰਵਾਰ ਨੂੰ ਰੋਡ ਜਾਮ ਕਰ ਦਿੱਤਾ। ਜਿਸ ਦੌਰਾਨ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜੀ ਕਰਦੇ ਹੋਏ ਸਰਕਾਰ ਦੇ ਝੂਠੇ ਲਾਰਿਆਂ ਦੀ ਪੰਡ ਸਾੜੀ ਗਈ। ਇਸ ਮੌਕੇ ਬੇਰੁਜਗਾਰਾਂ ਦੇ ਬਜੁਰਗ ਮਾਪਿਆਂ ਅਤੇ ਛੋਟੇ ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ।
ਆਗੂਆਂ ਨੇ ਦੱਸਿਆ ਕਿ ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਬਹਾਨੇਬਾਜੀ ਤੋਂ ਉਹ ਅੱਕ ਚੁੱਕੇ ਹਨ। ਜਿਸ ਦੇ ਰੋਸ ਵਜੋਂ ਹੁਣ ਮਜਬੂਰਨ ਰੋਡ ਜਾਮ ਕਰਨਾ ਪਿਆ ਹੈ।
ਜਿਕਰਯੋਗ ਹੈ ਕਿ 25 ਨਵੰਬਰ ਸੋਮਵਾਰ ਤੋਂ ਲਗਾਤਾਰ ਧਰਨਾ ਦੇ ਰਹੇ ਬੇਰੁਜਗਾਰ ਅਧਿਆਪਕਾਂ ਦੀਆਂ ਮੰਗਾਂ ਨੂੰ ਸਿੱਖਿਆ ਮੰਤਰੀ ਅਤੇ ਉੱਚ ਅਧਿਕਾਰੀ ਲਗਤਾਰ ਅਣਗੌਲਿਆ ਕਰ ਰਹੇ ਹਨ। ਆਏ ਦਿਨ ਮੀਟਿੰਗ ਦਾ ਬਹਾਨਾ ਬਣਾ ਕੇ ਟਾਲ ਦਿੱਤਾ ਜਾਂਦਾ ਹੈ।
ਈਟੀਟੀ ਕਾਡਰ ਦੀਆਂ ਦੋਨੋ ਯੂਨੀਅਨਾਂ ਦੇ ਆਗੂ ਪਰਮਪਾਲ ਫਾਜਿਲਕਾ, ਹਰਜੀਤ ਬੁਢਲਾਡਾ, ਬੰਟੀ ਕੰਬੋਜ, ਗੁਰਸੰਗਤ ਬੁਢਲਾਡਾ, ਬੱਗਾ ਖੁਡਾਲ, ਬਲਿਹਾਰ ਸਿੰਘ, ਮਨਪ੍ਰੀਤ ਮਾਨਸਾ, ਰਮੇਸ਼ ਅਬੋਹਰ, ਆਦਰਸ਼ ਅਬੋਹਰ ਅਤੇ ਹਰੀਸ਼ ਕੰਬੋਜ ਨੇ ਦੱਸਿਆ ਕਿ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰਨ ਨਾਲ ਪੰਜਾਬ ਸਰਕਾਰ ਕੁਝ ਵੀ ਨਹੀ ਕਰਦੀ, ਸਾਨੂੰ ਰੋਡ ਜਾਮ ਕਰਨ ਅਤੇ ਹੋਰ ਐਕਸ਼ਨ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਉਨ੍ਹਾਂ ਆਖਿਆ ਕਿ ਪਿਛਲੇ ਚਾਰ ਦਿਨਾਂ ਤੋਂ ਕੜਾਕੇ ਦੀ ਠੰਡ ਦੇ ਬਾਵਜੂਦ ਲੱਗੇ ਧਰਨੇ ਵਿੱਚ ਬੇਰੁਜਗਾਰ ਅਧਿਆਪਕਾਂ ਦੇ ਨਾਲ ਨਾਲ ਉਨ੍ਹਾਂ ਦੇ ਬਜੁਰਗ ਮਾਤਾ-ਪਿਤਾ ਅਤੇ ਛੋਟੇ ਬੱਚੇ ਵੀ ਭਰਵੀਂ ਸ਼ਮੂਲੀਅਤ ਕਰ ਰਹੇ ਹਨ।
ਆਗੂਆਂ ਨੇ ਆਖਿਆ ਕਿ ਪੰਜਾਬ ਸਰਕਾਰ ਪੜ੍ਹੇ ਲਿਖੇ ਨੌਜਵਾਨਾਂ ਦੇ ਖੂਨ ਦੀ ਪਿਆਸੀ ਹੋ ਚੁੱਕੀ ਹੈ। ਉਨ੍ਹਾਂ ਆਖਿਆ ਕਿ ਈਟੀਟੀ 5994 ਅਤੇ 2364 ਭਰਤੀ ਵਿੱਚ ਚੁਣੇ ਗਏ ਦਰਜਨ ਤੋਂ ਵੱਧ ਉਮੀਦਵਾਰ ਨੌਕਰੀ ਦਾ ਇੰਤਜਾਰ ਕਰਦੇ ਕਰਦੇ ਮੌਤ ਦੇ ਮੂੰਹ ਵਿੱਚ ਚਲੇ ਗਏ ਹਨ ਪਰ ਪੰਜਾਬ ਸਰਕਾਰ ਚੁਣੇ ਗਏ ਉਮੀਦਵਾਰਾਂ ਨੂੰ ਸਕੂਲਾਂ ਵਿੱਚ ਜੁਆਇਨ ਕਰਵਾਉਣ ਲਈ ਕੋਈ ਦਿਲਚਸਪੀ ਨਹੀ ਲੈ ਰਹੀ। ਜਿਸ ਕਾਰਨ ਬੇਰੁਜਗਾਰ ਅਧਿਆਪਕਾਂ ਅੰਦਰ ਰੋਸ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ।
ਆਗੂਆਂ ਨੇ ਆਖਿਆ ਕਿ ਈਟੀਟੀ 2364 ਭਰਤੀ ਸਬੰਧੀ ਪ੍ਰੋਵੀਜਨਲ ਸਿਲੈਕਸ਼ਨ ਲਿਸਟਾਂ ਸਿੱਖਿਆ ਵਿਭਾਗ ਵੱਲੋਂ 25 ਜੁਲਾਈ 2024 ਨੂੰ ਅਤੇ 5994 ਭਰਤੀਆਂ ਦੀ ਪ੍ਰੋਵੀਜ਼ਨਲ ਸਿਲੈਕਸ਼ਨ ਲਿਸਟਾਂ 1 ਸਤੰਬਰ 2024 ਨੂੰ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਪਰ ਅਜੇ ਤੱਕ ਸਿੱਖਿਆ ਵਿਭਾਗ ਵੱਲੋਂ ਸਾਨੂੰ ਜੁਆਇਨ ਨਹੀ ਕਰਵਾਇਆ ਗਿਆ ਜਦਕਿ ਹੋਰਨਾਂ ਵਿਭਾਗਾਂ ਦੇ ਉਮੀਦਵਾਰ ਜਿਨ੍ਹਾਂ ਦੀ ਪ੍ਰੀਖਿਆ ਸਾਡੇ ਨਾਲੋਂ ਕਿਤੇ ਜਿਆਦਾ ਬਾਅਦ ਵਿੱਚ ਲਸਈ ਗਈ ਸੀ, ਨੂੰ ਜੁਆਇਨ ਵੀ ਕਰਵਾਇਆ ਜਾ ਚੁੱਕਾ ਹੈ।
ਆਗੂਆਂ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਜਲਦ ਤੋਂ ਜਲਦ ਸਕੂਲਾਂ ਵਿੱਚ ਜੁਆਇਨ ਨਾ ਕਰਵਾਇਆ ਗਿਆ ਤਾਂ ਬੇਰੁਜਗਾਰ ਅਧਿਆਪਕ ਗੁਪਤ ਅਤੇ ਤਿੱਖੇ ਐਕਸ਼ਨ ਕਰਨ ਤੋਂ ਵੀ ਗੁਰੇਜ ਨਹੀ ਕਰਨਗੇ।