ਅਬੋਹਰ ਵਿਖੇ ਪਾਰਕ ‘ਚੋਂ ਮਿਲੇ ਖ਼ੂਨ ਨਾਲ ਲਥਪਥ ਦੋ ਨੌਜਵਾਨ, ਇੱਕ ਦੀ ਮੌਤ
ਅਬੋਹਰ, 26 ਨਵੰਬਰ,ਬੋਲੇ ਪੰਜਾਬ ਬਿਊਰੋ ;
ਅਬੋਹਰ ਦੇ ਲਾਈਨਪਾਰ ਇਲਾਕੇ ਵਿੱਚ ਬਣੇ ਜੇ.ਪੀ. ਪਾਰਕ ਵਿੱਚ ਦੋ ਨੌਜਵਾਨ ਲਹੂ-ਲੁਹਾਨ ਹਾਲਤ ਵਿੱਚ ਮਿਲੇ। ਇਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਸੀ ਜਦਕਿ ਦੂਜੇ ਦਾ ਸਾਹ ਚੱਲ ਰਿਹਾ ਸੀ। ਨੌਜਵਾਨ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਇਸ ਤੋਂ ਬਾਅਦ ਡੀ.ਐਸ.ਪੀ. ਅਬੋਹਰ ਅਤੇ ਥਾਣਿਆਂ ਦੇ ਇੰਚਾਰਜ ਮੌਕੇ ’ਤੇ ਪੁੱਜੇ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਮੁਰਦਾਘਰ ‘ਚ ਰਖਵਾ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਪਾਰਕ ਵਿੱਚ ਸੈਰ ਕਰ ਰਹੇ ਲੋਕਾਂ ਨੇ ਇੱਕ ਨੌਜਵਾਨ ਦੀ ਖੂਨ ਨਾਲ ਲੱਥਪੱਥ ਲਾਸ਼ ਦੇਖੀ ਅਤੇ ਪੁਲੀਸ ਨੂੰ ਸੂਚਨਾ ਦਿੱਤੀ। ਜਦੋਂ ਪੁਲਸ ਮੌਕੇ ‘ਤੇ ਪਹੁੰਚੀ ਤਾਂ ਉਥੇ ਇਕ ਹੋਰ ਨੌਜਵਾਨ ਖੂਨ ਨਾਲ ਲੱਥਪੱਥ ਹਾਲਤ ‘ਚ ਪਿਆ ਸੀ, ਜਿਸ ਦਾ ਸਾਹ ਚੱਲ ਰਿਹਾ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
ਮ੍ਰਿਤਕ ਨੌਜਵਾਨ ਦੀ ਪਛਾਣ ਰਵੀ ਖੰਨਾ (21) ਪੁੱਤਰ ਟੁਨੀਆ ਰਾਮ ਵਾਸੀ ਆਰੀਆ ਨਗਰ ਅਤੇ ਜ਼ਖ਼ਮੀ ਨੌਜਵਾਨ ਦੀ ਪਛਾਣ ਵਿਕਰਮ (18) ਪੁੱਤਰ ਸੰਦੀਪ ਵਾਸੀ ਆਰੀਆ ਨਗਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਇਕ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦੀ ਇਕ ਬੇਟੀ ਵੀ ਹੈ। ਪੁਲੀਸ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਕਾਰਵਾਈ ਕਰ ਰਹੀ ਹੈ।