ਸਾਰਥਿਕ ਸਿਨਮਾ:‘ਵੱਡਾ ਘਰ’ ਨਾਲ ਮੁੜ ਚਰਚਾ ਵਿਚ ਆਇਆ ‘ਜੋਬਨਪ੍ਰੀਤ’

ਮਨੋਰੰਜਨ

  

ਉੱਚਾ ਲੰਮਾ ਭਰਮੇ ਜੁੱਸੇ ਵਾਲਾ ਅਦਾਕਾਰ ਜੋਬਨ ਪ੍ਰੀਤ ਪੰਜਾਬੀ ਫਿਲਮਾਂ ਦਾ ਇੱਕ ਨਾਮੀ ਅਦਾਕਾਰ ਹੈ ਜਿਸ ਨੇ ਕਿ ਹਿੰਦੀ ਫਿਲਮਾਂ ਤੋਂ ਆਪਣਾ ਸਫਰ ਸ਼ੁਰੂ ਕਰਦਿਆਂ ਪੰਜਾਬੀ ਸਿਨਮੇ ਵਿੱਚ ਇੱਕ ਵੱਖਰੀ ਪਹਿਚਾਣ ਸਥਾਪਿਤ ਕੀਤੀ ਹੈ।  ਉਸ ਦੀ ਫਿਲਮ ਸਾਕ ਅਤੇ ਜਹਾਨ ਖੇਲਾਂ ਨੇ ਉਸ ਨੂੰ ਅੱਗੇ ਵਧਣ ਦਾ ਹੌਸਲਾ ਦਿੱਤਾ ਅਤੇ ਇਨੀ ਦਿਨੀ ਉਸਦੀ ਇੱਕ ਹੋਰ ਫਿਲਮ ਵੱਡਾ ਘਰ ਰਿਲੀਜ਼ ਲਈ ਤਿਆਰ ਹੈ ਫਿਲਮ ਵੱਡਾ ਘਰ ਪ੍ਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਨਾਲ ਜੁੜੇ ਵੱਖ-ਵੱਖ ਪਹਿਲੂਆਂ ਤੇ ਅਧਾਰਿਤ ਹੈ ਜੋ ਕਿ ਸਾਡੀ ਅੱਜ ਦੀ ਨਵੀਂ ਪਨੀਰੀ ਨੂੰ ਇੱਕ ਚੰਗਾ ਮੈਸੇਜ ਦੇਵੇਗੀ। ਜੋਬਨਪ੍ਰੀਤ ਨੇ ਇਸ ਫਿਲਮ ਵਿੱਚ ਇੱਕ ਅਜਿਹੇ ਪੰਜਾਬੀ ਗੱਭਰੂ ਦਾ ਕਿਰਦਾਰ ਨਿਭਾਇਆ ਹੈ ਜੋ ਆਪਣੇ ਵਤਨ ਅਤੇ ਪੰਜਾਬ ਦੀ ਮਿੱਟੀ ਨੂੰ ਹੱਦੋਂ ਵੱਧ ਪਿਆਰ ਕਰਦਾ ਹੈ। ਉਹ ਮੰਨਦਾ ਹੈ ਕਿ ਵਿਦੇਸ਼ਾਂ ਵਿੱਚ ਪੈਸਾ ਹੈ, ਚੰਗੀ ਸੁਖ ਸਹੂਲਤ ਹੈ ਪਰ ਆਪਣੇ ਪੰਜਾਬ ਦਾ ਨਿੱਘ ਵਿਦੇਸ਼ਾਂ ਵਿੱਚ ਨਹੀਂ ਮਿਲਦਾ। ਇਸ ਨਵੀਂ ਫਿਲਮ ਵਿੱਚ ਜੋਬਨ ਪ੍ਰੀਤ ਦਾ ਸਾਥ ਹਰਮਨ ਪਿਆਰੀ ਅਦਾਕਾਰਾ ਮੈਂਡੀ ਤੱਖਰ ਨੇ ਦਿੱਤਾ ਹੈ। ਮੈਂਡੀ ਤੱਖਰ ਪਹਿਲੀ ਫਿਲਮਾਂ ਵਿੱਚ ਵੀ ਉਸਦੀ ਨਾਇਕਾ ਰਹੀ ਹੈ ,ਜਿਸ ਨੂੰ ਦਰਸ਼ਕਾਂ ਨੇ ਪਸੰਦ ਵੀ ਕੀਤਾ ਹੈ। ਇਸ ਜੋੜੀ ਤੋਂ ਇਲਾਵਾ ਫਿਲਮ ਵੱਡਾ ਘਰ ਦੇ ਵਿੱਚ ਸਰਦਾਰ ਸੋਹੀ, ਨਿਰਮਲ ਰਿਸ਼ੀ, ਅਮਰ ਨੂਰੀ, ਭਿੰਦਾ ਔਜਲਾ ਵਰਗੇ ਕਲਾਕਾਰਾਂ ਨੇ ਵੀ ਅਹਿਮ ਕਿਰਦਾਰ ਨਿਭਾਈ ਹਨ । ਜੋਬਨਪ੍ਰੀਤ ਦਾ ਦੱਸਿਆ ਕਿ ਇਹ ਫਿਲਮ ਉਸ ਦੀ ਜ਼ਿੰਦਗੀ ਦੀ ਅਹਿਮ ਫਿਲਮ ਹੈ ਜੋ ਉਸ ਦੇ ਕਲਾ-ਗਰਾਫ ਨੂੰ ਹੋਰ ਉੱਚਾ ਲੈ ਕੇ ਜਾਵੇਗੀ। ਇਹ ਪਰਿਵਾਰਾਂ ਸਮੇਤ ਵੇਖਣ ਵਾਲੀ ਇੱਕ ਸਿੱਖਿਆ ਭਰਪੂਰ ਕਹਾਣੀ ਹੈ। ਅਕਸਰ ਅੱਜ ਦੇ ਹਾਲਾਤ ਇਹ ਹਨ ਕਿ ਹਰ ਪੰਜਾਬੀ ਗੱਭਰੂ ਚਾਹੁੰਦਾ ਹੈ ਕਿ ਉਹ ਕਿਸੇ ਨਾ ਕਿਸੇ ਤਰੀਕੇ ਵਿਦੇਸ਼ਾਂ ਵਿੱਚ ਜਾ ਕੇ ਵਧੀਆ ਜ਼ਿੰਦਗੀ ਬਸਰ ਕਰੇ। ਉਸਦੇ ਮਾਂ ਬਾਪ ਬੜੀ ਮਸ਼ੱਕਤ ਨਾਲ ਉਸ ਨੂੰ ਵੱਡੀਆਂ ਆਸਾਂ ਲਾ ਕੇ ਵਿਦੇਸ਼ਾਂ ਵਿੱਚ ਭੇਜਦੇ ਵੀ ਹਨ ਪਰ ਵਿਦੇਸ਼ਾਂ ਵਿੱਚ ਜਾ ਕੇ ਉਹ ਕੀ ਕੁਝ ਕਰਨ ਲਈ ਮਜਬੂਰ ਹੋ ਜਾਂਦਾ ਹੈ ਇਹ ਇਸ ਫਿਲਮ ਰਾਹੀਂ ਬਹੁਤ ਨੇੜਿਓਂ ਵਿਖਾਇਆ ਗਿਆ ਹੈ। ਬਹੁਤ ਘੱਟ ਨੌਜਵਾਨ ਹਨ ਜੋ ਵਿਦੇਸ਼ਾਂ ਵਿੱਚ ਜਾ ਕੇ ਵੀ ਆਪਣੀ ਮਿੱਟੀ ਨੂੰ ਨਹੀਂ ਭੁੱਲਦੇ। ਆਪਣੇ ਪਿਛੋਕੜ ਨੂੰ ਨਹੀਂ ਭੁੱਲਦੇ ਕਿ ਕਿਵੇਂ ਉਹਨਾਂ ਦੇ ਮਾਪਿਆਂ ਨੇ ਜਮੀਨਾਂ ਗਹਿਣੇ ਰੱਖ, ਕਰਜੇ ਦੀਆਂ ਪੰਡਾਂ ਚੱਕ ਉਹਨਾਂ ਨੂੰ ਵਿਦੇਸ਼ ਭੇਜਿਆ ਹੈ ਤਾਂ ਕਿ ਉਹਨਾਂ ਦੇ ਨਾਲ ਨਾਲ ਉਹਨਾਂ ਦੀ ਆਪਣੀ ਜ਼ਿੰਦਗੀ ਵੀ ਚੰਗੀ ਹੋ ਸਕੇ।ਇਸ ਤਰ੍ਹਾਂ ਦੇ ਹੋਰ ਵੀ ਅਨੇਕਾਂ ਪੱਖ ਹਨ ਜੋ ਇਸ ਫਿਲਮ ਵਿੱਚ ਵਿਖਾਏ ਗਏ ਹਨ। ਮੈਨੂੰ ਆਸ ਹੈ ਕਿ ਦਰਸ਼ਕ ਮੇਰੀਆਂ ਪਹਿਲਾਂ ਫਿਲਮਾਂ ਵਾਂਗ ਇਸ ਫਿਲਮ ਨੂੰ ਵੀ ਭਰਮਾ ਪਿਆਰ ਦੇਣਗੇ

ਜੋਬਨਪ੍ਰੀਤ ਦਾ ਦੱਸਿਆ ਕਿ ਸਿਨਮੇ ਤੇ ਅਦਾਕਾਰੀ ਨਾਲ ਉਸ ਨੂੰ ਬਚਪਨ ਤੋਂ ਹੀ ਮੋਹ ਰਿਹਾ ਹੈ। ਉਸਦੀ ਹਮੇਸ਼ਾ ਹੀ ਸੋਚ ਸੀ ਕਿ ਦੇਸ਼ ਭਗਤੀ ਦੇ ਜ਼ਜਬੇ ਦੇ ਨਾਲ-ਨਾਲ ਉਹ ਵੱਡੇ ਪਰਦੇ ‘ਤੇ ਵੀ ਕੁਛ ਵੱਖਰਾ ਕਰਨ ਵਿੱਚ ਕਾਮਯਾਬ ਹੋਵੇ। ਇਸ ਲਈ ਉਸਨੇ ਆਪਣੀ ਪੜ੍ਹਾਈ ਦੌਰਾਨ ਹੀ ਪੰਜਾਬੀ ਰੰਗਮੰਚ ਅਤੇ ਫਿਲਮਾਂ ਵੱਲ ਕਦਮ ਵਧਾਇਆ । ਪਹਿਲੀ ਵਾਰ ਬਹੁਤ ਚਰਚਿਤ ਹਿੰਦੀ ਫਿਲਮ ‘ਸਰਬਜੀਤ’ ਵਿੱਚ ਉਸ ਨੂੰ ਐਸ਼ਵਰਿਆ ਰਾਏ ਬਚਨ ਨਾਲ ਇੱਕ ਅਹਿਮ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਤਾਂ ਉਸ ਦਾ ਹੌਸਲਾ ਦੁਗਣਾ ਚੌਗਣਾ ਹੋ ਗਿਆ। ਉਸ ਤੋਂ ਬਾਅਦ  ਫਿਲਮ ‘ਦਿਲ ਜੋ ਨਾ ਕਹਿ ਸਕਾ’ ਵਿੱਚ ਵੀ ਚੰਗਾ ਕਿਰਦਾਰ ਮਿਲਿਆ। ਇਹਨਾਂ ਦੋਵੇਂ ਫਿਲਮਾਂ ਨੇ ਹੀ ਉਸਦੇ ਅੰਦਰਲੇ ਕਲਾਕਾਰਾਂ ਨੂੰ ਹੌਸਲਾ ਦਿੱਤਾ। ਫ਼ਿਰ ਉਸਨੂੰ ਲੁਧਿਆਣਾ ਨੇੜੇ ਹੀ ਫਿਲਮਾਈ ਗਈ ਅਮੀਰ ਖਾਨ ਪ੍ਰੋਡਕਸ਼ਨ ਦੀ ਫਿਲਮ ‘ਦੰਗਲ’ ਵਿੱਚ ਬਤੌਰ ਅਸਿਸਟੈਂਟ ਪ੍ਰੋਡਕਸ਼ਨ ਮੈਨੇਜਰ ਦਾ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਫਿਲਮ ਵਿੱਚ ਇੱਕ ਦੋ ਅਹਿਮ ਕਿਰਦਾਰ ਵੀ ਨਿਭਾਏ। ਚੰਗੇ ਬੈਂਨਰਾਂ ਅਤੇ ਪ੍ਰੋਡਕਸ਼ਨ ਹਾਊਸਾਂ ਨਾਲ ਪਰਦੇ ਪਿੱਛੇ ਕੰਮ ਕਰਨ ਮਗਰੋਂ ਉਸਨੂੰ ਛੋਟੇ ਛੋਟੇ ਕਿਰਦਾਰਾਂ ਨਾਲ ਪਰਦੇ ‘ਤੇ ਆਉਣ ਦਾ ਵੀ ਮੌਕਾ ਮਿਲਿਆ ਜਿਸ ਦੌਰਾਨ ਉਸਨੇ ‘ਰੁਪਿੰਦਰ ਗਾਂਧੀ 2, ਕੰਡੇ, ਮਾਸੂਮ, ਸਰਾਭਾ’ ਵਰਗੀਆਂ ਫਿਲਮਾਂ ਵਿੱਚ ਅਹਿਮ ਕਿਰਦਾਰ ਨਿਭਾਏ। ਫਿਰ 2019 ਵਿੱਚ ਪੰਜਾਬੀ ਫਿਲਮ ‘ਸਾਕ’ ਵਿੱਚ ਉਸਨੇ ਪਹਿਲੀ ਵਾਰ ਮੇਨ ਲੀਡ ਵਿੱਚ ਕੰਮ ਕੀਤਾ, ਜਿਸ ਵਿੱਚ ਉਸਦੀ ਜੋੜੀ ਨਾਮੀਂ ਅਦਾਕਾਰਾ ਮੈਂਡੀ ਤੱਖਰ ਨਾਲ ਪੰਜਾਬੀ ਦਰਸ਼ਕਾਂ ਨੇ ਖੂਬ ਪਸੰਦ ਕੀਤੀ। ਇਸ ਵਿੱਚ ਉਸ ਦਾ ਕਿਰਦਾਰ ਇੱਕ ਫੌਜੀ ਜਵਾਨ ਕਰਮ ਸਿੰਘ ਦਾ ਸੀ। ਜ਼ਿਕਰਯੋਗ ਹੈ ਕਿ ਉਸ ਦੀ ਪਹਿਲੀ ਡੈਬਿਊ ਫਿਲਮ ‘ਸਾਕ’ ਨੂੰ ਪੀ ਟੀ ਸੀ ਪੰਜਾਬੀ ਫਿਲਮ ਐਵਾਰਡ ਲਈ ਵੀ ਚੁਣਿਆ ਗਿਆ।

ਰੋਬੀ ਐਂਡ ਲਾਡੀ ਫਿਲਮ ਪ੍ਰੋਡਕਸ਼ਨ ਲਿਮਿਟਡ ਅਤੇ ਜਸਵੀਰ ਗੁਣਾਚੌਰੀਆ ਪ੍ਰੋਡਕਸ਼ਨ ਲਿਮਿਟਡ ਦੀ ਪੇਸ਼ਕਸ਼ ਇਸ ਫਿਲਮ ਵੱਡਾ ਘਰ ਨੂੰ ਨਿਰਮਾਤਾ ਸੰਦੀਪ ਸਿੰਘ ਧੰਜਲ (ਲਾਡੀ), ਮਨਜਿੰਦਰ ਸਿੰਘ ਕੰਵਲ (ਰੌਬ ਕੰਵਲ) ਅਤੇ ਜਸਵੀਰ ਗੁਣਾਚੌਰੀਆ ਨੇ ਬਣਾਇਆ ਹੈ।  ਕਮਲਜੀਤ ਸਿੰਘ ਅਤੇ ਗੋਲਡੀ ਢਿਲੋਂ ਵਲੋਂ ਡਾਇਰੈਕਟ ਕੀਤੀ ਇਸ ਫ਼ਿਲਮ ਵਿੱਚ ਜੋਬਨ ਪ੍ਰੀਤ, ਮੈਂਡੀ ਤੱਖਰ, ਭਿੰਦਾ ਔਜਲਾ, ਸਰਦਾਰ ਸੋਹੀ, ਨਿਰਮਲ ਰਿਸ਼ੀ, ਅਮਰ ਨੂਰੀ, ਰਵਿੰਦਰ ਮੰਡ, ਕਵਲੀਨ, ਸਤਵੰਤ ਕੌਰ, ਤਰਸੇਮ ਪੌਲ, ਬਲਵੀਰ ਬੋਪਾਰਾਏ, ਹਰਪ ਨਾਜ਼, ਜੋਤੀ ਅਰੋੜਾ,ਸੁਖਵਿੰਦਰ ਰੋਡੇ ਅਤੇ ਬਾਲ ਕਲਾਕਾਰ ਗੁਰਬਾਜ਼ ਸੰਧੂ ਨੇ ਅਹਿਮ ਕਿਰਦਾਰ ਨਿਭਾਏ ਹਨ।

 ਫ਼ਿਲਮ ਦੀ ਕਹਾਣੀ, ਡਾਇਲਾਗ ਅਤੇ ਸਕਰੀਨ ਪਲੇਅ ਗੀਤ ਜਸਬੀਰ ਗੁਣਾਚੌਰੀਆ ਨੇ ਲਿਖਿਆ ਹੈ। ਹਨ। ਫ਼ਿਲਮ ਦੇ ਗੀਤ ਵੀ ਜਸਬੀਰ ਗੁਣਾਚੌਰੀਆ ਨੇ ਹੀ ਲਿਖੇ ਹਨ, ਜਿੰਨ੍ਹਾਂ ਨੂੰ ਨਛੱਤਰ ਗਿੱਲ,ਸੋਨੂੰ ਕੱਕੜ, ਮਾਸਟਰ ਸਲੀਮ,ਕੰਵਰ ਗਰੇਵਾਲ,ਗੁਰਸ਼ਬਦ,ਸੁਨਿਧੀ ਚੋਹਾਨ,ਜੀ ਖਾਨ ਅਤੇ ਅਫ਼ਸਾਨਾ ਖਾਨ ਨੇ ਪਲੇਅ ਬੈਕ ਗਾਇਆ ਹੈ। ਸੰਗੀਤ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ। ਨਿਰਮਾਤਾ ਤੇ ਡਿਸਟਰੀਬਿਊਟਰ ਲਵਪ੍ਰੀਤ ਸੰਧੂ ਲੱਕੀ ਦੀ ਨਵਰੋਜ਼ ਗੁਰਬਾਜ਼ ਐਂਟਰਟੇਨਮੈਂਟ ਵਲੋਂ ਸੰਸਾਰ ਭਰ ਵਿਚ 13 ਦਸੰਬਰ ਨੂੰ ਰਿਲੀਜ਼ ਕੀਤੀ ਜਾ ਰਹੀ ਇਸ ਫ਼ਿਲਮ ਰਾਹੀਂ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਲੰਮੇ ਸਮੇਂ ਬਾਅਦ ਮੁੜ ਪਰਦੇ ਤੇ ਨਜ਼ਰ ਆਵੇਗੀ।

                                               -ਸੁਰਜੀਤ ਜੱਸਲ

Leave a Reply

Your email address will not be published. Required fields are marked *