ਪੰਜਾਬ ‘ਚ ਐਨਆਰਆਈ ਪਰਿਵਾਰ ਦੇ ਘਰ ਬਾਹਰ ਫਾਇਰਿੰਗ, ਦਹਿਸ਼ਤ ਦਾ ਮਾਹੌਲ
ਅੰਮ੍ਰਿਤਸਰ, 21 ਨਵੰਬਰ,ਬੋਲੇ ਪੰਜਾਬ ਬਿਊਰੋ :
ਅੰਮ੍ਰਿਤਸਰ ਦੇ ਏਅਰਪੋਰਟ ਰੋਡ ‘ਤੇ ਜੁਝਾਰ ਐਵੀਨਿਊ ‘ਚ ਅਣਪਛਾਤੇ ਨੌਜਵਾਨਾਂ ਨੇ ਇਕ ਐਨਆਰਆਈ ਪਰਿਵਾਰ ਦੇ ਘਰ ਦੇ ਬਾਹਰ ਫਾਇਰਿੰਗ ਕਰਕੇ ਇਲਾਕੇ ‘ਚ ਦਹਿਸ਼ਤ ਫੈਲਾ ਦਿੱਤੀ ਹੈ। ਹਮਲਾਵਰਾਂ ਨੇ ਘਰ ਦੀ ਕੰਧ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਘਟਨਾ ਜੁਝਾਰ ਐਵੀਨਿਊ ਦੇ ਮਕਾਨ ਨੰਬਰ 26 ਦੇ ਬਾਹਰ ਵਾਪਰੀ। ਇਲਾਕਾ ਨਿਵਾਸੀਆਂ ਮੁਤਾਬਕ ਰਾਤ ਨੂੰ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਪਹਿਲਾਂ ਤਾਂ ਲੋਕਾਂ ਨੂੰ ਲੱਗਿਆ ਕਿ ਪਟਾਕੇ ਚਲਾਏ ਜਾ ਰਹੇ ਹਨ ਪਰ ਬਾਅਦ ‘ਚ ਪਤਾ ਲੱਗਾ ਕਿ ਇਹ ਗੋਲੀਬਾਰੀ ਦੀ ਘਟਨਾ ਹੈ। ਹਮਲਾਵਰਾਂ ਨੇ ਕਰੀਬ 9 ਗੋਲੀਆਂ ਚਲਾਈਆਂ, ਜੋ ਘਰ ਦੀ ਕੰਧ ਨਾਲ ਲੱਗੀਆਂ।
ਘਟਨਾ ਸਮੇਂ ਘਰ ਦੇ ਅੰਦਰ ਸਿਰਫ਼ ਇੱਕ ਬਜ਼ੁਰਗ ਔਰਤ ਹੀ ਮੌਜੂਦ ਸੀ। ਪੁਲਿਸ ਨੇ ਦੱਸਿਆ ਕਿ ਘਰ ਦੇ ਹੋਰ ਮੈਂਬਰ ਵਿਦੇਸ਼ ਵਿੱਚ ਰਹਿੰਦੇ ਹਨ। ਇਸ ਘਟਨਾ ਵਿੱਚ ਕਿਸੇ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਮਾਮਲੇ ਦੀ ਸੂਚਨਾ ਸਵੇਰੇ ਪੁਲਿਸ ਨੂੰ ਦਿੱਤੀ ਗਈ।
ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਛਾਉਣੀ ਦੀ ਐਸਐਚਓ ਅਮਨਦੀਪ ਕੌਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਮੌਕੇ ’ਤੇ ਪੁੱਜੀ। ਉਨ੍ਹਾਂ ਨੇ ਘਰ ਦਾ ਮੁਆਇਨਾ ਕੀਤਾ ਅਤੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ। ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਹਮਲਾਵਰਾਂ ਨੇ ਕੰਧ ‘ਤੇ ਗੋਲੀਆਂ ਚਲਾਈਆਂ ਅਤੇ ਫਰਾਰ ਹੋ ਗਏ।ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।