ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰੰਗਲਾ ਪੰਜਾਬ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀਆਂ ਸਹਿਯੋਗੀ ਬਣਨ ਪੰਚਾਇਤਾਂ-ਡਾ: ਬਲਜੀਤ ਕੌਰ

ਚੰਡੀਗੜ੍ਹ ਪੰਜਾਬ

ਐਸਸੀ ਅਬਾਦੀ ਵਾਲੇ ਪਿੰਡਾਂ ਨੂੰ ਮਿਲੇਗੀ 20 ਲੱਖ ਪ੍ਰਤੀ ਪਿੰਡ ਦੇ ਹਿਸਾਬ ਨਾਲ ਵਾਧੂ ਗ੍ਰਾਂਟ

ਫਾਜ਼ਿਲਕਾ ਜ਼ਿਲ੍ਹੇ ਦੇ ਪੰਚਾਂ ਨੂੰ ਸਹੁੰ ਚੁਕਾਉਣ ਲਈ ਹੋਇਆ ਜ਼ਿਲ੍ਹਾ ਪੱਧਰੀ ਸਮਾਗਮ

ਚੰਡੀਗੜ੍ਹ/ਫਾਜ਼ਿਲਕਾ, 19 ਨਵੰਬਰ,ਬੋਲੇ ਪੰਜਾਬ ਬਿਊਰੋ :

ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਪੰਚਾਇਤਾਂ ਨੂੰ ਸਹਿਯੋਗੀ ਬਣਨ ਦਾ ਸੱਦਾ ਦਿੰਦਿਆਂ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਆਖਿਆ ਹੈ ਕਿ ਪਿੰਡਾਂ ਦੇ ਵਿਕਾਸ ਨੂੰ ਪੰਜਾਬ ਸਰਕਾਰ ਵੱਲੋਂ ਵਿਸੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਉਹ ਅੱਜ ਇੱਥੇ ਜ਼ਿਲ੍ਹੇ ਦੇ ਨਵੇਂ ਚੁਣੇ ਗਏ ਪੰਚਾਂ ਨੂੰ ਸਹੁੰ ਚੁਕਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਸੰਬੋਧਨ ਕਰ ਰਹੇ ਸਨ।

ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਹੋਈ ਸਮਾਗਮ ਦੌਰਾਨ ਆਪਣੇ ਸੰਬੋਧਨ ਵਿਚ ਐਲਾਣ ਕੀਤਾ ਕਿ ਉਨ੍ਹਾਂ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਵੱਲੋਂ ਜਿੰਨ੍ਹਾਂ ਪਿੰਡਾਂ ਵਿਚ ਐਸਸੀ ਆਬਾਦੀ 50 ਫੀਸਦੀ ਤੋਂ ਵੱਧ ਹੈ, ਨੂੰ ਪ੍ਰਤੀ ਪਿੰਡ 20 ਲੱਖ ਰੁਪਏ ਦੀ ਵਿਸੇਸ਼ ਗ੍ਰਾਂਟ ਵਿਕਾਸ ਕਾਰਜਾਂ ਲਈ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਸਕੀਮ ਤਹਿਤ ਫਾਜ਼ਿਲਕਾ ਦੇ 40 ਪਿੰਡ ਆਉਂਦੇ ਹਨ ਅਤੇ ਇਸ ਤਹਿਤ ਗ੍ਰਾਂਟ ਦੀ ਪਹਿਲੀ ਕਿਸਤ ਜਲਦੀ ਜਾਰੀ ਕਰ ਦਿੱਤੀ ਜਾਵੇਗੀ। ਇਸ ਤੋਂ ਬਿਨ੍ਹਾਂ ਜਿੰਨ੍ਹਾਂ ਪਿੰਡਾਂ ਵਿਚ ਸਰਵਸੰਮਤੀ ਨਾਲ ਚੋਣਾਂ ਹੋਈਆਂ ਹਨ ਉਨ੍ਹਾਂ ਨੂੰ ਵੀ ਵਿਸੇਸ਼ ਗ੍ਰਾਂਟ ਮਿਲੇਗੀ। ਨਾਲ ਹੀ ਉਨ੍ਹਾਂ ਨੇ ਪਿੰਡਾਂ ਵਿਚ ਭਾਈਚਾਰਾ ਮਜਬੂਤ ਕਰਨ ਅਤੇ ਜਾਤਪਾਤ ਖਤਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਜਿਹੜੇ ਪਿੰਡ ਸਾਂਝਾ ਸਮਸ਼ਾਨ ਘਾਟ ਬਣਾਉਣਗੇ ਉਨ੍ਹਾਂ ਪਿੰਡਾਂ ਨੂੰ ਵੀ 5 ਲੱਖ ਰੁਪਏ ਦੀ ਗ੍ਰਾਂਟ ਉਨ੍ਹਾਂ ਦੇ ਵਿਭਾਗ ਵੱਲੋਂ ਦਿੱਤੀ ਜਾਵੇਗੀ।


ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਪੰਚਾਇਤਾਂ ਨੂੰ ਫੰਡ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਪਰ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਲੋਕਾਂ ਦਾ ਪੈਸਾ ਲੋਕਾਂ ਤੇ ਲੱਗੇ।

ਉਨ੍ਹਾਂ ਨੇ ਨਵੇਂ ਚੁਣੇ ਪੰਚਾਂ ਸਰਪੰਚਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਿੰਡ ਦੇ ਵਿਕਾਸ ਵਿਚ ਪੰਚ ਸਰਪੰਚ ਦੀ ਸਭ ਤੋਂ ਵੱਡੀ ਭੂਮਿਕਾ ਹੁੰਦੀ ਹੈ ਅਤੇ ਲੋਕਾਂ ਨੇ ਤੁਹਾਡੇ ਤੇ ਵਿਸਵਾਸ਼ ਜਤਾਇਆ ਹੈ ਤਾਂ ਹੁਣ ਤੁਹਾਡੀ ਜਿੰਮੇਵਾਰੀ ਹੈ ਕਿ ਲੋਕਾਂ ਦੇ ਵਿਸਵਾਸ਼ ਤੇ ਖਰਾ ਉਤਰੋ। ਉਨ੍ਹਾਂ ਨੇ ਇਸ ਮੌਕੇ ਪੰਚ ਸਰਪੰਚ ਬਣੀਆਂ ਔਰਤਾਂ ਨੂੰ ਵਿਸੇਸ਼ ਤੌਰ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਪੰਚਾਇਤ ਦੇ ਕੰਮਾਂ ਵਿਚ ਸਰਗਰਮੀ ਨਾਲ ਭਾਗ ਲੈਣ। ਇਸ ਮੌਕੇ ਜ਼ਿਲ੍ਹੇ ਦੇ ਪੰਜਾਂ ਬਲਾਕਾਂ ਦੇ ਪੰਚਾਂ ਨੂੰ ਕੈਬਨਿਟ ਮੰਤਰੀ ਨੇ ਸਹੁੰ ਚੁੱਕਾਈ ਜਦ ਕਿ ਸਰਪੰਚਾਂ ਨੂੰ ਪਿੱਛਲੇ ਦਿਨੀਂ ਹੋਏ ਸਮਾਗਮ ਵਿਚ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੇ ਸਹੁੰ ਚੁੱਕਾਈ ਸੀ।


ਇਸ ਤੋਂ ਪਹਿਲਾਂ ਬੋਲਦਿਆਂ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ ਤੇ ਪੰਚਾਂ ਤੇ ਸਰਪੰਚਾਂ ਨੂੰ ਸੁਭਕਾਮਨਾਵਾਂ ਦਿੱਤੀਆਂ। ਸ੍ਰੀ ਅਰੁਣ ਨਾਰੰਗ ਸਾਬਕਾ ਵਿਧਾਇਕ ਅਬੋਹਰ ਨੇ ਕਿਹਾ ਕਿ ਪੰਚਾਇਤਾਂ ਦੀ ਭੁਮਿਕਾ ਮਹੱਤਵਪੂਰਨ ਹੈ। ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਅੱਜ ਤੋਂ ਪੰਚਾਇਤਾਂ ਦਾ ਅਧਿਕਾਰਤ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਸਰਕਾਰ ਵੱਲੋਂ ਗ੍ਰਾਂਟਾਂ ਦੀ ਘਾਟ ਨਹੀਂ ਆਵੇਗੀ ਅਤੇ ਪੰਚਾਇਤਾਂ ਇਹ ਗ੍ਰਾਂਟ ਪਿੰਡਾਂ ਵਿਚ ਤਨਦੇਹੀ ਨਾਲ ਖਰਚ ਕਰਨ। ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੇ ਪਿੰਡਾਂ ਦੇ ਵਿਕਾਸ ਦਾ ਜੋ ਸੁਪਨਾ ਲਿਆ ਹੈ ਉਸਨੂੰ ਹਕੀਕੀ ਰੂਪ ਦੇਣ ਵਿਚ ਪੰਚਾਇਤਾਂ ਦੀ ਅਹਿਮ ਭੁਮਿਕਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ, ਐਸਐਸਪੀ ਸ: ਵਰਿੰਦਰ ਸਿੰਘ ਬਰਾੜ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਸੁਨੀਲ ਸਚਦੇਵਾ, ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ: ਮਨਦੀਪ ਕੌਰ, ਐਸਪੀ ਰਮਨੀਸ਼ ਚੌਧਰੀ, ਐਸਡੀਐਮ ਸ੍ਰੀ ਕੰਵਰਜੀਤ ਸਿੰਘ ਮਾਨ, ਡੀਡੀਪੀਓ ਸ੍ਰੀ ਗੁਰਦਰਸ਼ਨ ਲਾਲ ਕੁੰਡਲ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਮਾਜ ਦੇ ਪਤਵੰਤੇ ਹਾਜਰ ਸਨ।

Leave a Reply

Your email address will not be published. Required fields are marked *