ਬਠਿੰਡਾ ‘ਚ ਕਿਸਾਨ ਤੇ ਪੁਲਿਸ ਆਹਮੋ-ਸਾਹਮਣੇ, ਮਾਹੌਲ ਤਣਾਅਪੂਰਨ
ਬਠਿੰਡਾ, 22 ਨਵੰਬਰ,ਬੋਲੇ ਪੰਜਾਬ ਬਿਊਰੋ :
ਬਠਿੰਡਾ ਦੇ ਪਿੰਡ ਦੁਨੇਵਾਲਾ ‘ਚ ਕੇਂਦਰ ਸਰਕਾਰ ਦੇ ‘ਭਾਰਤ ਮਾਲਾ ਪ੍ਰਾਜੈਕਟ’ ਨੂੰ ਲੈ ਕੇ ਪੁਲਿਸ ਅਤੇ ਕਿਸਾਨਾਂ ਵਿਚਾਲੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਬੀਤੇ ਦਿਨ ਪ੍ਰਸ਼ਾਸਨ ਵੱਲੋਂ ਪੁਲਿਸ ਦੀ ਅਗਵਾਈ ‘ਚ ਪਿੰਡ ਦੀ ਜ਼ਮੀਨ ਨੂੰ ਕਬਜ਼ੇ ‘ਚ ਲੈਣ ਕਾਰਨ ਕਿਸਾਨਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਸੀ। ਇਸ ਦੇ ਵਿਰੋਧ ‘ਚ ਕਿਸਾਨਾਂ ਵੱਲੋਂ ਅੱਜ ਸ਼ੁੱਕਰਵਾਰ ਨੂੰ ਵੱਡਾ ਇਕੱਠ ਕਰਕੇ ਜ਼ਮੀਨ ਛੁਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ , ਜਿਸ ਨੂੰ ਲੈ ਕੇ ਪੁਲਿਸ-ਪ੍ਰਸ਼ਾਸਨ ਵੱਲੋਂ ਵੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਕਿਸਾਨ ਆਗੂਆਂ ਵੱਲੋਂ ਪੰਜਾਬ ਭਰ ਤੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਅਤੇ ਵਰਕਰਾਂ ਨੂੰ ਪੁੱਜਣ ਦੀ ਅਪੀਲ ਕੀਤੀ ਗਈ ਸੀ, ਜਿਸ ‘ਤੇ ਵੱਡੀ ਗਿਣਤੀ ‘ਚ ਕਿਸਾਨ ਪਹੁੰਚ ਗਏ ਹਨ ਅਤੇ ਜ਼ਮੀਨ ਤੋਂ ਕਬਜ਼ਾ ਹਟਾਉਣ ਲਈ ਅੱਗੇ ਵਧ ਰਹੇ ਹਨ। ਇਸ ਦੌਰਾਨ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦੌਰਾਨ ਦੋਵਾਂ ਪਾਸਿਆਂ ਤੋਂ ਧੱਕਾ-ਮੁੱਕੀ ਸ਼ੁਰੂ ਹੋ ਗਈ ਹੈ।