ਵਿਆਹ ਤੋਂ ਪਰਤ ਰਹੇ 5 ਡਾਕਟਰਾਂ ਦੀ ਸੜਕ ਹਾਦਸੇ ਦੌਰਾਨ ਮੌਤ, ਇਕ ਜ਼ਖ਼ਮੀ
ਲਖਨਊ, 27 ਨਵੰਬਰ,ਬੋਲੇ ਪੰਜਾਬ ਬਿਊਰੋ :
ਆਗਰਾ-ਲਖਨਊ ਐਕਸਪ੍ਰੈਸ ਵੇਅ ‘ਤੇ ਖੌਫਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਮਿੰਨੀ ਪੀਜੀਆਈ ਸੈਫ਼ਈ ਵਿੱਚ ਤਾਇਨਾਤ 5 ਡਾਕਟਰਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਡਾਕਟਰ ਜ਼ਖ਼ਮੀ ਹੋ ਗਿਆ ਹੈ। ਇਹ ਸਾਰੇ ਇੱਕ ਵਿਆਹ ‘ਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਆ ਰਹੇ ਸਨ। ਸੂਚਨਾ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਲਾਸ਼ਾਂ ਨੂੰ ਕਾਰ ‘ਚੋਂ ਬਾਹਰ ਕੱਢਿਆ ਗਿਆ।
ਮਿਲੀ ਜਾਣਕਾਰੀ ਮੁਤਾਬਕ ਇਹ ਸਾਰੇ ਲਖਨਊ ਤੋਂ ਵਾਪਿਸ ਆ ਰਹੇ ਸਨ ਕਿ ਤੜਕੇ ਕਰੀਬ 4 ਵਜੇ ਹਾਦਸੇ ਦਾ ਸ਼ਿਕਾਰ ਹੋ ਗਏ।ਸੂਚਨਾ ਮਿਲਦੇ ਹੀ ਯੂਨੀਵਰਸਿਟੀ ਸਟਾਫ਼ ਪੁਲਿਸ ਸਮੇਤ ਉੱਥੇ ਪਹੁੰਚ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਾਰੇ ਡਾਕਟਰ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਲਖਨਊ ਗਏ ਹੋਏ ਸਨ। ਮੰਗਲਵਾਰ ਰਾਤ ਨੂੰ ਸਾਰੇ ਲੋਕ ਕਾਰ ਰਾਹੀਂ ਸੈਫਈ ਲਈ ਪਰਤ ਰਹੇ ਸਨ।
ਮਰਨ ਵਾਲੇ ਡਾਕਟਰਾਂ ਵਿੱਚ ਡਾ: ਅਨਿਰੁਧ ਵਰਮਾ, ਡਾ: ਸੰਤੋਸ਼ ਕੁਮਾਰ ਮੌਰੀਆ, ਡਾ: ਜੈਵੀਰ ਸਿੰਘ, ਡਾ: ਅਰੁਣ ਕੁਮਾਰ, ਡਾ: ਨਰਦੇਵ ਸ਼ਾਮਲ ਹਨ। ਕੁਝ ਹੋਰਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ।