ਲਹਿਜਾ
ਲਹਿਜਾ ਸ਼ਬਦ ਦਾ ਅਰਥ ਹੈ ਢੰਗ ਤਰੀਕਾ ਜਾਂ ਸਲੀਕਾ ।ਫੇਰ ਉਹ ਲਹਿਜਾ ਗੱਲ ਕਰਨ ਦਾ ਹੋਵੇ ਜਾਂ ਖਾਣ ਪੀਣ ਦਾ ਹੋਵੇ ।ਰਹਿਣ ਸਹਿਣ ਦਾ ਹੋਵੇ ਜਾਂ ਫੇਰ ਲਾਹੁਣ ਪਾਉਂਣ ਦਾ।ਲਹਿਜਾ ਕਿਸੇ ਬੰਦੇ ਦੀ ਸ਼ਖਸ਼ੀਅਤ ਨੂੰ ਦਰਸਾਉਂਦਾ ਹੈ। ਕਿਸੇ ਬੰਦੇ ਦੀ ਸ਼ਖਸ਼ੀਅਤ ਦਾ ਅੰਦਾਜ਼ਾ ਤੁਸੀਂ ਉਸਦੇ ਵੱਖ ਵੱਖ ਲਹਿਜੇ ਤੋ ਲਾ ਸਕਦੇ ਹੋ।ਜੇ ਆਪਾਂ ਸਭ ਤੋ ਪਹਿਲਾਂ ਗੱਲ ਕਰੀਏ,ਗੱਲ ਕਰਨ ਦੇ ਲਹਿਜੇ ਦੀ ਤਾਂ ਇਹ ਬਹੁਤ ਅਹਿਮੀਅਤ ਰੱਖਦਾ ਹੈ। ਜਿਸ ਦਾ ਅਰਥ ਹੈ ਬੋਲਣ ਜਾਂ ਉਚਾਰਨ ਦਾ ਖ਼ਾਸ ਢੰਗ ਤਰੀਕਾ।ਕਿਉਂਕਿ ਤੁਹਾਡਾ ਗੱਲ ਕਰਨ ਦਾ ਲਹਿਜਾ ਤੁਹਾਡੇ ਕੰਮ ਨੂੰ ਸੌਖਾ ਬਣਾ ਸਕਦਾ ਹੈ।ਜੇ ਤੁਸੀਂ ਕਿਸੇ ਸਾਹਮਣੇ ਵਾਲੇ ਬੰਦੇ ਨਾਲ ਹੱਸਣ ਦੇ ਲਹਿਜੇ ਚ ਗੱਲ ਕਰਦੇ ਹੋ ਤਾਂ ਤੁਹਾਡਾ ਨਾ ਹੋਣ ਵਾਲਾ ਕੰਮ ਵੀ ਸੌਖਿਆਂ ਹੋਣ ਦੀ ਉਮੀਦ ਬੱਝ ਜਾਂਦੀ ਹੈ।ਪਰ ਜੇ ਤੁਸੀਂ ਕਿਸੇ ਨੂੰ ਖਰ੍ਹਵੇ ਲਹਿਜੇ ਚ ਬੋਲ ਕੇ ਕੰਮ ਕਹਿੰਦੇ ਹੋ ਤਾਂ ਤੁਹਾਡਾ ਹੋਣ ਵਾਲਾ ਕੰਮ ਦੀ ਨਾ ਉਮੀਦ ਬਣ ਜਾਂਦੀ ਹੈ ਜਾਂ ਨਹੀਂ ਹੋਵੇਗਾ ਜਾ ਫਿਰ ਲੇਟ ਹੋਵੇਗਾ।ਤੁਸੀਂ ਕਿਸੇ ਨਾ ਕਿਸੇ ਦੇ ਮੂੰਹੋਂ ਇਹ ਜਰੂਰ ਸੁਣਿਆ ਹੋਵੇਗਾ ਕੇ ਫਲਾਣੇ ਬੰਦਾ ਦਾ ਗੱਲ ਕਰਨ ਦਾ ਲਹਿਜਾ ਮੈਨੂੰ ਸਹੀ ਨਹੀਂ ਲੱਗਿਆ।ਮਤਲਬ ਕੇ ਉਸਦਾ ਬੋਲਣ ਦਾ ਢੰਗ ਸਹੀ ਨਹੀਂ ਸੀ। ਜੋ ਸਾਹਮਣੇ ਵਾਲੇ ਨੂੰ ਚੁੱਭਿਆ ਹੈ।
ਮੈਂ ਅਕਸਰ ਵੇਖਿਆ ਹੈ ਕੇ ਜਿਨ੍ਹਾਂ ਲੋਕਾਂ ਦਾ ਗੱਲ ਕਰਨ ਦਾ ਲਹਿਜਾ ਵਧੀਆ ਹੁੰਦਾ ਹੈ,ਸੋਹਣਾ ਹੁੰਦਾ ਹੈ।ਉਹ ਆਪਣਾ ਔਖੇ ਤੋ ਔਖੇ ਕੰਮ ਵੀ ਝੱਟ ਕਢਵਾ ਕੇ ਅਹੁ ਜਾਂਦੇ ਹਨ। ਜਦ ਕੇ ਜਿਨ੍ਹਾਂ ਦਾ ਬੋਲਣ ਦਾ ਲਹਿਜਾ ਥੋੜਾ ਖਰਵ੍ਹਾ ਹੁੰਦਾ ਹੈ।ਉਹ ਆਪਣੇ ਕੰਮ ਵਾਸਤੇ ਚੱਕਰ ਕੱਢਦੇ ਰਹਿੰਦੇ ਹਨ। ਇਸ ਲਈ ਤੁਹਾਡੇ ਬੋਲਣ ਦੇ ਲਹਿਜੇ ਉੱਤੇ ਨਿਰਭਰ ਕਰਦਾ ਹੈ ਕੇ ਤੁਸੀਂ ਕਿਸ ਤਰਾਂ ਦੀ ਸ਼ਖਸ਼ੀਅਤ ਦੇ ਮਾਲਕ ਹੋ।ਤੁਹਾਡੀ ਸੋਚ ਕਿਹੋ ਜੇਹੀ ਹੈ। ਕਿਉਂਕਿ ਬੋਲਣ ਦੇ ਸੋਹਣੇ ਲਹਿਜੇ ਸਦਕਾ ਹਰ ਵਿਅਕਤੀ ਤੁਹਾਨੂੰ ਪਸੰਦ ਕਰਦਾ ਹੈ।ਇਸੇ ਤਰਾਂ ਜਿਨ੍ਹਾਂ ਲੋਕਾਂ ਦਾ ਖਾਣ ਪੀਣ ਦਾ ਲਹਿਜਾ ਸਹੀ ਨਹੀਂ ਹੁੰਦਾ ।ਉਸ ਨੂੰ ਕੋਈ ਪਸੰਦ ਨਹੀਂ ਕਰਦਾ ਤੇ ਉਸ ਤੋ ਹਰ ਬੰਦਾ ਕੰਨੀ ਕਤਰਾਉਂਦਾ ਹੈ। ਕਿਉਂਕਿ ਦੂਸਰੇ ਬੰਦੇ ਨੂੰ ਪਤਾ ਹੁੰਦਾ ਹੈ ਕੇ ਇਸ ਨਾਲ ਖਾ ਪੀ ਕੇ ਬਦਨਾਮੀ ਹੀ ਖੱਟਣੀ ਪਵੇਗੀ। ਸੋ ਬਿਹਤਰ ਹੈ ਜਿਨ੍ਹਾਂ ਹੋ ਸਕੇ ਅਜਿਹੇ ਲਹਿਜੇ ਵਾਲੇ ਬੰਦਿਆ ਤੋ ਬਚਿਆ ਜਾਵੇ ।ਪਰੇ ਰਿਹਾ ਜਾਵੇ ।ਦੂਰੀ ਬਣਾ ਕੇ ਰੱਖੀ ਜਾਵੇ।
ਅਗਲੀ ਗੱਲ ਜਿਸ ਬੰਦੇ ਦਾ ਰਹਿਣ ਸਹਿਣ ਦਾ ਲਹਿਜਾ ਠੀਕ ਨਹੀਂ ਹੁੰਦਾ। ਉਸ ਨੂੰ ਵੀ ਕੋਈ ਚੰਗਾ ਨਹੀਂ ਸਮਝਦਾ ਤੇ ਨਾ ਹੀ ਉਸ ਨਾਲ ਰਹਿ ਕੇ ਜਾ ਕਿਤੇ ਜਾ ਕੇ ਕੋਈ ਰਾਜ਼ੀ ਹੁੰਦਾ ਹੁੰਦਾ ਹੈ।ਜੇ ਤੁਸੀਂ ਅਜਿਹੇ ਬੰਦੇ ਨਾਲ ਰਹਿੰਦੇ ਹੋ ਤਾਂ ਪਤਾ ਨੀ ਕਿੱਥੇ ਉਹ ਅਜਿਹੀ ਗੱਲ ਕਰ ਦੇਵੇ ।ਜਿਸ ਨਾਲ ਤੁਹਾਡੀ ਪਬਲੀਕਲੀ ਬਦਨਾਮੀ ਹੋਵੇ। ਇਹੋ ਜੇਹੇ ਬੰਦੇ ਨਾਲ ਰਹਿਣ ਤੋ ਹਰ ਕੋਈ ਗੁਰੇਜ਼ ਕਰਦਾ ਹੈ।ਇਸੇ ਤਰਾ ਜਿਨ੍ਹਾਂ ਬੰਦਿਆ ਨੂੰ ਲਾਹੁਣ ਪਉਣ (ਪਹਿਨਣ )ਦਾ ਲਹਿਜਾ ਨਹੀਂ ।ਉਸ ਨਾਲ ਵੀ ਕੋਈ ਰਹਿਣਾ ਘੱਟ ਹੀ ਪਸੰਦ ਜਰਦਾ ਹੈ। ਬੇਹੂਦਾ ਡਰੈੱਸ ਪਾਉਣੀ ਮਾੜੇ ਲਹਿਜੇ ਦੀ ਨਿਸ਼ਾਨੀ ਹੈ। ਸਾਨੂੰ ਹਮੇਸ਼ਾ ਸੋਹਣਾ ਲਾਹੁਣਾ ਪਾਉਣਾ ਚਾਹੀਦਾ ਹੈ। ਇਸੇ ਲਈ ਕਿਸੇ ਨੇ ਸੱਚ ਹੀ ਕਿਹਾ ਹੈ ਕੇ ਖਾਈਏ ਮਨ ਪਸੰਦ , ਪਹਿਣੀਏ ਜੱਗ ਪਸੰਦ। ਅੱਜ ਕੱਲ ਆਮ ਵੇਖਿਆ ਗਿਆ ਹੈ ਕੇ ਬਹੁਤ ਸਾਰੇ ਲੋਕ ਬੇਢੱਬੀਆਂ ਡਰੈਸ ਪਾ ਲੈਂਦੇ ਹਨ।ਜੋ ਨਾ ਤਾਂ ਸਮਾਜ ਉਨ੍ਹਾਂ ਨੂੰ ਪਸੰਦ ਕਰਦਾ ਹੈ ਤੇ ਨਾ ਹੀ ਉਨ੍ਹਾਂ ਦੀ ਸਿਹਤ ਤੇ ਫੱਬਦੀਆਂ ਹਨ। ਬਹੁਤ ਵਾਰ ਤਾ ਡ੍ਰੈਸ ਚੋਣ ਸਾਰੇ ਸਰੀਰ ਦੇ ਅੰਗ ਵਿਖਾਈ ਦਿੰਦੇ ਹੁੰਦੇ ਹਨ। ਜੋ ਬਹੁਤ ਬੇਢੱਬੇ ਜਾਪਦੇ ਹਨ। ਇਸ ਲਈ ਹਮੇਸ਼ਾ ਕੱਪੜੇ ਪਾਉਣ ਦਾ ਲਹਿਜਾ ਸਹੀ ਹੋਣਾ ਚਾਹੀਦਾ ਹੈ। ਜਿਸ ਨਾਲ ਤੁਹਾਡੀ ਸ਼ਖਸ਼ੀਅਤ ਦਾ ਵਧੀਆ ਪੱਖ ਉਘੜ ਕੇ ਦੁਨੀਆ ਸਾਹਮਣੇ ਆਵੇ।
ਸੋ ਮੁੱਕਦੀ ਗੱਲ ਤੁਹਾਡਾ ਗੱਲ ਕਰਨ ਦਾ ਲਹਿਜਾ,ਖਾਣ ਪੀਣ ਦਾ ਲਹਿਜਾ ਤੇ ਪਾਉਣ ਲਾਹੁਣ ਦਾ ਲਹਿਜਾ ਸੋਹਣਾ ਤੇ ਵਧੀਆ ਹੋਣਾ ਜਰੂਰੀ ਹੈ।ਇਕ ਚੰਗੇ ਤੇ ਸੱਭਿਅਤ ਇਨਸਾਨ ਦੀ ਇਹੋ ਨਿਸ਼ਾਨੀ ਹੈ।ਲਹਿਜੇ ਚ ਗੱਲ ਕਰੋ,ਲਹਿਜੇ ਚ ਰਹੋ ਤੇ ਲਹਿਜੇ ਚ ਪਹਿਣੋ।
ਲੈਕਚਰਾਰ ਅਜੀਤ ਖੰਨਾ
ਮੋਬਾਈਲ :76967 54669