ਫੈਸਿਲੀਟੇਟਰਾਂ ਦੇ ਟੂਰ ਭੱਤੇ ਵਿੱਚ ਹੋਇਆ ਵਾਧਾ,58 ਸਾਲ ਦੀ ਉਮਰ ਵਾਲੀਆਂ ਕੱਢੀਆਂ ਵਰਕਰਾਂ ਹੋਈਆਂ ਬਹਾਲ
ਚੰਡੀਗੜ੍ਹ 26 ਨਵੰਬਰ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):
ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਫੈਸਿਲੀਟੇਟਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਮਨਦੀਪ ਕੌਰ ਬਿਲਗਾ, ਜਨਰਲ ਸਕੱਤਰ ਸ਼ਕੁੰਤਲਾ ਸਰੋਏ, ਪਰਮਜੀਤ ਕੌਰ ਮਾਨ, ਸਰਬਜੀਤ ਕੌਰ ਮਚਾਕੀ, ਪਰਮਜੀਤ ਕੌਰ ਮੁੱਦਕੀ ਅਤੇ ਗੁਰਮਿੰਦਰ ਕੌਰ ਗੁਰਦਾਸਪੁਰ ਨੇ ਸਾਝੇਂ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਣ ਭੱਤਾ ਵਰਕਰਜ਼ ਸਾਂਝਾ ਮੋਰਚਾ ਪੰਜਾਬ ਵੱਲੋਂ ਜ਼ਿਮਨੀ ਚੋਣਾਂ ਮੌਕੇ ਗਿੱਦੜਬਾਹਾ, ਚੱਬੇਵਾਲ,ਡੇਰਾ ਬਾਬਾ ਨਾਨਕ, ਬਰਨਾਲਾ ਅਤੇ ਪਟਿਆਲਾ ਵਿਖੇ ਪੰਜਾਬ ਸਰਕਾਰ ਵਿਰੁੱਧ ਕੀਤੇ ਜ਼ੋਰਦਾਰ ਪ੍ਰਦਰਸ਼ਨਾਂ ਦੇ ਦਬਾਅ ਅਧੀਨ ਸਰਕਾਰ ਵੱਲੋਂ ਦਿੱਤੀ ਪੈਨਲ ਮੀਟਿੰਗ ਵਿੱਚ ਅੱਜ ਸਿਹਤ ਮੰਤਰੀ ਪੰਜਾਬ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਸਿਵਲ ਸਕੱਤਰੇਤ ਵਿਖੇ ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਫੈਸਿਲੀਟੇਟਰ ਯੂਨੀਅਨ ਪੰਜਾਬ ਦੇ ਵਫਦ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਸੂਬਾਈ ਪ੍ਰਧਾਨ ਮਨਦੀਪ ਕੌਰ ਬਿਲਗਾ, ਪਰਮਜੀਤ ਕੌਰ ਮੁੱਦਕੀ, ਗੁਰਮਿੰਦਰ ਕੌਰ ਗੁਰਦਾਸਪੁਰ, ਸੁਖਵੀਰ ਕੌਰ ਫਰੀਦਕੋਟ ਤੋਂ ਇਲਾਵਾ ਹੋਰ ਆਗੂਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਵਰਕਰਾਂ ਦੀਆਂ ਮੂਵੀਆਂ ਮੰਗਾਂ ਆਸ਼ਾ ਵਰਕਰਾਂ ਨੂੰ 58 ਸਾਲ ਦੀ ਉਮਰ ਤੇ ਨੌਕਰੀ ਤੋਂ ਫਾਰਗ ਕਰਨ, ਨੌਕਰੀ ਤੋਂ ਫਾਰਗ ਕੀਤੀਆਂ ਵਰਕਰਾਂ ਬਹਾਲ ਕਰਨ,ਫੈਸਿਲੀਟੇਟਰਾਂ ਦੇ ਟੂਰ ਭੱਤੇ ਵਿੱਚ ਵਾਧਾ ਕਰਨ,ਮਿਲਦੇ ਮਾਣ ਭੱਤੇ ਵਿੱਚ ਦੁੱਗਣਾ ਵਾਧਾ ਕਰਨ,ਹਰ ਵਰਕਰ ਦਾ 5 ਲੱਖ ਦਾ ਮੁਫ਼ਤ ਬੀਮਾ ਕਰਨ, ਸੇਵਾ ਮੁਕਤੀ ਸਮੇਂ ਵਰਕਰਾਂ ਨੂੰ 5 ਲੱਖ ਰੁਪਏ ਗ੍ਰਾਂਟ ਦੇਣ ਅਤੇ 10 ਹਜ਼ਾਰ ਰੁਪਏ ਪੈਨਸ਼ਨ ਦੇਣ,ਵਰਕਰਾਂ ਦੇ ਕੱਟੇ ਭੱਤੇ ਬਹਾਲ ਕਰਨ ਬਾਰੇ ਵਿਸਥਾਰ ਪੂਰਵਕ ਵਿਚਾਰ ਵਿਟਾਂਦਰਾ ਕੀਤਾ ਗਿਆ ਜਿਸ ਤੇ ਦਬਾਅ ਦੇਣ ਤੇ ਪੈਨਲ ਮੀਟਿੰਗ ਵਿੱਚ ਵਰਕਰਾਂ ਦੀ ਉਮਰ 62 ਸਾਲ, ਕੱਢੀਆਂ ਵਰਕਰਾਂ ਨੂੰ ਬਹਾਲ ਕਰਨ,ਫੈਸਿਲੀਟੇਟਰਾ ਦੇ ਟੂਰ ਭੱਤੇ ਵਿੱਚ ਵਾਧਾ ਕਰਨ ਦਾ ਪੱਤਰ ਮੀਟਿੰਗ ਵਿੱਚ ਹੀ ਆਗੂਆਂ ਨੂੰ ਸੌਂਪਿਆ ਗਿਆ,ਬਾਕੀ ਦੀਆਂ ਮੰਗਾਂ ਉਪਰ ਜਲਦ ਹੀ ਦੁਬਾਰਾ ਮੀਟਿੰਗ ਕਰਕੇ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ। ਮੀਟਿੰਗ ਤੋਂ ਬਾਅਦ ਆਗੂਆਂ ਨੇ ਐਲਾਨ ਕੀਤਾ ਕਿ ਇਹ ਵਰਕਰਾਂ ਦੇ ਤਿੱਖੇ ਸੰਘਰਸ਼ ਕਾਰਨ ਅੰਸ਼ਕ ਜਿੱਤ ਪ੍ਰਾਪਤ ਹੋਈ ਹੈ ਬਾਕੀ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ।