ਸਿੱਖ ਕਤਲੇਆਮ ਮਾਮਲੇ ‘ਚ ਅਦਾਲਤ ਨੇ ਦੋ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਪੇਸ਼ੀ ਲਈ ਜਾਰੀ ਕੀਤਾ ਸੰਮਨ

ਨੈਸ਼ਨਲ

ਸਿੱਖ ਕਤਲੇਆਮ ਮਾਮਲੇ ‘ਚ ਅਦਾਲਤ ਨੇ ਦੋ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਪੇਸ਼ੀ ਲਈ ਜਾਰੀ ਕੀਤਾ ਸੰਮਨ

ਨਵੀਂ ਦਿੱਲੀ 23 ਨਵੰਬਰ,ਬੋਲੇ ਪੰਜਾਬ ਬਿਊਰੋ :

ਦਿੱਲੀ ਦੀ ਰੋਜ਼ ਐਵੇਨਿਊ ਅਦਾਲਤ ਨੇ ਦੋ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਨਵੰਬਰ 1984 ਵਿਚ ਹੋਏ ਸਿੱਖ ਕਤਲੇਆਮ ਦੇ ਪੁਲ ਬੰਗਸ਼ ਮਾਮਲੇ ਵਿੱਚ ਆਪਣੇ ਬਿਆਨ ਦਰਜ ਕਰਨ ਲਈ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ।

ਇਸ ਮਾਮਲੇ ਵਿੱਚ ਨਾਮਜਦ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਅਦਾਲਤ ਅੰਦਰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ ਸਨ । ਸੀਬੀਆਈ ਵੱਲੋਂ ਵਿਸ਼ੇਸ਼ ਸੀਬੀਆਈ ਜੱਜ ਜਤਿੰਦਰ ਸਿੰਘ ਨੂੰ ਸੂਚਿਤ ਕੀਤਾ ਗਿਆ ਸੀ ਕਿ ਇਸਤਗਾਸਾ ਦੀ ਗਵਾਹ ਮਨਮੋਹਨ ਕੌਰ ਨੂੰ ਉਸ ਦੇ ਪਤੇ ’ਤੇ ਸੰਮਨ ਜਾਰੀ ਨਹੀਂ ਕੀਤੇ ਜਾ ਸਕਦੇ ਸਨ ਇਸ ਲਈ ਅਦਾਲਤ ਨੇ ਉਨ੍ਹਾਂ ਨੂੰ ਹੋਰ ਸਮਾਂ ਦੇ ਦਿੱਤਾ ਹੈ । ਤੇ ਨਾਲ ਹੀ ਅਦਾਲਤ ਵਲੋਂ ਇਸਤਗਾਸਾ ਪੱਖ ਦੇ ਹੋਰ ਗਵਾਹਾਂ ਧਰਮ ਚੰਦਰਸ਼ੇਖਰ ਅਤੇ ਰਵੀ ਸ਼ਰਮਾ ਨੂੰ ਵੀ ਅਗਲੀ ਤਰੀਕ ‘ਤੇ ਤਲਬ ਕੀਤਾ ਗਿਆ ਹੈ। ਧਿਆਨਦੇਣ ਯੋਗ ਹੈ ਕਿ ਬੀਤੀ 12 ਨਵੰਬਰ ਨੂੰ ਅਦਾਲਤ ਵਿਚ ਬਾਦਲ ਸਿੰਘ ਜਿਸ ਨੂੰ 1984 ਦੇ ਸਿੱਖ ਕਤਲੇਆਮ ਦੌਰਾਨ ਗੁਰਦੁਆਰਾ ਪੁਲ ਬੰਗਸ਼ ਵਿਖੇ ਭੀੜ ਵੱਲੋਂ ਮਾਰ ਦਿੱਤਾ ਗਿਆ ਸੀ, ਦੀ ਵਿਧਵਾ ਬੀਬੀ ਲਖਵਿੰਦਰ ਕੌਰ ਦੀ ਜਿਰ੍ਹਾ ਦੀ ਰਿਕਾਰਡਿੰਗ ਪੂਰੀ ਹੋ ਗਈ ਸੀ । ਬਾਦਲ ਸਿੰਘ ਗੁਰਦੁਆਰਾ ਪੁਲ ਬੰਗਸ਼ ਵਿੱਚ ਰਾਗੀ ਸਿੰਘ ਵਜੋਂ ਨੌਕਰੀ ਕਰਦਾ ਸੀ।
ਜਿਕਰਯੋਗ ਹੈ ਕਿ ਇਹ ਮਾਮਲਾ 1984 ਵਿੱਚ ਗੁਰਦੁਆਰਾ ਪੁਲ ਬੰਗਸ਼ ਵਿਖੇ ਤਿੰਨ ਸਿੱਖਾਂ ਦੇ ਕਤਲ ਨਾਲ ਜੁੜਿਆ ਹੋਇਆ ਹੈ। ਰੌਜ਼ ਐਵੇਨਿਊ ਦੀ ਅਦਾਲਤ ਨੇ 13 ਸਤੰਬਰ ਨੂੰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਦੋਸ਼ ਆਇਦ ਕੀਤੇ ਸਨ ਅਤੇ ਸੀਬੀਆਈ ਨੇ ਮਈ 2023 ਵਿੱਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ ਕੀਤੀ ਸੀ। ਏਜੰਸੀ ਨੇ ਟਾਈਟਲਰ ਨੂੰ ਗ੍ਰਿਫਤਾਰ ਕੀਤੇ ਬਿਨਾਂ ਸਪਲੀਮੈਂਟਰੀ ਚਾਰਜ ਦਾਇਰ ਕਰ ਦਿੱਤਾ ਸੀ। ਅਦਾਲਤ ਨੇ ਚਾਰਜਸ਼ੀਟ ਦਾ ਨੋਟਿਸ ਲੈਂਦਿਆਂ ਉਸ ਨੂੰ ਤਲਬ ਕੀਤਾ ਸੀ ਜਿਸ ਉਪਰੰਤ ਅਦਾਲਤ ਵਿਚ ਪੇਸ਼ ਹੋਣ ਤੋਂ ਬਾਅਦ ਟਾਈਟਲਰ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ । ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ ਅਦਾਲਤ ਅੰਦਰ 2 ਦਸੰਬਰ ਨੂੰ ਹੋਵੇਗੀ।

Leave a Reply

Your email address will not be published. Required fields are marked *