ਵਿਦੇਸ਼ੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਸਨੈਚਰ ਵੱਲੋਂ ਪੁਲਿਸ ਹਿਰਾਸਤ ‘ਚੋਂ ਭੱਜਣ ਦੀ ਕੋਸ਼ਿਸ਼ ਨਾਕਾਮ;ਪੁਲਿਸ ਨੇ ਮੁਲਜ਼ਮ ਨੂੰ ਲੱਤ ਵਿੱਚ ਗੋਲੀ ਮਾਰ ਕੇ ਕੀਤਾ ਕਾਬੂ

ਚੰਡੀਗੜ੍ਹ ਪੰਜਾਬ

ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ


ਮੌਕੇ ‘ਤੇ ਹੀ ਮਿਸਾਲੀ ਕਾਰਵਾਈ ਕਰਦਿਆਂ ਪੁਲਿਸ ਨੇ ਮੁਲਜ਼ਮ ਨੂੰ ਲੱਤ ਵਿੱਚ ਗੋਲੀ ਮਾਰ ਕੇ ਸਥਿਤੀ ਨੂੰ ਕਾਬੂ ਕੀਤਾ, ਟੀਮ ਅਤੇ ਮੌਕੇ ‘ਤੇ ਮੌਜੂਦ ਲੋਕਾਂ ਦੇ ਬਚਾਅ ਨੂੰ ਯਕੀਨੀ ਬਣਾਉਂਦਿਆਂ ਕੀਤੀ ਮਿਸਾਲੀ ਕਾਰਵਾਈ: ਡੀਜੀਪੀ ਗੌਰਵ ਯਾਦਵ


ਪੁਲਿਸ ਟੀਮਾਂ ਨੇ 300 ਪਾਊਂਡ, 600 ਯੂਰੋ ਅਤੇ 22,000 ਰੁਪਏ ਦੀ ਨਕਦੀ, ਪਾਸਪੋਰਟ, ਮੋਬਾਈਲ ਫੋਨ ਆਦਿ ਸਮੇਤ ਚੋਰੀ ਹੋਈਆਂ ਵਸਤਾਂ ਕੀਤੀਆਂ ਬਰਾਮਦ: ਸੀ.ਪੀ. ਗੁਰਪ੍ਰੀਤ ਭੁੱਲਰ

ਚੰਡੀਗੜ੍ਹ/ਅੰਮ੍ਰਿਤਸਰ, 27 ਨਵੰਬਰ ,ਬੋਲੇ ਪੰਜਾਬ ਬਿਊਰੋ :

ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਪਰਵਾਸੀ ਭਾਰਤੀਆਂ (ਐਨ.ਆਰ.ਆਈਜ਼) ਨੂੰ ਨਿਸ਼ਾਨਾ ਬਣਾਉਣ ਦੀਆਂ ਦੋ ਘਟਨਾਵਾਂ ਵਿੱਚ ਸ਼ਾਮਲ ਸਨੈਚਰ ਵੱਲੋਂ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਨੂੰ ਸਫ਼ਲਤਾਪੂਰਵਕ ਨਾਕਾਮ ਕਰ ਦਿੱਤਾ। ਦੱਸਣਯੋਗ ਹੈ ਕਿ ਉਕਤ ਸਨੈਚਰ ਪੁਲਿਸ ਕਰਮਚਾਰੀਆਂ ਤੋਂ ਰਾਈਫਲ ਖੋਹ ਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਪੁਲਿਸ ਮੁਲਾਜ਼ਮਾਂ ਨੇ ਬਹਾਦਰੀ ਦਿਖਾਉਂਦਿਆਂ ਉਸਦੀ ਲੱਤ ਵਿੱਚ ਗੋਲੀ ਮਾਰ ਕੇ ਉਸਨੂੰ ਜਖ਼ਮੀ ਕਰ ਦਿੱਤਾ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਦੱਸਣਯੋਗ ਹੈ ਕਿ ਫੜੇ ਗਏ ਸਨੈਚਰ ਦੀ ਪਛਾਣ ਸੂਰਜ ਉਰਫ਼ ਮੰਡੀ ਵਾਸੀ ਪਿੰਡ ਭਿੰਡੀਸੈਦਾ, ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਮੌਕਾ ਸੰਭਾਲਦਿਆਂ ਭੱਜਣ ਦੀ ਕੋਸ਼ਿਸ਼ ਕਰ ਰਹੇ ਉਕਤ ਸਨੈਚਰ  ਦੀ ਲੱਤ ਵਿੱਚ ਗੋਲੀ ਮਾਰ ਕੇ ਪੇਸ਼ੇਵਰ ਢੰਗ ਨਾਲ ਮਿਸਾਲੀ ਬਹਾਦਰੀ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਇਸ ਤੁਰੰਤ ਕਾਰਵਾਈ ਦੌਰਾਨ ਪੁਲਿਸ ਨੇ ਇਹ ਵੀ ਯਕੀਨੀ ਬਣਾਇਆ ਕਿ ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਜਾਂ ਰਾਹਗੀਰਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ।

ਡੀਜੀਪੀ ਨੇ ਦੱਸਿਆ ਕਿ ਸਨੈਚਿੰਗ ਦੀ ਇੱਕ ਵਾਰਦਾਤ ਵਿੱਚ ਇੱਕ ਔਰਤ ਵੀ ਜ਼ਖ਼ਮੀ ਹੋਈ ਸੀ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸਨੈਚਿੰਗ ਸਬੰਧੀ ਉਕਤ ਮਾਮਲਿਆਂ ਦੀ ਡੂੰਘਾਈ ਨਾਲ ਤਫਤੀਸ਼ ਕਰਦਿਆਂ ਪੁਲਿਸ ਥਾਣਾ ਸਿਵਲ ਲਾਈਨ ਅੰਮ੍ਰਿਤਸਰ ਸਿਟੀ ਦੀ ਟੀਮ ਨੇ ਮੁਲਜ਼ਮ ਸੂਰਜ ਨੂੰ ਟਰੇਸ ਕਰਕੇ ਗ੍ਰਿਫਤਾਰ ਕਰ ਲਿਆ ਸੀ।

ਉਨ੍ਹਾਂ ਦੱਸਿਆ ਕਿ 300 ਪੌਂਡ, 600 ਯੂਰੋ ਅਤੇ 22,000 ਰੁਪਏ ਦੀ ਨਕਦੀ, ਪਾਸਪੋਰਟ, ਮੋਬਾਈਲ ਫ਼ੋਨ, ਏਟੀਐਮ ਕਾਰਡ, ਬਰਕਲੇ ਕਾਰਡ, ਰੀਵੋਲਟ ਕਾਰਡ ਅਤੇ ਮੌਰੀਸ਼ਸ ਦੇ ਨੈਸ਼ਨਲ ਆਈਡੀ ਕਾਰਡ ਸਮੇਤ ਚੋਰੀ ਦਾ ਸਾਰਾ ਸਾਮਾਨ ਬਰਾਮਦ ਕਰ ਲਿਆ ਗਿਆ ਹੈ।
         
ਜ਼ਿਕਰਯੋਗ ਹੈ ਕਿ ਚੋਰੀ ਹੋਏ ਸਮਾਨ ਨੂੰ ਬਰਾਮਦ ਕਰਨ ਵਿੱਚ ਤੁਰੰਤ ਅਤੇ ਪ੍ਰਭਾਵੀ ਕਾਰਵਾਈ ਲਈ ਦੋ ਅੰਤਰਰਾਸ਼ਟਰੀ ਸੈਲਾਨੀਆਂ ਨੇ ਅੰਮ੍ਰਿਤਸਰ ਪੁਲਿਸ ਦੀ ਭਰਵੀਂ ਸ਼ਲਾਘਾ ਕੀਤੀ। ਯੂਕੇ ਅਤੇ ਮੌਰੀਸ਼ਸ ਦੇ ਰਹਿਣ ਵਾਲੇ ਉਕਤ ਦੋਵੇਂ ਸੈਲਾਨੀ ਅੰਮ੍ਰਿਤਸਰ ਘੁੰਮਣ ਲਈ ਆਏ ਸਨ, ਜਿਸ ਦੌਰਾਨ ਦੋਵੇਂ ਵਿਅਕਤੀ ਵੱਖ-ਵੱਖ ਘਟਨਾਵਾਂ ਵਿੱਚ ਚੋਰੀ ਦਾ ਸ਼ਿਕਾਰ ਹੋ ਗਏ।

ਕੇਸ 1 ਦਾ ਵੇਰਵਾ:-

ਦਰਜ ਕੇਸ ਅਨੁਸਾਰ ਸ਼ਿਕਾਇਤਕਰਤਾ ਇੰਗਲੈਂਡ ਦੀ ਰਹਿਣ ਵਾਲੀ ਹੈ, ਜੋ 23.11.2024 ਨੂੰ ਆਪਣੀ ਧੀ ਅੰਜਲੀ ਮਜੀਠੀਆ ਨਾਲ ਇੰਗਲੈਂਡ ਤੋਂ ਦਿੱਲੀ ਆਈ ਅਤੇ 24.11.2024 ਨੂੰ ਅੰਮ੍ਰਿਤਸਰ ਪਹੁੰਚੀ।

ਉਨ੍ਹਾਂ ਨੇ ਹੋਟਲ ਬੈਸਟ ਵੈਸਟਰਨ ਕੁਈਨਜ਼, ਅੰਮ੍ਰਿਤਸਰ ਵਿੱਚ ਕਮਰਾ ਲਿਆ, ਜਿਸ ਤੋਂ ਬਾਅਦ ਉਸੇ ਦਿਨ ਉਹ ਦੋਵੇਂ ਭਰਾਵਾਂ ਦੇ ਢਾਬੇ ‘ਤੇ ਦੁਪਿਹਰ ਦਾ ਖਾਣਾ ਖਾਣ ਲਈ ਗਈਆਂ। ਖਾਣਾ ਖਾਣ ਤੋਂ ਬਾਅਦ ਉਨ੍ਹਾਂ ਨੇ ਹੋਟਲ ਬੈਸਟ ਵੈਸਟਰਨ ਕੁਈਨਜ਼ ਰੋਡ ‘ਤੇ ਵਾਪਸ ਜਾਣ ਲਈ ਇੱਕ ਈ-ਰਿਕਸ਼ਾ ਲਿਆ, ਪਰ ਜਦੋਂ ਦੁਪਹਿਰ 1:30 ਵਜੇ ਜਦੋਂ ਈ-ਰਿਕਸ਼ਾ ਹਾਲ ਗੇਟ ਦੇ ਸਾਹਮਣੇ ਰੇਲਵੇ ਫਲਾਈਓਵਰ ਬ੍ਰਿਜ ‘ਤੇ ਪਹੁੰਚਿਆ ਤਾਂ ਇਕ ਨੌਜਵਾਨ ਐਕਟਿਵਾ ਸਕੂਟਰ ‘ਤੇ ਪਿੱਛੇ ਤੋਂ ਆਇਆ। ਉਕਤ ਵਿਅਕਤੀ ਨੇ ਕਾਲਾ ਜੈਕਟ ਪਹਿਨਿਆ ਹੋਇਆ ਸੀ, ਜੋ ਸ਼ਿਕਾਇਤਕਰਤਾ ਦਾ ਪਰਸ ਖੋਹ ਕੇ ਆਪਣੀ ਸਕੂਟਰ ਭਜਾ ਕੇ ਮੌਕੇ ਤੋਂ ਫਰਾਰ ਹੋ ਗਿਆ।

 ਚੋਰੀ ਹੋਏ ਪਰਸ ਵਿੱਚ ਸ਼ਿਕਾਇਤਕਰਤਾ ਦੀਆਂ ਹੇਠ ਲਿਖੀਆਂ ਚੀਜ਼ਾਂ ਸਨ:

1. ਪਾਸਪੋਰਟ (ਯੂਨਾਈਟਿਡ ਕਿੰਗਡਮ ਆਫ਼ ਗ੍ਰੇਟ ਬ੍ਰਿਟੇਨ ਅਤੇ ਉੱਤਰੀ ਆਇਰਲੈਂਡ)
2. ਆਈਫੋਨ
3. ਆਈ.ਸੀ.ਆਈ.ਸੀ.ਆਈ. ਬੈਂਕ ਦਾ ਏਟੀਐਮ ਕਾਰਡ
4. ਬਰਕਲੇ ਕਾਰਡ
5. ਰੀਵੋਲਟ ਕਾਰਡ
6. ਅਮਰੀਕਨ ਐਕਸਪ੍ਰੈਸ ਕਾਰਡ
7. ਸਨਗਲਾਸ (ਡੀਐਂਡਜੀ ਬ੍ਰਾਂਡ)
8. 300 ਪਾਊਂਡ ਅਤੇ 2,000 ਰੁਪਏ ਦੀ ਨਕਦੀ (ਭਾਰਤੀ ਕਰੰਸੀ)

 ਕੇਸ-2 ਦਾ ਵੇਰਵਾ:-

ਜੀ.ਐਸ.ਐਸ. ਰੋਡ, ਗੁਡਲੈਂਡਜ਼ ਮੌਰੀਸ਼ਸ ਦੇ ਰਹਿਣ ਵਾਲੇ ਆਦਿਕ ਕੁਰੈਸ਼ੀ ਦੀ ਪਤਨੀ ਪ੍ਰੇਮੀਤਾ ਕੁਰੈਸ਼ੀ ਦੀ ਲਿਖਤੀ ਸ਼ਿਕਾਇਤ ਦੇ ਆਧਾਰ ‘ਤੇ ਕੇਸ ਦਰਜ ਕੀਤਾ ਗਿਆ ਸੀ, ਜਿਨ੍ਹਾਂ ਨੇ ਦੱਸਿਆ ਕਿ 21.11.2024 ਨੂੰ ਰਾਤ ਕਰੀਬ 10:30 ਵਜੇ ਉਹ ਦਰਬਾਰ ਸਾਹਿਬ ਤੋਂ ਹੋਟਲ ਗੋਲਡਨ ਵੈਲਵੇਟ ਗਗਨ ਕਾਲੋਨੀ, ਬਟਾਲਾ ਰੋਡ ਵੱਲ ਆਟੋ ਰਿਕਸ਼ਾ ‘ਤੇ ਜਾ ਰਹੀ ਸੀ ਅਤੇ ਰਾਤ ਕਰੀਬ 10:45 ਵਜੇ ਬਟਾਲਾ ਰੋਡ ‘ਤੇ ਕੇਅਰ ਐਂਡ ਕਿਊਰ ਹਸਪਤਾਲ ਨੇੜੇ ਐਕਟਿਵਾ ਸਕੂਟਰ ‘ਤੇ ਸਵਾਰ ਦੋ ਨੌਜਵਾਨ ਆਏ ਅਤੇ ਆਟੋ ਰਿਕਸ਼ਾ ‘ਚੋਂ ਹੀ ਉਨ੍ਹਾਂ ਦਾ ਪਰਸ ਖੋਹ ਕੇ ਮੌਕੇ ਤੋਂ ਭੱਜ ਗਏ। ਚੋਰੀ ਹੋਏ ਪਰਸ ਵਿੱਚ ਇੱਕ ਸੈਮਸੰਗ ਮੋਬਾਈਲ ਫ਼ੋਨ, ਪਾਸਪੋਰਟ (ਰਿਪਬਲਿਕ ਆਫ਼ ਮੌਰੀਸ਼ਸ, ਉਨ੍ਹਾਂ ਦਾ ਵੀਜ਼ਾ, ਮੌਰੀਸ਼ਸ ਦਾ ਨੈਸ਼ਨਲ ਆਈਡੀ ਕਾਰਡ, 600 ਯੂਰੋ ਅਤੇ 20,000 ਰੁਪਏ ਦੀ ਨਕਦੀ ਸੀ (ਭਾਰਤੀ ਕਰੰਸੀ)। ਸ਼ਿਕਾਇਤ ਦੇ ਆਧਾਰ ‘ਤੇ ਕੇਸ ਦਰਜ ਕੀਤਾ ਗਿਆ, ਜਿਸਦੀ ਮੁੱਢਲੀ ਜਾਂਚ ਐਸ.ਆਈ ਰਾਜਬੀਰ ਸਿੰਘ ਅੰਮ੍ਰਿਤਸਰ ਵੱਲੋਂ ਕੀਤੀ ਗਈ।

 ਚੋਰੀ ਹੋਇਆ ਸਮਾਨ:

1. ਸੈਮਸੰਗ ਮੋਬਾਈਲ ਫੋਨ
2. ਪਾਸਪੋਰਟ (ਰੀਪਲਿਕ ਆਫ਼ ਮੌਰੀਸ਼ਸ)
3. ਵੀਜ਼ਾ
4. ਮੌਰੀਸ਼ਸ ਦਾ ਨੈਸ਼ਨਲ ਆਈਡੀ ਕਾਰਡ
5. ਕਰੰਸੀ: 600 ਯੂਰੋ ਅਤੇ 20,000 ਰੁਪਏ (ਭਾਰਤੀ ਕਰੰਸੀ)

Leave a Reply

Your email address will not be published. Required fields are marked *