ਸੱਚੋ ਸੱਚ ….ਅੰਨ੍ਹਿਆਂ ਦੇ ਸ਼ਹਿਰ ਚ ਸ਼ੀਸ਼ੇ ਵੇਚੇ ਜਾ ਰਹੇ ਨੇ…,…ਸੁਚੇਤ ਰਹੋ !

ਸਾਹਿਤ

       

ਸੱਚੋ ਸੱਚ ….

       ਅੰਨ੍ਹਿਆਂ ਦੇ ਸ਼ਹਿਰ ਚ ਸ਼ੀਸ਼ੇ ਵੇਚੇ ਜਾ ਰਹੇ ਨੇ…,…ਸੁਚੇਤ ਰਹੋ !

     

ਜੋ ਦਿਖਤਾ ਹੈ ਵੋਹ ਵਿਕਤਾ ਹੈ।ਮੰਨੋ ਜਾਂ ਨਾ ਮੰਨੋ ,ਇਹ ਗੱਲ  ਹੈ ਸੋਲਾਂ ਆਨੇ ਸੱਚ ।ਕਿਉਂਕਿ ਜਿਹੜੀ ਚੀਜ਼ ਵਿਖਾਈ ਦੇਵੇਗੀ ਉਇਓ ਵਿਕੇਗੀ। ਇਸ ਕਥਨ ਨੂੰ ਸੱਚ ਸਾਬਤ ਕਰਨ ਲਈ ਕਾਫੀ ਹੱਦ ਤੱਕ ਬੰਦਾ ਖੁਦ ਜ਼ਿੰਮੇਵਾਰ ਹੈ।ਜਿਸ ਦੀ ਵਜ੍ਹਾ ਇਹ ਹੈ ਕੇ ਅੱਜ ਕੱਲ ਹਰ ਬੰਦਾ ਇਸ਼ਤਿਹਾਰਬਾਜ਼ੀ ਉੱਤੇ ਵਿਸ਼ਵਾਸ਼ ਜਾਂ ਯਕੀਨ ਕਰਦਾ।ਉਹ ਜੋ ਇਸ਼ਤਿਹਾਰਾਂ ਚ ਵੇਖਦਾ ਹੈ ,ਉਹੋ ਹੀ ਖਰੀਦਦਾ ਹੈ।ਬੇਸ਼ੱਕ ਉਹ ਚੀਜ਼ ਚੰਗੀ ਹੋਵੇ ਜਾ ਮਾੜੀ ।ਉਹ ਬਿਲਕੁਲ ਨਹੀਂ ਸੋਚਦਾ ।ਤੁਸੀਂ  ਕਦੇ ਸੋਚਿਆ ਹੈ ਕੇ ਜੋ ਇਸ਼ਤਿਹਾਰ ਤੁਸੀਂ ਵੇਖਦੇ ਹੋ ਉਨਾਂ ਚ ਕਿੰਨੀ ਕੁ ਸੱਚਾਈ ਹੈ ?ਤੁਸੀਂ ਇਸ਼ਤਿਹਾਰ ਵੇਖਦੇ ਹੋ ਤਾਂ ਤੁਹਾਡਾ ਮਨ ਕਰਨ ਲੱਗਦਾ ਹੈ ਕੇ ਇਸ ਇਸ਼ਤਿਹਾਰ ਵਾਲੀ ਚੀਜ਼ ਨੂੰ ਖ੍ਰੀਦਿਆ ਜਾਵੇ।ਤੁਸੀਂ ਉਸਦੇ ਮੁਕਾਬਲੇ ਮਾਰਕੀਟ ਚ ਹੋਰ ਉਪਲਬਧ ਚੀਜ਼ਾਂ ਨੂੰ ਖਰੀਦਣਾ ਤਾ ਦੂਰ ਦੀ ਗੱਲ ,ਉਨਾਂ ਨੂੰ  ਵੇਖਣਾ ਵੀ ਪਸੰਦ ਨਹੀਂ ਕਰਦੇ ਜਾਂ ਇਹ ਕਹਿ ਲਵੋ ਕੇ ਵੇਖਣ ਦੀ ਖੇਚਲ ਵੀ ਨਹੀਂ ਕਰਦੇ।ਹਲਾਂ ਕੇ ਬਹੁਤੀ ਵਾਰ ਉਹ ਚੀਜ਼ਾਂ ਇਸ਼ਤਿਹਾਰਬਾਜ਼ੀ ਵਾਲੀ ਚੀਜ਼ ਤੋ ਕਈ ਗੁਣਾ 

ਬੇਹਤਰ ਤੇ ਸਸਤੀਆਂ ਹੁੰਦੀਆਂ ਹਨ।ਬਸ ! ਤੁਹਾਡੇ ਉੱਤੇ ਇਸ਼ਤਿਹਾਰਬਾਜ਼ੀ ਦਾ ਭੂਤ ਸਵਾਰ ਹੀ ਏਨਾ ਜਿਆਦਾ ਹੁੰਦਾ ਹੈ ਕੇ ਉਹ ਤੁਹਾਡੀ ਸੋਚ ਉੱਤੇ ਭਾਰੂ ਰਹਿੰਦਾ ਹੈ।  ਇਥੋਂ ਤੱਕ ਕੇ ਤੁਸੀਂ ਇਸ਼ਤਿਹਾਰਬਾਜ਼ੀ ਵਾਲੀ ਚੀਜ਼ ਦੀ ਘੋਖ ਪੜਤਾਲ ਕਰਨਾ ਵੀ ਵਾਜ਼ਬ ਨਹੀਂ ਸਮਝਦੇ।ਉਦੋਂ ਤੁਸੀਂ ਠੰਡੇ ਦਿਮਾਗ ਨਾਲ ਨਹੀਂ ਸੋਚਦੇ ਕੇ ਇਸ ਦੀ ਘੋਖ ਪੜਤਾਲ ਕਰਨੀ ਬਣਦੀ ਹੈ।ਕਿਉਂਕਿ ਇਸ਼ਤਿਹਾਰ ਚ ਆਕਰਸ਼ਤਾ ਹੀ ਏਨੀ ਵਿਖਾਈ ਜਾਂਦੀ ਹੈ ਜੋ ਤੁਹਾਡੇ ਮਨ ਤੇ ਗਹਿਰਾ ਪ੍ਰਭਾਵ ਛੱਡਦੀ ਹੈ ਤੇ ਤੁਸੀਂ ਉਸ ਵੱਲ ਖਿੱਚੇ ਜਾਂਦੇ ਹੋ।ਜ਼ਰਾ ਸੋਚੋ ! ਕਰੋੜਾਂ ਦੀ ਮਰਸਡੀ ਗੱਡੀ ਤੇ ਚਲਣ ਵਾਲਾ ਅਮਿਤਾਬਚਨ ਇਸ਼ਤਿਹਾਰ ਬਾਜ਼ੀ ਚ ਲੋਕਾਂ ਨੂੰ ਦੱਸ ਰਿਹਾ ਹੈ ਕੇ ਕਿਹੜਾ ਸਕੂਟਰ ਵਧੀਆ ਹੈ।ਇਸ ਤੋ ਅੱਗੇ ਲੈ ਲਵੋ !ਜਿਸ ਦਾ ਘਰ ਵਾਲਾ ਗੰਜਾ ਹੈ।ਉਹ ਜੂਹੀ ਚਾਵਲਾ  ਤੁਹਾਨੂੰ ਇਸ਼ਤਿਹਾਰ ਰਾਹੀਂ ਦੱਸਦੀ ਹੈ ਕੇ ਕਿਸ ਤੇਲ ਨਾਲ ਵਾਲ ਲੰਬੇ ਤੇ ਕਾਲੇ ਹੁੰਦੇ ਹਨ।ਇਸੇ ਤਰਾਂ ਮਹਿੰਦਰ ਧੋਨੀ ਇਸ਼ਤਿਹਾਰ ਜਰੀਏ ਤੁਹਾਨੂੰ ਦੱਸਦਾ ਹੈ ਕੇ ਕਿਹੜਾ ਇੰਜਣ ਆਇਲ ਵਧੀਆ ਹੈ ।ਜਦ ਕੇ ਉਹ ਆਪਣੀ ਸਾਰੀ ਜਿੰਦਗੀ ਚ ਬਾਈਕ ਲੈ ਕੇ ਕਦੇ ਸਰਵਿਸ ਸਟੇਸ਼ਨ ਤੇ ਸਰਵਿਸ ਕਰਵਾਉਣ ਨਹੀਂ ਗਿਆ।ਇੱਥੇ ਹੀ ਬਸ ਨਹੀਂ ਜਿਸ ਨੇ ਰਸੋਈ ਚ ਜਾ ਕੇ ਕਦੇ ਇੱਕ ਕੱਪ ਚਾਹ ਦਾ ਨਹੀਂ ਬਣਾਇਆ ।ਉਹ ਕਰਿਸ਼ਮਾ ਕਪੂਰ ਤੁਹਾਨੂੰ ਦੱਸਦੀ ਹੈ ਕੇ ਕਿਹੜੇ ਆਟੇ ਦੀ ਰੋਟੀ ਸਭ ਤੋ ਵਧੀਆ ਹੁੰਦੀ ਹੈ।ਇੱਥੇ ਇਹ ਮਿਸਾਲਾਂ ਦੇਣ ਦਾ ਮੇਰਾ ਮਕਸਦ ਤੁਹਾਨੂੰ ਸੁਚੇਤ ਕਰਨਾ ਹੈ।ਤਾਂ ਜੋ ਤੁਸੀਂ ਆਪਣੇ ਦਿਮਾਗ ਉੱਤੇ ਬੋਝ ਪਾ ਕੇ ਸੋਚੋ ਕੇ ਜੋ ਇਨਸਾਨ ਕਿਸੇ ਪ੍ਰੋਜੈਕਟ ਜਾਂ ਚੀਜ਼ ਦੀ ਖੁਦ ਤਾਂ ਵਰਤੋਂ ਨਹੀਂ ਕਰਦਾ ਜਾਂ ਉਸ ਨੇ ਉਸਦੀ ਵਰਤੋਂ ਕਦੇ ਕੀਤੀ ਨਹੀਂ ।ਪਰ ਤੁਹਾਨੂੰ ਉਸ ਨੂੰ ਵਰਤਣ ਜਾਂ ਖ਼ਰੀਦਣ ਦੀ ਸਲਾਹ ਦੇ ਰਿਹਾ ਹੈ।ਦੱਸੋ ਫਿਰ ਇਸ ਚ ਕਿੰਨੀ  ਕੁ ਸੱਚਾਈ ਹੋ ਸਕਦੀ ਹੈ? ਇਸ ਤੋ ਇਲਾਵਾ ਇਨ੍ਹਾਂ ਸੈਲੀਬ੍ਰਿਟੀਆਂ ਨੇ ਤਾਂ ਇਸ਼ਤਿਹਾਰ ਦੇ ਕੇ ਕੰਪਨੀ ਵਾਲਿਆਂ ਤੋਂ ਕਰੋੜਾਂ ਰੁਪਏ ਲੈਣੇ ਹੁੰਦੇ ਹਨ।ਤੇ ਕੰਪਨੀਆਂ ਨੇ ਇਸ਼ਤਿਹਾਰ ਦਾ ਸਾਰਾ ਖ਼ਰਚਾ ਆਪਣੇ ਗਾਹਕਾਂ ( ਚੀਜ਼ਾਂ  ਦੀ ਕੀਮਤ ਚ ਜੋੜ ਕੇ )ਤੋ ਹੀ ਕੱਢਣਾ ਹੁੰਦਾ ਹੈ।

ਅਸਲ ਚ ਸੱਚਾਈ ਤਾਂ ਇਹ ਹੈ ਕੇ ਇੱਥੇ ਅੰਨਿਆ ਦੇ ਸ਼ਹਿਰ ਚ ਸ਼ੀਸ਼ੇ ਵੇਚੇ ਜਾਂਦੇ ਹਨ।ਇਸ ਵਾਸਤੇ ਤੁਹਾਨੂੰ ਸੁਚੇਤ ਰਹਿਣ ਦੀ ਜਰੂਰਤ ਹੈ।ਜਦੋ ਤੁਸੀਂ ਬਜ਼ਾਰ ਚੋ ਕੋਈ ਵੀ ਵਾਸਤੂ ਜਾ ਚੀਜ਼ ਖਰੀਦਦੇ ਹੋ ਤੋ ਅੱਖਾਂ ਬੰਦ ਕਰਕੇ ਨਾ ਖ਼ਰੀਦੋ।ਇਹ ਨਾ ਸੋਚੋ ਕੇ ਜੇ ਕੋਈ ਸੈਲੀਬ੍ਰਿਟੀ ਇਸ਼ਤਿਹਾਰ ਚ ਤੁਹਾਨੂੰ ਕਿਸੇ ਚੀਜ਼ ਦੇ ਵਧੀਆ ਹੋਣ ਬਾਰੇ ਦਸ ਕੇ ਉਸ ਨੂੰ ਖ਼ਰੀਦਣ ਦਾ ਮਸ਼ਵਰਾ ਦੇ ਰਿਹਾ ਹੈ ਤਾਂ ਤੁਸੀਂ ਜਰੂਰੀ ਉਸ ਨੂੰ ਹੀ ਖਰੀਦਣਾ ਹੈ।ਸੁਚੇਤ ਰਹੋ।ਅੱਖਾਂ ਬੰਦ ਕਰਕੇ ਇਨਾਂ ਸੈਲੀਬ੍ਰਿਟੀਆਂ ਉੱਤੇ ਵਿਸ਼ਵਾਸ਼ ਨਾ ਕਰੋ। ਸਗੋਂ ਪਹਿਲਾਂ ਵੇਖੋ,ਪਰਖੋ  ਤੇ ਫਿਰ ਖ਼ਰੀਦੋ।ਇਸੇ ਚ ਸਿਆਣਪ ਹੈ।

        ਅਜੀਤ ਖੰਨਾ 

ਮੋਬਾਈਲ:76967-54669 

Leave a Reply

Your email address will not be published. Required fields are marked *