ਸਰਕਾਰੀ ਜ਼ਿਲਾ ਲਾਇਬ੍ਰੇਰੀ ਨੂੰ ਬੰਦ ਨਹੀਂ ਹੋਣ ਦਿੱਤਾ ਜਾਵੇਗਾ÷ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ)

ਪੰਜਾਬ


ਮਾਨਸਾ 27 ਨਵੰਬਰ ,ਬੋਲੇ ਪੰਜਾਬ ਬਿਊਰੋ :

ਅੱਜ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਅਗਵਾਈ ਵਿੱਚ ਜ਼ਿਲਾ ਮਾਨਸਾ ਦੀ ਸਰਕਾਰੀ ਲਾਇਬ੍ਰੇਰੀ ਨੂੰ ਬਚਾਉਣ ਦੇ ਲਈ ਅਤੇ ਪਾਠਕਾਂ ਦੀ ਲੁੱਟ ਦੇ ਖਿਲਾਫ਼ ਪਾਠਕਾਂ ਵੱਲੋਂ ਸਥਾਨਕ ਬਾਲ ਭਵਨ ਮਾਨਸਾ ਵਿੱਚ ਰੋਸ ਰੈਲੀ ਕੀਤੀ ਗਈ ਅਤੇ 27 ਮੈਂਬਰੀ ਜਿਲ੍ਹਾ ਲਾਇਬ੍ਰੇਰੀ ਬਚਾਉ ਕਮੇਟੀ ਦਾ ਗਠਨ ਕੀਤਾ ਗਿਆ,ਜਿਸਦੇ ਕਨਵੀਨਰ ਸੁਰਿੰਦਰ ਸਿੰਘ,ਕੋ ਕਨਵੀਨਰ ਸੁਮਨਪ੍ਰੀਤ ਕੌਰ ਮਾਨਸਾ, ਸਕੱਤਰ ਮਨਵੀਰ ਸਿੰਘ ਮਾਨਸਾ, ਸਹਾਇਕ ਸਕੱਤਰ ਮਨਪ੍ਰੀਤ ਕੌਰ ਮਾਨਸਾ,ਖ਼ਜ਼ਾਨਚੀ ਖੁਸ਼ਹਾਲ ਸਿੰਘ ਬੁਰਜ ਢਿੱਲਵਾਂ ਅਤੇ ਸਹਾਇਕ ਖ਼ਜ਼ਾਨਚੀ ਅੰਕਿਤਾ ਮਾਨਸਾ ਨੂੰ ਚੁਣਿਆ ਗਿਆ।ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਆਇਸਾ ਦੇ ਸੂਬਾ ਆਗੂ ਸੁਖਜੀਤ ਸਿੰਘ ਰਾਮਾਨੰਦੀ ਅਤੇ ਜਿਲ੍ਹਾ ਲਾਇਬ੍ਰੇਰੀ ਬਚਾਉ ਕਮੇਟੀ ਵੱਲੋਂ ਲਾਇਬ੍ਰੇਰੀ ਦੀ ਮੈਂਬਰਸ਼ਿੱਪ ਪ੍ਰਾਪਤ ਵਿਦਿਆਰਥੀਆਂ ਨੇ ਕਿਹਾ ਕਿ ਪਾਠਕਾਂ ਨੂੰ ਫਰਵਰੀ ਮਹੀਨੇ ਵਿੱਚ ਅੰਬੇਦਕਰ ਭਵਨ ਮਾਨਸਾ ਵਿੱਚ ਬਣੀ ਜ਼ਿਲਾ ਲਾਇਬ੍ਰੇਰੀ ਦੀ ਮੁਰੰਮਤ ਕਰਵਾਉਣ ਦਾ ਬਹਾਨਾ ਬਣਾ ਕੇ ਜ਼ਿਲਾ ਪ੍ਰਸ਼ਾਸਨ ਵੱਲੋਂ ਬਾਹਰ ਕਰਨ ਤੋਂ ਬਾਅਦ ਬੱਚਤ ਭਵਨ ਮਾਨਸਾ ਨੂੰ ਲਾਇਬ੍ਰੇਰੀ ਵਜੋਂ ਮੁੱਹਈਆ ਕਰਵਾ ਦਿੱਤਾ ਗਿਆ ਸੀ। ਹੁਣ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਨੂੰ ਬੱਚਤ ਭਵਨ ਖਾਲੀ ਕਰਨ ਲਈ ਕਿਹਾ ਜਾ ਰਿਹਾ ਹੈ ਅਤੇ ਜ਼ਿਲੇ ਅੰਦਰ ਪਹਿਲਾਂ ਤੋਂ ਚੱਲ ਰਹੀ ਲਾਇਬ੍ਰੇਰੀ ਨੂੰ ਰੈੱਡ ਕਰਾਸ ਨੂੰ ਸੌਂਪਦਿਆਂ ਲਾਇਬ੍ਰੇਰੀ ਦਾ ਨਾਮ ਮਾਨਸਾ ਯੂਥ ਲਾਇਬ੍ਰੇਰੀ ਰੱਖਿਆ ਜਾ ਰਿਹਾ ਹੈ ਅਤੇ ਪਾਠਕਾਂ ਤੋਂ 500/-ਰੁਪਏ ਪ੍ਰਤੀ ਮਹੀਨਾ ਫੀਸ ਵਸੂਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਜਦੋਂਕਿ ਪਹਿਲਾਂ ਪਾਠਕਾਂ ਤੋਂ ਕੋਈ ਫੀਸ ਵਸੂਲ ਨਹੀਂ ਕੀਤੀ ਜਾਂਦੀ ਸੀ।ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਨਿੱਜੀਕਰਨ ਦੇ ਏਜੰਡੇ ਦੀ ਪੂਰਤੀ ਲਈ ਸੂਬੇ ਅੰਦਰ ਲਾਇਬ੍ਰੇਰੀਆਂ ਦਾ ਸੰਚਾਲਨ ਕਰਨ ਲਈ ਆਪਣਾ ਹੱਥ ਪਿੱਛੇ ਖਿੱਚਿਆ ਜਾ ਰਿਹਾ ਹੈ ਅਤੇ ਵਿਦਿਆਰਥੀਆਂ ਤੋਂ ਪੜਨ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ,ਜਿਸ ਦੇ ਖਿਲਾਫ ਪਾਠਕ ਅਤੇ ਵਿਦਿਆਰਥੀ ਸੰਘਰਸ਼ ਕਰਨ ਲਈ ਵਚਨਬੱਧ ਹਨ ਅਤੇ ਆਇਸਾ ਇਸ ਸੰਘਰਸ਼ ਦਾ ਡਟਕੇ ਸਮਰਥਨ ਕਰੇਗੀ। ਆਗੂਆਂ ਨੇ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਜ਼ਿਲੇ ਅੰਦਰ ਪਹਿਲਾਂ ਤੋਂ ਚੱਲ ਰਹੀ ਸਰਕਾਰੀ ਲਾਇਬ੍ਰੇਰੀ ਨੂੰ ਬਹਾਲ ਰੱਖਿਆ ਜਾਵੇ ਅਤੇ ਪਾਠਕਾਂ ਦੇ ਬੈਠਣ ਲਈ ਅੰਬੇਦਕਰ ਭਵਨ ਮਾਨਸਾ ਵਿਖੇ ਪਹਿਲਾਂ ਵਾਲੀ ਇਮਾਰਤ ਹੀ ਉਪਲੱਬਧ ਕਰਵਾਈ ਜਾਵੇ,ਪਾਠਕਾਂ ਤੋਂ ਫੀਸ ਵਸੂਲ ਕਰਨ ਦੀ ਨੀਤੀ ਵਾਪਸ ਲਈ ਜਾਵੇ ਅਤੇ ਵਿਦਿਆਰਥੀਆਂ ਨੂੰ ਬਿਨਾਂ ਫੀਸ ਤੋਂ ਮੁਫ਼ਤ ਲਾਇਬ੍ਰੇਰੀ ਉਪਲੱਬਧ ਕਰਵਾਈ ਜਾਵੇ ਅਤੇ ਲਾਇਬ੍ਰੇਰੀ ਅੰਦਰ ਆਧੁਨਿਕ ਸਹੂਲਤਾਂ ਦਿੱਤੀਆਂ ਜਾਣ,ਲਾਇਬ੍ਰੇਰੀ ਖੁੱਲੀ ਰਹਿਣ ਦਾ ਸਮਾਂ ਵਧਾਇਆ ਜਾਵੇ ਅਤੇ ਲਾਇਬ੍ਰੇਰੀ ਨੂੰ ਦਿਨ ਰਾਤ ਖੋਲਣ ਦੀ ਵਿਵਸਥਾ ਕੀਤੀ ਜਾਵੇ।ਆਗੂਆਂ ਨੇ ਕਿਹਾ ਕਿ ਕੱਲ੍ਹ ਪਾਠਕਾਂ ਵੱਲੋਂ ਡੀਸੀ ਮਾਨਸਾ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਅਜੇ ਤੱਕ ਕੋਈ ਸੁਣਵਾਈ ਨਹੀਂ ਕੀਤੀ ਗਈ ਅਤੇ ਜੇਕਰ ਮਸਲੇ ਦਾ ਹੱਲ ਨਾਂ ਕੀਤਾ ਗਿਆ ਤਾਂ ਕੱਲ੍ਹ ਨੂੰ ਜ਼ਿਲਾ ਯੂਥ ਲਾਇਬ੍ਰੇਰੀ ਦੇ ਉਦਘਾਟਨੀ ਸਮਾਰੋਹ ਦਾ ਪਾਠਕਾਂ ਵੱਲੋਂ ਬਾਈਕਾਟ ਕੀਤਾ ਜਾਵੇਗਾ।ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲਾ ਪ੍ਰਧਾਨ ਕਾਮਰੇਡ ਬਲਵਿੰਦਰ ਸਿੰਘ ਘਰਾਗਣਾਂ ਨੇ ਵੀ ਰੋਸ ਰੈਲੀ ਵਿੱਚ ਸ਼ਾਮਲ ਹੋ ਕੇ ਪਾਠਕਾਂ ਨੂੰ ਸੰਘਰਸ਼ ਵਿੱਚ ਪੂਰਨ ਸਮਰਥਨ ਦੇਣ ਦਾ ਵਿਸ਼ਵਾਸ਼ ਦਵਾਇਆ।
ਇਸ ਮੌਕੇ ਵਰਿੰਦਰ ਮੋਹਨ,ਕਮਲਪ੍ਰੀਤ ਸਿੰਘ,ਗੁਰਦੀਪ ਸਿੰਘ,ਹਰਦੀਪ ਸਿੰਘ, ਗੁਰਸੇਵਕ ਸਿੰਘ ਅਤੇ ਸੰਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਠਕ ਹਾਜ਼ਰ ਸਨ।

Leave a Reply

Your email address will not be published. Required fields are marked *