ਮੁੱਖ ਮੰਤਰੀ ਦੇ ਆਦੇਸ਼ਾਂ ਦੇ ਬਾਵਜੂਦ ਜਲ ਸਪਲਾਈ ਮੁਲਾਜ਼ਮ ਤਰੱਕੀਆਂ ਨੂੰ ਤਰਸੇ
ਚੰਡੀਗੜ੍ਹ 22 ਨਵੰਬਰ,ਬੋਲੇ ਪੰਜਾਬ ਬਿਊਰੋ:
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਡਿਪਲੋਮਾ ਪਾਸ 15% ਕੋਟੇ ਅਧੀਨ ਆਉਂਦੇ ਮੁਲਾਜ਼ਮ ਅਫ਼ਸਰਸਾਹੀ ਦੀ ਲਾਪਰਵਾਹੀ ਕਾਰਨ ਪਦਉਨਤੀਆਂ ਨੂੰ ਉਡੀਕਦੇ ਬਿਨਾਂ ਤਰੱਕੀਆਂ ਤੋਂ ਸੇਵਾ ਮੁਕਤ ਹੋ ਕੇ ਘਰਾਂ ਨੂੰ ਜਾ ਰਹੇ ਹਨ । ਜਿਕਰਯੋਗ ਹੈ ਕਿ ਮੁੱਖ ਮੰਤਰੀ ਨਾਲ 18 ਦਸੰਬਰ 2023 ਨੂੰ ਮੁਲਾਜ਼ਮ ਜੱਥੇਬੰਦੀ ਨਾਲ ਮੀਟਿੰਗ ਵਿੱਚ ਜਦੋਂ ਵੱਖ ਵੱਖ ਵਿਭਾਗਾਂ ਵਿਚ ਲੰਬੇ ਸਮੇਂ ਤੋਂ ਲੰਬਿਤ ਪਈਆਂ ਤਰੱਕੀਆਂ ਬਾਰੇ ਮਸਲਾ ਉਠਾਇਆ ਗਿਆ ਸੀ ਤਾਂ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਨੇ ਤੁਰੰਤ ਆਦੇਸ਼ ਦਿੱਤੇ ਸਨ ਕਿ ਦੋ ਮਹੀਨੇ ਦੇ ਵਿੱਚ ਵਿਚ ਸਾਰੇ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਰਹਿੰਦੀਆਂ ਤਰੱਕੀਆਂ ਕੀਤੀਆਂ ਜਾਣ। ਇਸ ਮੀਟਿੰਗ ਤੋਂ ਦੋ ਦਿਨ ਬਾਦ 21 ਦਸੰਬਰ 2023 ਨੂੰ ਮੁੱਖ ਸਕੱਤਰ ਵਲੋਂ ਵੀ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਪੱਤਰ ਲਿਖਿਆ ਸੀ ਕਿ ਮੁੱਖ ਮੰਤਰੀ ਜੀ ਦੇ ਆਦੇਸਾਂ ਅਨੁਸਾਰ ਦੋ ਮਹੀਨੇ ਅੰਦਰ ਸਾਰੀਆਂ ਰਹਿੰਦੀਆਂ ਤਰੱਕੀਆਂ ਕੀਤੀਆਂ ਜਾਣ । ਪਰ ਜਲ ਸਪਲਾਈ ਦੇ ਇਹਨਾਂ 15 % ਕੋਟੇ ਤਹਿਤ ਪ੍ਰਮੋਟ ਹੋਣ ਵਾਲੇ ਮੁਲਾਜ਼ਮਾਂ ਦੀ ਕਿਸਮਤ ਨਹੀਂ ਜਾਗੀ ।ਇਸ ਉਪਰੰਤ ਮੁੱਖ ਸਕੱਤਰ ਵੱਲੋਂ ਦੁਬਾਰਾ 11 ਜੁਲਾਈ 2024 ਨੂੰ ਮੁੜ ਪੱਤਰ ਜਾਰੀ ਕੀਤਾ ਗਿਆ ਜਿਸ ਵਿੱਚ ਪਿਛਲੇ ਪੱਤਰ ਦਾ ਜ਼ਿਕਰ ਕਰਦਿਆਂ ਉਹਨਾਂ ਲਿਖਿਆ ਸੀ ਕਿ ਜਿਹੜੀਆਂ ਤਰੱਕੀਆਂ ਰਹਿ ਗਈਆਂ ਹਨ ਉਹ ਇੱਕ ਮਹੀਨੇ ਦੇ ਵਿੱਚ ਵਿੱਚ ਹਰ ਹਾਲਤ ਕੀਤੀਆਂ ਜਾਣ ਅਤੇ ਇਸ ਪੱਤਰ ਦਾ ਸਮਾਂ ਵੀ 11 ਅਗਸਤ 2024 ਨੂੰ ਖਤਮ ਹੋ ਗਿਆ ਹੈ ਪਰ ਜਲ ਸਪਲਾਈ ਵਿਭਾਗ ਦੇ ਇਹਨਾਂ ਮੁਲਾਜ਼ਮਾਂ ਦੀਆਂ ਤਰੱਕੀਆਂ ਨਹੀਂ ਹੋਈਆਂ । ਜਿਕਰਯੋਗ ਹੈ ਕਿ ਵਿਭਾਗ ਵਿੱਚ 42 ਦੇ ਕਰੀਬ ਪੋਸਟਾਂ 15% ਕੋਟੇ ਤਹਿਤ ਜੂਨੀਅਰ ਇੰਜੀਨੀਅਰ ਦੀ ਤਰੱਕੀ ਲਈ ਖਾਲੀ ਪਈਆਂ ਹਨ ਪਰ ਅਫਸਰ ਸ਼ਾਹੀ ਦੀ ਨਾ ਅਹਲੀਅਤ ਕਾਰਨ ਜਲ ਸਪਲਾਈ ਦੇ ਕਾਮੇ ਤਰੱਕੀਆਂ ਤੋਂ ਵਾਂਝੇ ਹਨ । ਇਸ ਸਬੰਧੀ ਵਿਭਾਗ ਦੇ ਮੁਲਾਜ਼ਮਾਂ ਦੀ ਜਥੇਬੰਦੀ ਪੀਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੇ ਸੂਬਾਈ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ , ਫੁੱਮਣ ਸਿੰਘ ਕਾਠਗੜ੍ਹ ਅਤੇ ਬਲਰਾਜ ਸਿੰਘ ਮੌੜ ਨੇ ਕਿਹਾ ਕਿ ਉਹ ਇਸ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵਾਰ ਵਾਰ ਮਿਲ ਚੁੱਕੇ ਹਨ ਪਰ ਹਰ ਵਾਰ ਲਾਰਿਆਂ ਤੋਂ ਬਿਨਾਂ ਉਹਨਾਂ ਦੇ ਕੁਝ ਵੀ ਪੱਲੇ ਨਹੀਂ ਪਿਆ । ਆਗੂਆਂ ਨੇ ਕਿਹਾ ਕਿ ਵਿਭਾਗ ਦੀ ਅਫ਼ਸਰਸਾਹੀ ਮੁੱਖ ਮੰਤਰੀ ਅਤੇ ਮਾਣਯੋਗ ਹਾਈ ਕੋਰਟ ਦੇ ਹੁਕਮ ਮੰਨਣ ਤੋਂ ਵੀ ਇਨਕਾਰੀ ਹੈ ਜੇਕਰ ਉਕਤ ਮੁਲਾਜ਼ਮਾਂ ਨੂੰ ਤੁਰੰਤ ਪ੍ਰਮੋਟ ਨਾ ਕੀਤਾ ਗਿਆ ਤਾਂ ਉਹ ਤਿੱਖੇ ਸੰਘਰਸ਼ ਦਾ ਰਾਹ ਫੜਨਗੇ।