ਸੁਪਰੀਮ ਕੋਰਟ ਸਿੱਖਾਂ ’ਤੇ ਚੁਟਕਲਿਆਂ ਦੇ ਮਾਮਲੇ ਉੱਤੇ ਕਰੇਗਾ ਸੁਣਵਾਈ
ਨਵੀਂ ਦਿੱਲੀ, 22 ਨਵੰਬਰ,ਬੋਲੇ ਪੰਜਾਬ ਬਿਊਰੋ :
ਸੁਪਰੀਮ ਕੋਰਟ ਨੇ ਕਿਹਾ ਕਿ ਉਹ ਸਿੱਖਾਂ ’ਤੇ ਚੁਟਕਲੇ ਤੇ ਉਨ੍ਹਾਂ ਦਾ ਖ਼ਰਾਬ ਅਕਸ ਪੇਸ਼ ਕਰਨ ਨਾਲ ਸਬੰਧਤ ਵੈੱਬਸਾਈਟਾਂ ’ਤੇ ਪਾਬੰਦੀ ਲਾਉਣ ਦੀ ਮੰਗ ਵਾਲੀ ਪਟੀਸ਼ਨ ’ਤੇ ਅੱਠ ਹਫ਼ਤੇ ਬਾਅਦ ਸੁਣਵਾਈ ਕਰੇਗੀ। ਜਸਟਿਸ ਬੀਆਰ ਗਵਈ ਤੇ ਜਸਟਿਸ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ ਕਿਹਾ ਕਿ ਇਹ ਇਕ ਮਹੱਤਵਪੂਰਨ ਮਾਮਲਾ ਹੈ। ਪਟੀਸ਼ਨਰ ਹਰਿਵੰਦਰ ਚੌਧਰੀ ਨੇ ਬੈਂਚ ਨੂੰ ਸੂਚਨਾ ਦਿੱਤੀ ਕਿ ਉਹ ਆਪਣੇ ਸੁਝਾਵਾਂ ਦੇ ਨਾਲ-ਨਾਲ ਮਾਮਲੇ ’ਚ ਹੋਰ ਧਿਰਾਂ ਦੇ ਸੁਝਾਵਾਂ ਨੂੰ ਇਕੱਠਾ ਕਰੇਗੀ ਤੇ ਇਕ ਸੰਖੇਪ ਰਿਪੋਰਟ ਦਾਖ਼ਲ ਕਰੇਗੀ। ਇਸ ’ਤੇ ਬੈਂਚ ਨੇ ਉਨ੍ਹਾਂ ਨੂੰ ਅੱਠ ਹਫ਼ਤੇ ਦਾ ਸਮਾਂ ਦਿੱਤਾ ਤੇ ਮਾਮਲੇ ਨੂੰ ਇਸ ਤੋਂ ਬਾਅਦ ਲਈ ਸੂਚੀਬੱਧ ਕਰ ਦਿੱਤਾ। ਸੁਣਵਾਈ ਦੌਰਾਨ ਪਟੀਸ਼ਨਰ ਨੇ ਸਿੱਖ ਭਾਈਚਾਰੇ ਦੀਆਂ ਉਨ੍ਹਾਂ ਔਰਤਾਂ ਦੀਆਂ ਸ਼ਿਕਾਇਤਾਂ ਬਾਰੇ ਦੱਸਿਆ, ਜਿਨ੍ਹਾਂ ਦਾ ਉਨ੍ਹਾਂ ਦੇ ਪਹਿਰਾਵੇ ਸਬੰਧੀ ਮਜ਼ਾਕ ਉਡਾਇਆ ਗਿਆ ਸੀ। ਉਨ੍ਹਾਂ ਨੇ ਸਕੂਲਾਂ ’ਚ ਸਿੱਖ ਬੱਚਿਆਂ ਨਾਲ ਸਬੰਧਤ ਮੁਸ਼ਕਲਾਂ ਬਾਰੇ ਵੀ ਦੱਸਿਆ। ਹਰਵਿੰਦਰ ਨੇ ਪਹਿਲਾਂ ਸਿੱਖਾਂ ’ਤੇ ਚੁਟਕਲੇ ਪੇਸ਼ ਕਰਨ ਵਾਲੀਆਂ ਤੇ ਭਾਈਚਾਰੇ ਦੇ ਲੋਕਾਂ ਦਾ ਖ਼ਰਾਬ ਅਕਸ ਪੇਸ਼ ਕਰਨ ਵਾਲੀਆਂ ਪੰਜ ਹਜ਼ਾਰ ਤੋਂ ਵੱਧ ਵੈੱਬਸਾਈਟਾਂ ਹੋਣ ਦਾ ਜ਼ਿਕਰ ਕੀਤਾ ਸੀ।