ਰਾਹੁਲ ਗਾਂਧੀ ਨੂੰ ਹਰਿਮੰਦਰ ਸਾਹਿਬ ‘ਚ ਵੀਆਈਪੀ ਦਰਸ਼ਨ ਕਰਵਾਉਣ ਦਾ ਮਹਿਲਾ ਸ਼ਰਧਾਲੂ ਨੇ ਕੀਤਾ ਵਿਰੋਧ
ਅੰਮ੍ਰਿਤਸਰ, 19 ਨਵੰਬਰ,ਬੋਲੇ ਪੰਜਾਬ ਬਿਊਰੋ :
ਕਾਂਗਰਸ ਆਗੂ ਰਾਹੁਲ ਗਾਂਧੀ ਬੀਤੀ ਰਾਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਰਾਹੁਲ ਗਾਂਧੀ ਨੇ ਸੱਚਖੰਡ ਸ੍ਰੀ ਹਰਿੰਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਪਵਿੱਤਰ ਗੁਰਬਾਣੀ ਤੇ ਕੀਰਤਨ ਸਰਵਣ ਕੀਤਾ। ਇਸ ਤੋਂ ਬਾਅਦ ਜਲ ਵਰਤਾਉਣ ਅਤੇ ਭਾਂਡੇ ਧੋਣ ਦੀ ਸੇਵਾ ਕੀਤੀ।
ਸਖਤ ਸੁਰੱਖਿਆ ਦੇ ਪ੍ਰਬੰਧਾਂ ਦੇ ਹੇਠ ਰਾਹੁਲ ਗਾਂਧੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਅਤੇ ਇਸ ਮੌਕੇ ਸੁਰੱਖਿਆ ਪ੍ਰਬੰਧਾਂ ਦੇ ਤਹਿਤ ਭਾਰੀ ਗਿਣਤੀ ਦੇ ਵਿੱਚ ਪੁਲਿਸ ਤੈਨਾਤ ਕੀਤੀ ਗਈ ਸੀ। ਇਸੇ ਦੌਰਾਨ ਇੱਕ ਮਹਿਲਾ ਸ਼ਰਧਾਲੂ ਵੱਲੋਂ ਰਾਹੁਲ ਗਾਂਧੀ ਦਾ ਵਿਰੋਧ ਕੀਤਾ ਗਿਆ ਅਤੇ ਰਾਹੁਲ ਗਾਂਧੀ ਦੀ ਸਿਕਓਰਿਟੀ ਕਾਰਨ ਸ਼ਰਧਾਲੂਆਂ ਨੂੰ ਹੋਣ ਵਾਲੀ ਪਰੇਸ਼ਾਨੀ ‘ਤੇ ਨਰਾਜ਼ਗੀ ਜਤਾਈ ਗਈ।
ਰਾਹੁਲ ਗਾਂਧੀ ਨੂੰ ਹਰਿਮੰਦਰ ਸਾਹਿਬ ‘ਚ ਵੀਆਈਪੀ ਦਰਸ਼ਨ ਕਰਵਾਉਣ ‘ਤੇ ਇਕ ਮਹਿਲਾ ਸ਼ਰਧਾਲੂ ਗੁੱਸੇ ‘ਚ ਆ ਗਈ। ਉਨ੍ਹਾਂ ਕਿਹਾ, ਕਤਾਰ ਵਿਚ ਖੜ੍ਹੇ ਲੋਕਾਂ ਨੂੰ ਇਕ ਪਾਸੇ ਰੱਖਿਆ ਗਿਆ ਅਤੇ ਰਾਹੁਲ ਨੂੰ ਅੱਗੇ ਲਿਜਾ ਕੇ ਦਰਸ਼ਨ ਕਰਵਾਏ ਗਏ।ਉਨ੍ਹਾਂ ਕਿਹਾ ਕਿ ਮੱਥਾ ਟੇਕਣ ਆਏ VIP ਸਿਕਓਰਿਟੀ ਕਿਉਂ ਨਾਲ ਲੈ ਕੇ ਆਉਂਦੇ ਨੇ, ਹਰਿਮੰਦਰ ਸਾਹਿਬ ਵਿੱਚ ਇਸ ਤਰ੍ਹਾਂ ਦੇ ਦਰਸ਼ਨਾਂ ਦੀ ਕੋਈ ਪਰੰਪਰਾ ਨਹੀਂ ਹੈ। ਜੋ ਕੋਈ ਦਰਸ਼ਨ ਕਰਨਾ ਚਾਹੁੰਦਾ ਹੈ, ਉਹ ਲਾਈਨ ਵਿੱਚ ਖੜ੍ਹਾ ਹੋਵੇ ਅਤੇ ਆਮ ਸ਼ਰਧਾਲੂਆਂ ਵਾਂਗ ਮੱਥਾ ਟੇਕੇ।