ਸਲੀਕਾ

ਸਾਹਿਤ

                           ਸਲੀਕਾ

                   

 ਸਿਆਣੇ ਕਹਿੰਦੇ ਹਨ ਕੇ ਤੁਹਾਡਾ ਸਲੀਕਾ ਇਨ੍ਹਾਂ ਵਧੀਆ ਤੇ ਪਰਭਾਵਸ਼ਾਲੀ ਹੋਣਾ ਚਾਹੀਦਾ ਹੈ ਕੇ ਉਸ ਨੂੰ ਵੇਖ ਕੇ ਸਾਹਮਣੇ ਵਾਲਾ ਵਿਅਕਤੀ ਅਸ਼ ! ਅਸ਼ !ਕਰ ਉੱਠੇ।ਜਿਵੇਂ ਜਿਵੇਂ ਤੁਹਾਡੇ ਮੂੰਹ ਚੋ ਬੋਲ ਬਾਹਰ ਆਉਣ ਸਾਹਮਣੇ ਵਾਲਾ ਤੁਹਾਡੇ ਬੌਲਾਂ ਨਾਲ ਕੀਲਿਆ ਜਾਵੇ।ਤੁਹਾਡੇ ਮੁੱਖੜੇ ਤੋ ਨਿਕਲਿਆ ਇੱਕ ਇੱਕ ਬੋਲ ਵਜ਼ਨਦਾਰ ਹੋਣਾ ਚਾਹੀਦਾ ਹੈ। ਜੋ ਸਾਹਮਣੇ ਵਾਲੇ ਉੱਤੇ ਪੂਰਾ ਪ੍ਰਭਾਵ ਛੱਡੇ। ਬੋਲਣ ਵੇਲੇ ਤੁਹਾਡਾ ਉਚਾਰਣ ਸਾਫ਼ ਤੇ ਸ਼ਪੱਸ਼ਟ ਹੋਣਾ ਲਾਜ਼ਮੀ ਹੈ।ਤੁਹਾਡੀ ਬੋਲੀ ਸਾਹਮਣੇ ਵਾਲੇ ਨੂੰ ਪੂਰੀ ਤਰਾਂ ਸਮਝ ਆਉਣੀ ਚਾਹੀਦੀ ਹੈਬੋਲਣ ਦਾ ਸਲੀਕਾ ਇਨ੍ਹਾਂ ਸੋਹਣਾ ਹੋਣਾ ਚਾਹੀਦਾ ਹੈ ਕੇ ਸਾਹਮਣੇ ਵਾਲੇ ਨੂੰ ਲੱਗੇ ਕੇ ਉਹ ਕਿਸੇ ਵਧੀਆ ਇਨਸਾਨ ਨਾਲ ਗੱਲ ਕਰ ਰਿਹਾ ਹੈ।ਅਗਰ ਤੁਹਾਡਾ ਗੱਲ ਕਰਨ ਦਾ ਸਲੀਕਾ ਵਧੀਆ ਨਹੀਂ ਹੋਵੇਗਾ ਤਾ ਹਰ ਵਿਅਕਤੀ ਤੁਹਾਡੇ ਤੋ ਪਾਸਾ ਵੱਟੇਗਾ। ਉਹ ਤੁਹਾਡੇ ਨਾਲ ਕੋਈ ਗੱਲ ਸਾਂਝੀ ਨਹੀਂ ਕਰੇਗਾ।ਗੱਲ ਇੰਨੇ ਚੰਗੇ ਸਲੀਕੇ ਨਾਲ ਕਰੋ ਕੇ ਸਾਹਮਣੇ ਵਾਲੇ ਦਾ ਮਨ ਤੁਹਾਡੇ ਨਾਲ ਮੁੜ ਗੱਲ ਕਰਨ ਨੂੰ ਕਰਦਾ ਰਹੇ। ਉਹ ਤੁਹਾਡੇ ਨਾਲ ਗੱਲ ਕਰਨ ਤੋ ਝਿਜਕੇ ਨਾ ਸਗੋਂ ਬੇਝਿਜਕ ਹੋ ਗੱਲ ਕਰੇ।ਸਾਨੂੰ ਹਮੇਸ਼ਾ ਚੰਗੀ ਸੁਸਾਇਟੀ ਚ ਰਹਿਣਾ ਚਾਹੀਦਾ ਹੈ ।ਚੰਗੇ ਗੁਣ ਅਪਣਾਉਣੇ ਚਾਹੀਦੇ ਹਨ।ਜਿਸ ਨੂੰ ਬੋਲਣ ਦਾ ਸਲੀਕਾ ਨਹੀਂ,ਉਸ ਤੋ ਵਕਫ਼ਾ ਬਣਾ ਕੇ ਰੱਖੋ।ਹਮੇਸ਼ਾ ਸਲੀਕੇ ਵਾਲੇ ਬੰਦਿਆ ਨਾਲ ਰਹਿਣ ਦੀ ਕੋਸ਼ਿਸ਼ ਕਰੋ। ਇਸ ਨਾਲ ਤੁਹਾਡੀ ਸ਼ਖਸ਼ੀਅਤ’ਚ ਨਿਖਾਰ ਆਵੇਗਾ। ਸਮਾਜ ਚ ਤੁਹਾਡੀ ਇੱਜ਼ਤ ਵਧੇਗੀ ।ਦੂਜੇ ਪਾਸੇ ਬਹੁਤ ਵਾਰੀ ਵੇਖਿਆ ਹੈ ਕੇ ਕਈ ਲੋਕਾਂ ਦਾ ਗੱਲ ਕਰਨ ਦਾ ਤਰੀਕਾ ਇੰਨਾ ਖਰ੍ਹਵਾ ਹੁੰਦਾ ਹੈ ਕੇ ਸਾਹਮਣੇ ਵਾਲੇ ਨੂੰ ਇੰਝ ਲੱਗਦਾ ਹੈ ਜਿਵੇਂ ਤੁਸੀਂ ਉਸ ਨੂੰ ਗਾਲਾਂ ਕੱਢ ਰਹੇ ਹੋਵੋ।ਜਿਸ ਕਰਕੇ ਉਹ ਤੁਹਾਡੀ ਚੰਗੀ ਗੱਲ ਨੂੰ ਸੁਣਨ ਲਈ ਵੀ ਤਿਆਰ ਨਹੀਂ ਹੁੰਦਾ। ਤੁਹਾਡੇ ਬੋਲਣ ਦਾ ਤਰੀਕਾ ਤੁਹਾਡੀ ਸ਼ਖਸ਼ੀਅਤ ਦੇ ਪੱਖ ਨੂੰ ਦਰਸਾਉਂਦਾ ਹੈ। ਅਗਰ ਤੁਹਾਡੇ ਬੋਲਣ ਦਾ ਤਰੀਕਾ ਤੇ ਸਲੀਕਾ ਸਹੀ ਹੈ ਤਾ ਤੁਹਾਡੀ ਸ਼ਖਸ਼ੀਅਤ ਦਾ ਦੂਸਰੇ ਵਿਅਕਤੀ ਉੱਤੇ ਗਹਿਰਾ,ਡੂੰਘਾ ਪ੍ਰਭਾਵ ਪਵੇਗਾ।ਪਰ ਜੇ ਸਲੀਕਾ ਸਹੀ ਨਹੀਂ ਤਾਂ ਸਮਝੋ ਪੱਖ ਸਹੀ ਨਹੀਂ ਜਾਵੇਗਾ।ਸੋ ਜਿੰਦਗੀ ਚ ਵਿਚਰਦਿਆ ਬੋਲਣ ਦਾ ਤਰੀਕਾ ਤੇ ਸਲੀਕਾ ਸਦਾ ਸਹੀ ਰੱਖੋ।

ਬਹੁਤੇ ਲੋਕ ਸੋਚਦੇ ਹਨ ਕਿ ਪੈਸੇ ਨਾਲ ਜ਼ਿੰਦਗੀ ਵਧੀਆ ਬਣਾਈ ਜਾ ਸਕਦੀ ਹੈ,ਪਰ ਜ਼ਿੰਦਗੀ ਵਧੀਆ ਸਿਰਫ਼ ਸਲੀਕੇ ਨਾਲ ਹੀ ਹੁੰਦੀ ਹੈ। ਸਲੀਕਾ ਸਾਡੀ ਜ਼ਿੰਦਗੀ ਦੀ ਰੀੜ੍ਹ ਦੀ ਹੱਡੀ ਹੈ। ਜੇਕਰ ਇਹ ਮਜ਼ਬੂਤ ਨਹੀਂ ਤਾਂ ਅਸੀਂ ਜ਼ਿੰਦਾ ਤਾਂ ਰਹਿ ਸਕਦੇ ਹਾਂ, ਪਰ ਮਜ਼ਬੂਤ ਤੇ ਹੰਢਣਸਾਰ ਜ਼ਿੰਦਗੀ ਨਹੀਂ ਜਿਉਂ ਸਕਦੇ।ਸਲੀਕਾ ਮਨੁੱਖ ਦੀ ਸ਼ਖ਼ਸੀਅਤ ਦਾ ਮਹੱਤਵਪੂਰਨ ਅੰਗ ਹੈ। ਇਨਸਾਨ ਕਿੰਨਾ ਵੀ ਸੱਚਾ ਸੁੱਚਾ ਕਿਉਂ ਨਾ ਹੋਵੇ ।ਜੇ ਉਸ ਦੀ ਗੱਲਬਾਤ ਵਿਚ ਕੁੜੱਤਣ ਹੈ ਤਾਂ ਉਹ ਦੂਜਿਆਂ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ।ਆਪਣੇ ਮਨ ਦੇ ਬਹੁਤੇ  ਹਾਵ ਭਾਵ ਅਸੀਂ ਭਾਸ਼ਾ ਦੀ ਮਦਦ ਨਾਲ ਹੀ ਦਰਸਾਉਂਦੇ ਹਾਂ।ਅਸੀਂ ਆਪਣੇ ਭਾਵ ਉਦੋਂ ਹੀ ਦੂਜੇ ਤੱਕ ਪਹੁੰਚਾ ਸਕਦੇ ਹਾਂ।ਜਦੋਂ ਦੂਜੇ ਲਈ ਵੀ ਸ਼ਬਦਾਂ ਦੇ ਉਹੋ ਅਰਥ ਹੋਣ ਜਿਹੜੇ ਕਿ ਸਾਡੇ ਲਈ ਹਨ। ਜਿਸ ਤਰ੍ਹਾਂ ਇਕ ਵਸਤੂ ਲਈ ਕਈ ਸ਼ਬਦ ਹੋ ਸਕਦੇ ਹਨ। ਠੀਕ ਇਸੇ ਤਰ੍ਹਾਂ ਇਕ ਸ਼ਬਦ ਦੇ ਕਈ ਅਰਥ ਹੋ ਸਕਦੇ ਹਨ। ਮੌਕੇ ਮੁਤਾਬਕ ਅਤੇ ਕਹਿਣ ਦੇ ਅੰਦਾਜ਼ ਨਾਲ ਵੀ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ। ਵਧੀਆ ਜਿਊਣ ਦਾ ਸਲੀਕਾ ਇਹ ਕਹਿੰਦਾ ਹੈ ਕਿ ਆਪਣੇ ਪਰਿਵਾਰ ਨੂੰ ਵਕਤ ਦਿਉ।ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝੋ ।ਉਨ੍ਹਾਂ ਦੇ ਜਜ਼ਬਾਤਾਂ ਦੀ ਕਦਰ ਕਰੋ।

ਕਹਿਣ ਨੂੰ ਸਿਰਫ਼ ਤਿੰਨ ਅੱਖਰਾਂ ਦਾ ਸ਼ਬਦ ਹੈ ‘ਸਲੀਕਾ’।ਪਰ ਇਸ ਦੇ ਅਰਥ ਬੜੇ ਡੂੰਘੇ ਤੇ ਮਾਅਨੇ ਭਰਪੂਰ ਹਨ।ਸਲੀਕਾ ਜਿਸ ਦਾ ਸੁਖਾਲਾ ਅਰਥ ਜਾਂ ਮਤਲਬ ਹੈ ਢੰਗ-ਤਰੀਕਾ। ਇਹ ਢੰਗ-ਤਰੀਕਾ ਬੇਸ਼ੱਕ ਕਿਸੇ ਚੀਜ਼ ਦਾ ਵੀ ਹੋਵੇ- ਰਹਿਣ ਸਹਿਣ, ਖਾਣ ਪੀਣ ਜਾ ਉੁੱਠਣ ਬਹਿਣ ਦਾ।ਪੁਰਾਣੇ ਵਕਤਾਂ ਵਿਚ ਜਦੋਂ ਕੋਈ ਵਿਅਕਤੀ ਬਿਨਾਂ ਸੋਚੇ ਸਮਝੇ ਬੋਲਦਾ ਤਾਂ ਅਕਸਰ ਕਿਹਾ ਜਾਂਦਾ ਸੀ ।ਇਸ ਬੰਦੇ ਨੂੰ ਬਿਲਕੁਲ ਵੀ ਗੱਲ ਕਰਨ ਦਾ ਸਲੀਕਾ ਨਹੀਂ ਹੈ  ਕੇ ਕਿਸੇ ਬੰਦੇ ਨਾਲ ਕਿਵੇਂ ਗੱਲ ਕਰਨੀ ਹੈ ਜਾਂ ਨਹੀਂ ਕਰਨੀ?ਜਿਸ ਦਾ ਮਤਲਬ ਸਾਫ਼ ਹੁੰਦਾ ਸੀ  ਕੇ ਇਸ ਬੰਦੇ ਨੂੰ ਸੱਭਿਆਚਾਰਕ ਢੰਗ ਨਾਲ ਗੱਲ ਕਰਨ ਦਾ ਪਤਾ ਨਹੀਂ। ਕਈ ਵਾਰ ਬੋਲਣ ਦਾ ਸਲੀਕਾ ਨਾ ਹੋਣ ਦੀ ਘਾਟ ਹੀ ਦੋ ਬੰਦਿਆਂ ਵਿਚ ਆਪਸੀ ਵਿਵਾਦ ਦੀ ਵਜ੍ਹਾ ਬਣ ਜਾਂਦਾ ਹੈ ਤੇ ਨਿੱਕੀ ਜਿੰਨੀ ਗ਼ਲਤੀ ਇਨਸਾਨ ਵਿਚ ਕੋਹਾਂ ਦੂਰੀਆਂ ਬਣਾ ਦਿੰਦੀ ਹੈ। ਸੋ ਹਰ ਵਿਅਕਤੀ ਨੂੰ ਸੱਭਿਅਕ ਸਮਾਜ ਵਿਚ ਰਹਿੰਦਿਆਂ ਨਿਯਮਾਂ ਵਿਚ ਬੱਝ ਕੇ ਹੀ ਕਾਰ-ਵਿਹਾਰ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ।ਤਾਂ ਜੋ ਸਲੀਕੇ ਦੀ ਬਿਹਤਰ ਮਿਸਾਲ ਪੇਸ਼ ਕੀਤੀ ਜਾ ਸਕੇ।ਇਸੇ ਤਰ੍ਹਾਂ ਜਦੋਂ ਕਿਸੇ ਨੇ ਕੱਪੜੇ ਸਹੀ ਢੰਗ ਦੇ ਨਾ ਪਾਏ ਹੋਣੇ ਤਾਂ ਵੀ ਆਖਿਆ ਜਾਂਦਾ ਹੈ  ਕੇ ਇਸ ਬੰਦੇ ਨੂੰ ਕੱਪੜੇ ਪਾਉਣ ਦਾ ਭੋਰਾ ਸਲੀਕਾ ਨਹੀਂ ਹੈ। ਜਿਸ ਕਰਕੇ ਉਹ ਵਿਅਕਤੀ ਦੂਜਿਆਂ ਦੀ ਆਲੋਚਨਾ ਦਾ ਪਾਤਰ ਬਣਦਾ ਹੈ। ਕਈ ਵਾਰ ਤਾਂ ਉਸ ਬੰਦੇ ਨੂੰ ਇਸ ਗੱਲ ਵਾਸਤੇ ਟੋਕਿਆ ਵੀ ਜਾਂਦਾ ਹੈ। ਇਸੇ ਕਰਕੇ ਪੁਰਾਣੇ ਵਕਤਾਂ ਵਿਚ ਖੁਸ਼ੀ ਗ਼ਮੀ ’ਤੇ ਕੱਪੜੇ ਪਾਉਣ ਸਮੇ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਸੀ ਤੇ ਵਿਆਹ ਵਗੈਰਾ ’ਤੇ ਗੂੜ੍ਹੇ ਤੇ ਮਰਗ ਵੇਲੇ ਫਿੱਕੇ ਜਾਂ ਚਿੱਟੇ ਰੰਗ ਦੇ ਕੱਪੜੇ ਹੀ ਪਾਏ ਜਾਂਦੇ ਸਨ। ਜੋ ਬੰਦੇ ਦੇ ਪਹਿਰਾਵੇ ਦੇ ਸਲੀਕੇ ਦੀ ਨਿਸ਼ਾਨੀ ਹੁੰਦੇ ਸਨ। ਇਸ ਤੋਂ ਬਿਨਾਂ ਉੁੱਠਣ, ਬਹਿਣ ਤੇ ਖਲੋਣ ਦਾ ਸਲੀਕਾ ਨਾ ਹੋਣ ’ਤੇ ਆਪਣੇ ਬਜ਼ੁਰਗ ਅਕਸਰ ਕਹਿ ਦਿੰਦੇ ਸਨ ਕੇ ਇਸ ਨੂੰ ਬਿਲਕੁਲ ਵੀ ਸਲੀਕਾ ਨਹੀਂ ਹੈ ਕਿ ਕਿਵੇਂ ਕਿਤੇ ਉੁੱਠਣਾ-ਬਹਿਣਾ ਹੈ। ਬਹੁਤ ਵਾਰ ਵੇਖਿਆ ਜਾਂਦਾ ਹੈ ਕਿ ਬਹਿਣ ਉੱਠਣ ਦਾ ਤਰੀਕਾ ਹੀ ਦੱਸ ਦਿੰਦਾ ਹੈ ਕਿ ਉਸ ਬੰਦੇ ਨੂੰ ਸਮਾਜ ਵਿਚ ਵਿਚਰਨ ਦੀ ਕਿੰਨੀ ਕੁ ਲਿਆਕਤ ਹੈ ਜਾਂ ਉਹ ਕਿੰਨੇ ਕੁ ਸੰਸਕਾਰਾਂ ਦਾ ਮਾਲਕ  ਹੈ। ਸਿਆਣੇ ਤਾਂ ਬੰਦੇ ਦੇ ਬਹਿਣ ਖਲੋਣ ਤੋਂ ਹੀ ਪਰਖ ਲੈਂਦੇ ਹਨ ਕੇ ਉਹ ਕੀ ਗੱਲ ਕਰਦੇ ਹੋਣਗੇ ਜਾਂ ਇਕ ਬੰਦਾ ਦੂਜੇ ਬੰਦੇ ਨਾਲ ਕੀ ਗੱਲ ਕਰਦਾ ਹੋ ਸਕਦਾ ਹੈ? ਬੰਦੇ ਦੇ ਹਾਵ ਭਾਵ ਉਸ ਦੇ ਸਲੀਕੇ ਨੂੰ ਦਰਸਾਉਣ ਵਾਲੇ ਦੋ ਮਹੱਤਵਪੂਰਨ ਪੱਖ ਹਨ।ਇਸ ਤੋਂ ਬਿਨਾਂ ਕਿਸੇ ਬੰਦੇ ਨੂੰ ਖਾਣ ਪੀਣ ਦਾ ਚੱਜ ਨਾ ਹੋਣ ਦੀ ਸੂਰਤ ਵਿਚ ਵੀ ਇਨ੍ਹਾਂ ਤਿੰਨ ਅੱਖਰਾਂ ਵਾਲੇ ਸ਼ਬਦ ਦੀ ਵਰਤੋਂ ਅਕਸਰ ਕੀਤੀ ਜਾਂਦੀ ਸੀ। ਵਿਆਹਾਂ ਤੇ ਹੋਰ ਸਮਾਗਮਾਂ ’ਤੇ ਵੀ ਇਹ ਆਮ ਵੇਖਣ ਨੂੰ ਮਿਲਦਾ ਹੈ ਕੇ ਬਹੁਤ ਸਾਰੇ ਵਿਅਕਤੀ ਖਾਣੇ ਦੀ ਪਲੇਟ ਉੱਤੋਂ ਤਕ ਭਰ ਲੈਣਗੇ। ਖਾਣ ਵਾਲਾ ਸਾਮਾਨ ਥੋੜ੍ਹਾ ਪਾਉਣ ਦੀ ਬਜਾਏ ਉਹ ਇਕੋ ਵਾਰ ਹੀ ਸਾਰਾ ਸਾਮਾਨ ਪਲੇਟ ਵਿਚ ਇਕੱਠਾ ਪਾ ਲੈਣਗੇ। ਜੋ ਖਾਣਾ ਖਾਣ ਦਾ ਸਲੀਕਾ ਨਹੀਂ। ਹਮੇਸ਼ਾਂ ਪਲੇਟ ਵਿਚ ਖਾਣ ਵਾਲਾ ਸਾਮਾਨ ਥੋੜ੍ਹਾ ਪਾਓ। ਜੋ ਵੇਖਣ ਵਾਲੇ ਨੂੰ ਵੀ ਚੰਗਾ ਲੱਗੇ।ਤੁਹਾਨੂੰ ਖਾਣ ਲੱਗੇ ਕੋਈ ਮੁਸ਼ਕਲ ਨਾ ਆਵੇ। ਤੁਹਾਡੇ ਉੱਤੇ ਨਾ ਡਿੱਗੇ। ਤੁਹਾਡੇ ਕੱਪੜੇ ਖ਼ਰਾਬ ਨਾ ਹੋਣ। ਇਸ ਵਾਸਤੇ ਸਲੀਕੇ ਚ ਰਹਿ ਕੇ ਖਾਓ ਪਿਓ। ਨਹੀਂ ਤਾ ਸਾਹਮਣੇ ਵਾਲੇ ਨੂੰ ਤੁਸੀਂ ਉਜੱਡ ਹੀ ਲੱਗੋਗੇ।ਇਸ ਕਰਕੇ ਬੇਸ਼ੱਕ ਸਲੀਕਾ ਸ਼ਬਦ ਸਿਰਫ਼ ਤਿੰਨ ਅੱਖਰਾਂ ਦਾ ਹੀ ਹੈ, ਪਰ ਇਸ ਦੇ ਅਰਥ ਬੜੇ ਡੂੰਘੇ ਤੇ ਗਹਿਰੇ ਭਾਵ ਰੱਖਦੇ ਹਨ। ਜੋ ਹਰ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਹੋਣੇ ਲਾਜ਼ਮੀ ਹਨ। ਜਿਨ੍ਹਾਂ ਤੋਂ ਬਿਨਾਂ ਕਿਸੇ ਵੀ ਬੰਦੇ ਦੀ ਜ਼ਿੰਦਗੀ ਅਧੂਰੀ ਜਾਪਦੀ ਹੈ।

ਲੈਕਚਰਾਰ ਅਜੀਤ ਖੰਨਾ 

ਮੋਬਾਈਲ:76967-54669 

Leave a Reply

Your email address will not be published. Required fields are marked *