ਰਿਸ਼ਤਿਆਂ ਦੇ ਬਦਲਦੇ ਮਾਇਨੇ ਤੇ ਕਿਰਦੇ ਰਿਸ਼ਤੇ………….!

ਚੰਡੀਗੜ੍ਹ

          ਰਿਸ਼ਤਿਆਂ ਦੇ ਬਦਲਦੇ ਮਾਇਨੇ ਤੇ ਕਿਰਦੇ ਰਿਸ਼ਤੇ………….!

ਪੁਰਾਣੇ ਸਮਿਆ ਚ  ਹਰ ਤਰਾਂ ਦੇ ਰਿਸ਼ਤਿਆਂ ਦੀ ਇਹਮੀਅਤ ਹੁੰਦੀ ਸੀ ।ਫੇਰ ਉਹ ਰਿਸ਼ਤਾ ਮਾ ਪਿਉ ਦਾ ਹੋਵੇ ਜਾਂ ਭੈਣ ਭਰਾ ਦਾ ,ਚਾਚੇ ਤਾਹੇ  ਦਾ ਹੋਵੇ ਜਾਂ ਭੂਆ ਫੁੱਫੜ ,ਜੀਜਾ ਸਾਲ਼ੀ  ਦਾ ਹੋਵੇ ਜਾਂ ਦਿਓਰ ਭਰਜਾਈ ਦਾ ਅਤੇ ਜਾਂ ਫਿਰ ਮਾਮਾ ਮਾਮੀ  ਤੇ ਪਤੀ ਪਤਨੀ ਦਾ ਹੀ ਕਿਉਂ ਨਾ ਹੋਵੇ ।ਹਰ ਰਿਸ਼ਤਾ ਬਾਖੂਬੀ ਨਿਭਾਇਆ ਜਾਂਦਾ ਸੀ। ਜੇ ਕਦੇ  ਰਿਸ਼ਤੇ ਚ ਮਾੜੀ ਮੋਟੀ ਦਰਾੜ ਪੈਂਦੀ ਤਾ ਬਾਕੀ ਰਿਸ਼ਤੇਦਾਰ ਰਲ ਮਿਲ ਕੇ ਉਸ ਦਰਾੜ ਨੂੰ ਭਰ ਦਿੰਦੇ ਭਾਵ ਰਿਸ਼ਤੇ ਚ ਆਏ ਮਨ ਮੁਟਾਵ ਨੂੰ ਦੂਰ ਕਰ ਲਿਆ ਜਾਂਦਾ। ਜਿਸ ਨਾਲ ਉਹ ਰਿਸ਼ਤਾ ਟੁੱਟਣੋ ਬਚ ਜਾਂਦਾ। ਉਹਨਾਂ ਸਮਿਆਂ ਚ ਰਿਸ਼ਤੇ ਦੀ ਬੜੀ ਮਹੱਤਤਾ ਹੁੰਦੀ ਸੀ । ਇਸ ਤੋ ਇਲਾਵਾ ਜੇ ਕਰ ਕਿਸੇ ਕਾਰਨ ਕਿਸੇ ਰਿਸ਼ਤੇਦਾਰ ਚ ਥੋੜ੍ਹੀ ਬਹੁਤੀ ਦੂਰੀ ਪੈ ਵੀ ਜਾਂਦੀ ਤਾ ਜਦੋ ਕਿਸੇ ਰਿਸ਼ਤੇਦਾਰ ਦੇ ਕੋਈ ਵਿਆਹਾਂ ਸ਼ਾਦੀ ਜਾ ਕੋਈ ਹੋਰ ਸਮਾਗਮ ਆਉਂਦਾ ਤਾ ਸਾਰੇ ਰਿਸ਼ਤੇਦਾਰ ਮਿਲ ਕੇ ਰੁੱਸੇ ਹੋਏ ਰਿਸ਼ਤੇਦਾਰ ਨੂੰ ਮਨਾ ਲੈਂਦੇ । ਜਿਸ ਨਾਲ ਉਹ ਰਿਸ਼ਤਾ ਕਿਰਨੋ ਭਾਵ ਟੁੱਟਣੋ ਬਚ ਜਾਂਦਾ। ਪਰ ਅੱਜ ਕੱਲ ਅਜਿਹਾ ਨਹੀਂ ਹੁੰਦਾ।ਅਜੋਕੇ ਕਮਰਸ਼ੀਅਲ ਯੁੱਗ ਚ ਰਿਸ਼ਤਿਆਂ ਚ ਐਨੀਆ ਦਰਾੜਾਂ ਪੈ ਜਾਂਦੀਆਂ ਹਨ ਕੇ ਪੁੱਛੋ ਕੁਛ ਨਾ । ਜਿਸ ਤੋ ਮਰਜ਼ੀ ਪੁੱਛ ਲਵੋ ਹਰ ਕੋਈ ਆਪਣੇ ਰਿਸ਼ਤੇਦਾਰਾਂ ਦਾ ਨਾ ਲੈਣ ਨੂੰ ਤਿਆਰ ਨਹੀਂ। ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੇ ਰਿਸ਼ਤੇਦਾਰੀਆਂ ਬਚਾ ਕਿ ਰੱਖੀਆਂ ਹੋਈਆਂ ਹਨ ।ਵਰਨਾ ਨਾ  ਚਾਚੇ ਤਾਏ ਨਾ ਭੈਣ ਭਰਾ  ਤੇ ਨਾ ਹੋਰ ਕੋਈ ਰਿਸ਼ਤੇਦਾਰੀ। ਮਿਲਵਰਤਣ ਦੀ ਤਾ ਗੱਲ ਹੀ ਛੱਡੋ ਕੋਈ ਕਿਸੇ ਨੂੰ ਚੱਜ ਨਾਲ ਬੁਲਾ ਕਿ ਵੀ ਰਾਜ਼ੀ ਨਹੀਂ। ਇਸੇ ਕਰਕੇ ਮੋਹ ਮੁਹੱਬਤ ਦੀਆਂ ਤੰਦਾਂ ਐਨੀਆ ਮੋਕਲੀਆਂ ਹੋ ਚੁੱਕੀਆਂ  ਹਨ ਕੇ ਲੋਕ ਆਪਣੇ ਰਿਸ਼ਤੇਦਾਰ ਨੂੰ ਤਰਜੀਹ ਦੇਣ ਦੀ ਬਜਾਏ ਯਾਰ ਦੋਸਤ ਨੂੰ ਤਰਜੀਹ ਦਿੰਦੇ ਹਨ। ਜੋ ਕਿਰਦੇ ਰਿਸ਼ਤਿਆਂ ਦੀ ਦਾਸਤਾਨ ਹੈ।ਇਹ ਵੇਖ ਕਿ ਇੰਝ ਜਾਪਦਾ ਹੈ ਜਿਵੇਂ ਰਿਸ਼ਤੇ ਸ਼ਬਦ ਦਾ ਅਰਥ ਹੀ ਬਦਲ ਗਿਆ ਹੋਵੇ। ਰਿਸ਼ਤਿਆਂ ਦਾ ਸਵਰੂਪ ਬਦਲਣ ਦੇ ਸਿੱਟੇ ਵਜੋਂ ਅਜਿਹੇ ਨਵੇਂ ਰਿਸ਼ਤਿਆਂ ਨੇ ਜਨਮ ਲੈ ਲਿਆ ਜਾ ਇਹ ਆਖ ਲਵੋ ਕਿ ਨਵੇਂ ਰਿਸ਼ਤੇ ਹੋਂਦ ਚ ਆ ਗਏ ।ਜਿੰਨਾ ਨੇ ਪੁਰਾਣੇ ਰਿਸ਼ਤਿਆਂ ਨੂੰ ਹੜੱਪ ਲਿਆ  ਹੈ । ਰਿਸ਼ਤਿਆਂ ਦੇ ਟੁੱਟਣ ਜਾ ਕਿਰਨ ਪਿੱਛੇ ਸਭ ਤੋ ਵੱਡਾ ਕਾਰਨ ਪੈਸੇ ਦੀ ਦੌੜ ਤੇ ਸ਼ਾਨੋਸ਼ੋਕਤ ਦਾ ਟ੍ਰੈਂਡ ਹੈ । ਅਮੀਰੀ ਗਰੀਬੀ ਤੇ ਪੈਸੇ ਨੇ ਰਿਸ਼ਤਿਆਂ ਦਾ ਤਵਾਜ਼ਨ ਵਿਗਾੜ ਕੇ ਰੱਖ ਦਿੱਤਾ ਹੈ । ਸਾਰੇ ਰਿਸ਼ਤਿਆਂ ਨੂੰ ਹੁਣ ਇਕ ਨਾਮ ਨਾਲ ਹੀ  ਬੁਲਾਇਆ ਜਾਣ ਲੱਗਾ ਹੈ।ਤੇ ਉਹ ਸ਼ਬਦ ਹੈ ਆਂਟੀ ਅੰਕਲ। ਕੋਈ ਚਾਚਾ ਤਾਇਆ ਜਾ ਮਾਮਾ ਮੰਮੀ ,ਮਾਸੜ ਮਾਸੀ ਜਾ ਭੂਆ ਫੁੱਫੜ  ਨਹੀਂ। ਇਸ  ਸ਼ਬਦ  ( ਅੰਕਲ ਆਂਟੀ)ਨੇ ਰਿਸ਼ਤਿਆਂ ਦੀ ਮਿਠਾਸ ਨੂੰ ਫਿੱਕਾ ਪਾ ਦਿੱਤਾ ਹੈ। ਰਿਸ਼ਤਿਆਂ ਵਿਚਲਾ ਫਰਕ ਮੁੱਕ ਗਿਆ ਹੈ। ਪਹਿਲੋਂ ਪਤਾ ਹੁੰਦਾ ਸੀ ਕਿ ਇਹ ਚਾਚਾ ਹੈ , ਇਹ ਤਾਇਆ ਹੈ  ਤੇ ਇਹ ਮਾਮਾ ਹੈ ।ਪਰੰਤੂ ਅੱਜ ਅੰਕਲ ਕਹਿ ਕੇ ਸਭ ਰਿਸ਼ਤਿਆਂ ਦਾ ਰਲਗੱਡ ਕਰ ਦਿੱਤਾ ਗਿਆ ਹੈ। ਕਿਉਂਕੀ ਅੰਕਲ ਆਂਟੀ ਸ਼ਬਦ  ਬਾਕੀ ਸ਼ਬਦਾਂ ਤਰਾਂ ਬੇਸ਼ੱਕ ਪੰਜਾਬੀ ਭਾਸ਼ਾ ਚ ਫਿੱਟ ਹੋ ਗਿਆ ਹੈ ।ਪਰ ਲੱਗਦਾ ਅੱਜ ਵੀ ਇਹ ਬਣਾਵਟੀ ਹੀ ਹੈ। ਇਹ ਸ਼ਬਦ ਅਣਜਾਣ ਬੰਦੇ ਲਈ ਵਰਤੋਂ ਚ ਲਿਆਦਾ ਜਾਂਦਾ ਸੀ । ਜਿਸ ਨੇ ਪੱਕੇ ਰਿਸ਼ਤਿਆਂ ਦੀ ਜਗ੍ਹਾ ਮਲੋਹਕ ਲਈ ਹੈ । ਇਸੇ ਸਦਕਾ ਅੱਜ ਕੱਲ ਸਭ ਨੂੰ ਅੰਕਲ ਆਂਟੀ ਕਰਕੇ ਸੰਬੋਧਨ ਕੀਤਾ ਜਾਂਦਾ ਹੈ । ਜੋ ਸਹੀ ਨਹੀਂ ਕਿਹਾ ਜਾ ਸਕਦਾ। ਉਧਰ ਪੁਰਾਣੇ ਸਮਿਆ ਚ ਸਮਾਗਮਾਂ ਚ ਰਿਸ਼ਤਿਆਂ ਦੀ ਇਹਮੀਅਤ ਖੁੱਲ ਕੀ ਵੇਖਣ ਨੂੰ ਮਿਲਦੀ ਸੀ । ਵਿਆਹਾਂ ਚ ਮੁੰਡੇ ਕੁੜੀ ਨੂੰ ਖਾਰੇ ਤੋ ਉਤਾਰਨ ਦੀ ਰਸਮ ਕੇਵਲ ਮਾਮਾ ਹੀ ਅਦਾ ਕਰਦਾ ਸੀ।ਦਿਓਰ  ਦੀਆਂ ਅੱਖਾਂ ਚ ਸੁਰਮਾ ਪਾਉਣ ਦੀ ਰਸਮ ਭਾਬੀ ਨਿਭਾਉਂਦੀ ਸੀ । ਵਿਆਹੇ ਚ ਮੁੰਡੇ ਦੇ ਸਿਰ ਤੋ ਪਾਣੀ ਵਾਰਨ ਦੀ ਰਸਮ ਮਾਂ ਕਰਦੀ  ਸੀ।ਰੀਬਨ ਕੱਟਣ ਦੀ ਰਸਮ ਸਾਲੀਆਂ ਨਿਭਾਉਦਿਆਂ  ਸਨ। ਪਰ ਅੱਜ ਕੱਲ ਰਸਮਾਂ ਬਦਲ ਗਈਆਂ ਤਾ ਰਿਸ਼ਤੇ ਵੀ ਬਦਲ ਗਏ। ਜੇ ਕੋਈ ਰਿਸ਼ਤੇਦਾਰ ਸਮਾਗਮ ਚ ਗੁੱਸੇ ਗਿਲ੍ਹੇ ਹੋਣ ਦੀ ਵਜ੍ਹਾ ਕਰਕੇ ਸ਼ਿਰਕਤ ਨਹੀਂ ਕਰਦਾ ਤਾ ਝੱਟ ਅੰਕਲ ਆਂਟੀ ਕੰਮ ਸਾਰ ਦਿੰਦੇ ਨੇ । ਪਰ ਪੁਰਾਣੇ ਵਕਤਾ ਚ ਅਜਿਹਾ ਨਹੀਂ ਹੁੰਦਾ ਸੀ । ਜਿੰਨਾ ਸਮਾ ਕੋਈ ਰਿਸ਼ਤੇਦਾਰ ਸਮਾਗਮ ਚ ਨਾ ਪਹੁੰਚਦਾ ਓਨਾ ਟਾਈਮ ਰਸਮ ਪੂਰੀ ਨਹੀਂ ਕੀਤੀ ਜਾਂਦੀ ਸੀ । ਰੁੱਸਣਾ ਰੁਸਾਨਾ ਅੱਜ ਕੱਲ ਤੋ ਕੀਤੇ ਜਿਆਦਾ ਸੀ ।ਪਰ ਰਿਸ਼ਤਿਆਂ ਚ ਮੋਹ ਮੁਹੱਬਤ ਏਨਾ ਜਿਆਦਾ ਹੁੰਦਾ ਸੀ ਕੀ ਰੁਸੇ ਬੰਦੇ ਨੂੰ  ਮਨਾਉਣ ਸਾਰੇ ਰਿਸ਼ਤੇਦਸਰ ਰਲ ਕਿ ਮਨਾ ਲੈਂਦੇ।ਪਰ ਹੁਣ ਜੇ ਕੋਈ ਰਿਸ਼ਦੇਦਾਰ ਰੁੱਸ ਜਾਵੇ ਤਾਂ ਉਸ ਨੂੰ ਮਨਾਉਣ ਕੋਈ ਨਹੀਂ ਜਾਂਦਾ।ਸਗੋ  ਆਖ ਦਿੰਦੇ ਨੇ, ਉਸ  ਬਿਨ ਕਿਹੜਾ ਸਰਦਾ ਨਹੀਂ।ਰਹਿਣ ਦੋ ਉਸ ਨੂੰ? ਇਹੀ ਵਜ੍ਹਾ ਹੈ  ਕਿ ਰਿਸ਼ਤੇ ਕਿਰ ਰਹੇ ਹਨ। ਮੋਹ ਖ਼ਤਮ ਹੁੰਦਾ ਜਾ ਰਿਹਾ ਹੈ।ਅਸਲ ਚ ਰਿਸ਼ਤਿਆਂ ਦੀ ਥਾਂ ਪੈਸੇ ਨੇ ਲੈ ਲਈ ਹੈ। ਬੰਦਾ ਹਰ ਗੱਲ ਦੀ ਪੂਰਤੀ ਪੈਸੇ ਨਾਲ ਕਰਨ ਦਾ ਆਦੀ ਹੋ ਗਿਆ ਹੈ। ਇਹੀ ਕਾਰਨ ਹੈ ਕੀ ਹਰ ਵਿਅਕਤੀ ਟੈਂਸ਼ਨ ਚ ਨਜ਼ਰ ਆਉਂਦਾ ਹੈ। ਜਦ ਕਿ ਪਹਿਲਾਂ ਇਕ ਦੁਜੇ ਨਾਲ ਗਿਲੇ ਸ਼ਿਕਵੇ ਰਲ ਮਿਲ ਮਿਟਾ ਲਏ ਜਾਂਦੇ ਸਾਨ । ਦੁੱਖ ਸੁਖ ਸਾਂਝਾ ਕਰਕੇ ਰਲ ਮਿਲ ਵੰਡਾਆ ਲਿਆ ਜਾਂਦਾ ਸੀ ਜਿਸ ਨਾਲ ਮਨ ਹਲਕਾ ਹੋ ਜਾਂਦਾ ਤੇ ਕੋਈ ਟੈਂਸ਼ਨ ਨਾ ਹੁੰਦੀ। ਕਿਉਂਕਿ ਪਤਾ ਹੁੰਦਾ ਸੀ  ਕਿ ਕੋਈ ਮੁਸੀਬਤ ਜਾ ਭੀੜ ਪਈ ਤਾ ਮਿਲ ਕਿ ਉਸਦਾ ਹੱਲ ਕੱਢ ਲਿਆ ਜਾਵੇਗਾ।ਪ੍ਰੰਤੂ ਅੱਜ ਕੱਲ ਰਿਸ਼ਤਿਆਂ ਦੇ ਕਿਰਨ (ਟੁੱਟਣ)ਕਰਕੇ ਸਮਾਜਕ ਤਾਣਾ ਬਾਣਾ ਉਲਝਦਾ ਜਾ ਰਿਹਾ ਹੈ।

ਸੋ ਲੋੜ ਹੈ ਸਮਾਜਕ ਤਾਣੇ ਬਾਣੇ ਨੂੰ ਸੰਵਾਰਨ ਦੀ , ਰਿਸ਼ਤਿਆਂ ਦੀ ਅਹਮੀਅਤ ਨੂੰ ਸਮਝਣ ਦੀ , ਜਿੰਦਗੀ ਦੇ ਘਾਟੇ ਵਾਧੇ ਜਰਦਿਆਂ ਵੱਖ ਵੱਖ ਰਿਸ਼ਤਿਆਂ ਨੂੰ ਨਿਭਾਉਣ ਦੀ । ਯਾਰਾਂ ਦੋਸਤਾਂ ਨਾਲ ਯਾਰੀਆਂ ਨਿਭਾਉਦਿਆਂ ਬਾਕੀ ਰਿਸ਼ਤਿਆਂ ਨੂੰ ਵੀ ਬਰਕਰਾਰ ਰੱਖਣ ਦੀ।ਨਹੀਂ ਤਾ ਇਸੇ ਤਰਾਂ ਟੈਂਸ਼ਨਾਂ ਚ ਜਿੰਦਗੀ ਗੁਜ਼ਾਰਦਾ ਹੋਇਆ ਇਨਸਾਨ ਇਸ ਜਹਾਂ ਤੋ ਰੁਖ਼ਸਤ ਹੁੰਦਾ ਰਹੇਗਾ। ਆਓ ! ਦੂਰੀਆਂ ਨੂੰ ਦੂਰ ਕਰਕੇ ਗਲੇ ਮਿਲੀਏ ਅਤੇ ਮੋਹ ਮੁਹੱਬਤਾਂ ਵੰਡਦੇ ਹੋਏ ਹਾਸੇ  ਠਠਿਆ ਚ ਖੁਸ਼ਗਵਾਰ  ਰਹਿ ਕੇ ਅਨਮੋਲ ਜਿੰਦਗੀ ਦਾ ਮਜ੍ਹਾ ਲਾਈਏ ।

ਅਜੀਤ ਖੰਨਾ 

(ਲੈਕਚਰਾਰ)

ਮੋਬਾਈਲ:85448-54669 

Leave a Reply

Your email address will not be published. Required fields are marked *