ਮੋਹਾਲੀ, 23 ਨਵੰਬਰ ,ਬੋਲੇ ਪੰਜਾਬ ਬਿਊਰੋ :
ਸਿਹਤ ਸੰਭਾਲ ਦੇ ਖੇਤਰ ਵਿਚ ਨਵੀਂ ਪੁਲਾਂਘ ਪੁੱਟਦਿਆਂ ਜ਼ਿਲ੍ਹਾ ਸਿਹਤ ਵਿਭਾਗ ਨੇ ਜ਼ਿਲ੍ਹਾ ਹਸਪਤਾਲ, ਮੋਹਾਲੀ ਵਿਖੇ ਕਿਡਨੀ ਬਾਇਓਪਸੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਇਸ ਪਹਿਲਕਦਮੀ ਨਾਲ ਮਰੀਜ਼ਾਂ ਨੂੰ ਗੁਰਦੇ ਸਬੰਧੀ ਸਮੱਸਿਆਵਾਂ ਦਾ ਵਧੀਆ ਇਲਾਜ ਮਿਲੇਗਾ l ਹਸਪਤਾਲ ਵਿਚ ਅੱਜ ਪਹਿਲੀ ਕਿਡਨੀ ਬਾਇਓਪਸੀ ਕੀਤੀ ਗਈ ਜੋ ਡਾ. ਅੰਕੁਰ ਚੌਧਰੀ, ਕੰਸਲਟੈਂਟ ਨੈਫਰੋਲੋਜੀ ਦੁਆਰਾ ਸਫਲਤਾਪੂਰਵਕ ਕੀਤੀ ਗਈ। ਇਹ ਪ੍ਰਾਪਤੀ ਮਰੀਜ਼ਾਂ ਨੂੰ ਉੱਚ-ਗੁਣਵੱਤਾ, ਵਿਸ਼ੇਸ਼ ਦੇਖਭਾਲ ਪ੍ਰਦਾਨ ਕਰਨ ਲਈ ਹਸਪਤਾਲ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ l
ਸਿਵਲ ਹਸਪਤਾਲ ਮੋਹਾਲੀ ਦੇ ਇੰਚਾਰਜ ਸੀਨੀਅਰ ਮੈਡੀਕਲ ਅਫ਼ਸਰ ਡਾ. ਐਚ ਐਸ ਚੀਮਾ ਨੇ ਇਸ ਸੇਵਾ ਦੀ ਸ਼ੁਰੂਆਤ ਲਈ ਡਾ: ਅੰਕੁਰ ਚੌਧਰੀ ਅਤੇ ਡਾ: ਵਿਜੇ ਭਗਤ ਦੀ ਅਗਵਾਈ ਵਾਲੀ ਸਮੁੱਚੀ ਰੇਡੀਓਲੋਜੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ |ਉਨ੍ਹਾਂ ਕਿਹਾ ਕਿ ਇਸ ਸਹੂਲਤ ਨਾਲ ਗੁਰਦਿਆਂ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਕਾਫ਼ੀ ਲਾਭ ਮਿਲੇਗਾ l
ਡਾ. ਚੀਮਾ ਨੇ ਆਖਿਆ ਕਿ ਜ਼ਿਲ੍ਹਾ ਹਸਪਤਾਲ ਵਿਖੇ ਕਿਡਨੀ ਬਾਇਓਪਸੀ ਸੇਵਾਵਾਂ ਦੀ ਸ਼ੁਰੂਆਤ ਪੰਜਾਬ ਦੇ ਲੋਕਾਂ ਲਈ ਉੱਨਤ ਡਾਕਟਰੀ ਦੇਖਭਾਲ ਤੱਕ ਪਹੁੰਚ ਨੂੰ ਵਧਾਉਣ ਲਈ ਅਹਿਮ ਕਦਮ ਹੈ। ਜ਼ਿਕਰਯੋਗ ਹੈ ਕਿ ਬਾਇਓਪਸੀ ਅਜਿਹੀ ਪ੍ਰਕਿਰਿਆ ਹੈ ਜਿਸ ‘ਚ ਸਰੀਰ ਦੇ ਸੈੱਲਾਂ ਦਾ ਸੈਂਪਲ ਲੈ ਕੇ ਉਸ ਦੀ ਜਾਂਚ ਕੀਤੀ ਜਾਂਦੀ ਹੈ। ਬਾਇਓਪਸੀ ਲਈ ਸੈਂਪਲ ‘ਚ ਲਏ ਗਏ ਸੈੱਲ ਬਿਮਾਰੀ ਦਾ ਪਤਾ ਲਗਾਉਣ ਲਈ ਜਾਂਚ ‘ਚ ਲਿਆਂਦੇ ਜਾਂਦੇ ਹਨ।ਬਾਇਓਪਸੀ ਨਾਲ ਕਈ ਬਿਮਾਰੀਆਂ ਤੇ ਉਨ੍ਹਾਂ ਦੇ ਕਾਰਨਾਂ ਦਾ ਪਤਾ ਲਗ ਸਕਦਾ ਹੈl