ਸੁਖਬੀਰ ਦੇ ਅਸਤੀਫਾ ਮਗਰੋਂ ਅਕਾਲੀ ਏਕਤਾ ਲਈ ਰਾਹ ਪੱਧਰਾ ਹੋਇਆ !

ਪੰਜਾਬ

ਸੁਖਬੀਰ ਦੇ ਅਸਤੀਫਾ ਮਗਰੋਂ ਅਕਾਲੀ ਏਕਤਾ ਲਈ ਰਾਹ ਪੱਧਰਾ ਹੋਇਆ !

ਦੇਰ ਆਏ ਦਰੁਸਤ ਆਏ,ਆਖ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਹੀ ਦਿੱਤਾ।ਪਰ ਦੇਰ ਨਾਲ ਅਸਤੀਫਾ ਦਿੱਤੇ ਜਾਣ ਸਦਕਾ ਸਿਆਸੀ ਸਫ਼ਾਂ ਚ ਕਈ ਤਰਾਂ ਦੇ ਸਵਾਲ ਉਠ ਖੜੇ ਹੋਏ ਹਨ।ਲੰਬੀ ਚੌੜੀ ਅਲੋਚਨਾ ਪਿੱਛੋਂ ਸੁਖਬੀਰ ਬਾਦਲ ਵੱਲੋਂ ਦਿੱਤਾ ਗਿਆ ਅਸਤੀਫਾ ਕੀ ਡਰਾਮਾ ਤਾਂ ਨਹੀਂ ? ਕੀ ਇਹ ਅਸਤੀਫਾ  ਇਮਾਨਦਾਰੀ ਨਾਲ ਸੱਚੇ ਮਨੋ ਦਿੱਤਾ ਗਿਆ ਹੈ ? ਕੀ ਸੱਚਮੁੱਚ ਸੁਖਬੀਰ  ਬਾਦਲ ਵੱਲੋਂ ਪਾਰਟੀ ਨੂੰ ਮਜ਼ਬੂਤ ਕਰਨਾ ਦੇ ਇਰਾਦੇ ਨਾਲ ਅਸਤੀਫਾ ਦਿੱਤਾ ਗਿਆ?ਕੀ ਸ੍ਰੀ ਅਕਾਲ ਤਖਤ ਸਾਹਿਬ ਤੋ ਆਉਣ ਵਾਲੇ ਫ਼ੈਸਲੇ ਦੇ ਡਰੋਂ ਤਾਂ ਇਹ ਅਸਤੀਫਾ ਨਹੀਂ ਦਿੱਤਾ ਗਿਆ ਹੈ? ਇਸ ਤਰਾ ਦੇ ਹੋਰ ਵੀ ਕਈ ਸਵਾਲ ਹਨ।ਜੋ ਇਸ ਵਕਤ ਚੁੰਝ ਚਰਚਾ ਬਣੇ ਹੋਏ ਹਨ।ਸੁਖਬੀਰ ਦੇ ਇਸ ਅਸਤੀਫੇ ਦੇ ਅਸਲ ਮਾਅਨੇ ਕੀ ਹਨ? ਇਸ ਨੂੰ ਜਾਨਣਾ ਜਰੂਰੀ ਹੈ। 

ਕਰੀਬ 16 ਵਰ੍ਹੇ  (2008 ਤੋ )ਪਾਰਟੀ ਦੀ ਪ੍ਰਧਾਨਗੀ ਕਰਦਿਆ ਉਨ੍ਹਾਂ ਦੇ ਸ਼ੁਰੂਆਤੀ ਕਾਰਜਕਾਲ ਦੌਰਾਨ ਕੋਈ ਜਿਆਦਾ ਦਿੱਕਤਾਂ ਨਹੀਂ ਆਈਆਂ।ਕਿਉਂਕਿ ਜਦੋ ਸੁਖਬੀਰ ਬਦਲ ਪਾਰਟੀ ਪ੍ਰਧਾਨ ਬਣੇ ਤਾਂ ਉਸ ਵੇਲੇ ਪੰਜਾਬ ਚ ਅਕਾਲੀ ਭਾਜਪਾ ਦੀ ਮਿਲੀ ਜੁਲੀ ਸਰਕਾਰ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ। ਸੁਖਬੀਰ ਬਾਦਲ ਨੂੰ ਇਹ ਪ੍ਰਧਾਨਗੀ ਵਿਰਾਸਤ ਚ ਮਿਲੀ । ਵਿਦੇਸ਼ਾਂ ਚ ਪੜਨ ਵਾਲੇ ਸੁਖਬੀਰ 2009 ਤੋ ਲੈ ਕੇ 2017 ਤੱਕ  ਦੋ ਵਾਰ ਉਪ ਮੁੱਖ ਮੰਤਰੀ,ਕੇਂਦਰ ਚ ਰਾਜ ਮੰਤਰੀ ਤੇ ਤਿੰਨ ਵਾਰ ਸੰਸਦ ਮੈਬਰ ਬਣੇ।ਪਰ ਅਕਾਲੀ ਦਲ ਦੇ ਰਾਜ ਦੌਰਾਨ ਰਾਮ ਰਹੀਮ ਨੂੰ ਮੁਆਫ਼ੀਨਾਮਾ ਦਿੱਤੇ ਜਾਣਾ ਅਤੇ ਬੇਅਦਬੀ ਵਰਗੀਆਂ ਅਜਿਹੀਆਂ ਘਟਨਾਵਾਂ  ਵਾਪਰੀਆਂ ।ਜਿਨ੍ਹਾਂ ਨੇ ਅਕਾਲੀ ਦਲ ਦੀ ਬੇੜੀ ਨੂੰ ਡੋਬਣ ਦਾ ਕੰਮ ਕੀਤਾ।ਇਕ ਤੋ ਬਾਦ ਇਕ ਗਲਤੀ ਅਕਾਲੀ ਦਲ ਨੂੰ ਨਿਘਾਰ ਵੱਲ ਲੈ ਕੇ ਜਾਂਦੀ ਰਹੀ ਤੇ ਵੇਖਦੇ ਹੀ ਵੇਖਦੇ ਅਕਾਲੀ ਦਲ ਦਾ ਗ੍ਰਾਫ ਡਿੱਗਦਾ ਚਲੇ ਗਿਆ।

     ਅਕਾਲੀ ਦਲ ਦੀ ਪਤਲੀ ਹੋਈ ਹਾਲਤ ਨੂੰ ਜਾਨਣ ਵਾਸਤੇ ਥੋੜਾ ਪਿਛੋਕੜ ਵੱਲ ਝਾਤ ਪਾਉਣੀ ਲਾਜ਼ਮੀ ਹੈ।ਸੂਬੇ ਤੇ ਕੇਂਦਰ ਦੀ ਸਿਆਸਤ ਚ ਵੱਖਰੀ ਪਛਾਣ ਰੱਖਣ ਵਾਲੇ ਅਕਾਲੀ ਦਲ ਨੂੰ ਸਾਲ 2017 ਦੀਆਂ ਵਿਧਾਨ ਸਭਾ ਦੀਆਂ 117 ਸੀਟਾਂ ਚੋ ਕੇਵਲ 15 ਸੀਟਾਂ ਹੀ ਮਿਲੀਆਂ। ਇਸ ਤੋ ਅੱਗੇ 2019 ਦੀਆਂ ਲੋਕ ਸਭਾ ਚੋਣਾਂ ਚ 13 ਲੋਕ ਸਭਾ ਸੀਟਾਂ ਚੋਂ ਸਿਰਫ 2 ਸੀਟਾਂ ਹੀ ਨਸੀਬ ਹੋ ਸਕੀਆਂ। ਜਦ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਚ ਅਕਾਲੀ ਦਲ ਦਾ ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਹੋਣ ਦੇ ਬਾਵਜੂਦ ਦੋ ਸੀਟਾਂ ਹੀ ਮਿਲ ਸਕੀਆਂ।ਜਿਸ ਨੇ ਅਕਾਲੀ ਦਲ ਦੀ ਹਾਲਤ ਬੇਹੱਦ ਪਤਲੀ ਕਰ ਦਿੱਤੀ ।ਪਾਰਟੀ ਦੀ ਏਨੀ ਮਾੜੀ ਹਾਲਤ ਸੁਖਬੀਰ ਬਾਦਲ ਦੇ ਪਾਰਟੀ ਪ੍ਰਧਾਨ  ਹੁੰਦਿਆਂ ਹੋਣ ਕਰਕੇ ਸੁਖਬੀਰ ਦੀ ਪ੍ਰਧਾਨਗੀ ਨੂੰ ਲੈ ਕੇ ਬਾਗ਼ੀ ਸੁਰਾਂ  ਉਠਣੀਆਂ ਸੁਭਾਵਕ  ਸਨ।ਉਕਤ ਗਲਤੀਆਂ ਤੋ ਇਲਾਵਾ ਇੱਕ ਹੋਰ ਵੱਡੀ ਗਲਤੀ ਜੋ ਸੁਖਬੀਰ ਕੋਲੋ ਹੋਈ ।ਉਹ ਇਹ  ਹੈ ਕੇ ਸਾਰੇ ਵੱਡੇ ਤੇ ਬਜ਼ੁਰਗ ਨੇਤਾਵਾਂ ਨੂੰ ਹੌਲੀ ਹੌਲੀ ਪਾਰਟੀ ਸਫਾ ਤੋ ਲਾਂਭੇ  ਕਰ ਦਿੱਤਾ ਗਿਆ। ਐੱਸਜੀਪੀਸੀ ਪ੍ਰਧਾਨ ਰਹੇ ਜਥੇਦਾਰ ਗੁਰਚਰਨ ਸਿੰਘ ਟੌਹੜਾ,ਮੁੱਖ ਮੰਤਰੀ ਰਹੇ ਸੁਰਜੀਤ ਸਿੰਘ ਬਰਨਾਲਾ ਤੇ  ਬਾਬਾ ਬੋਹੜ ਮੰਨੇ ਜਾਂਦੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਵਰਗੇ ਵੱਡੇ ਆਧਾਰ ਵਾਲੇ ਪਰਵਾਰਾਂ ਨੂੰ ਗੂਠੇ ਲਾਈਨ ਲਾਉਣ ਮਗਰੋਂ ਸੁਖਦੇਵ ਸਿੰਘ ਢੀਂਡਸਾ,ਬੀਬੀ ਜਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ,ਪਰਮਿੰਦਰ ਸਿੰਘ ਢੀਂਡਸਾ, ਪਰਮਜੀਤ ਕੌਰ, ਨਿਰਮਲ ਸਿੰਘ  ਤੇ ਚਰਨਜੀਤ ਬਰਾੜ ਸਣੇ ਕਈ ਹੋਰ ਨੂੰ ਪਾਰਟੀ ਤੋ ਦੂਰ ਕੀਤੇ ਜਾਣਾ ਅਕਾਲੀ ਦਲ ਲਈ ਘਾਤਕ ਸਿੱਧ ਹੋਇਆ। ਦੂਜੇ ਪਾਸੇ ਨਵੇਂ ਨੇਤਾਵਾਂ ਨੂੰ ਪਾਰਟੀ ਚ ਵੱਡੇ ਅਹੁਦੇ ਦੇ ਕੇ ਪਾਰਟੀ ਸਫਾ ਚ ਮੋਹਰੇ ਲੈ ਕੇ ਆਉਣਾ।ਸੁਖਬੀਰ ਲਈ ਨੁਕਸਾਨਦਾਇਕ ਸਾਬਤ ਹੋਇਆ। ਜਿਸ ਨੂੰ  ਲੈ ਕੇ ਵੱਡਾ ਬਵਾਲ ਖੜਾ ਹੋਇਆ। ਸਿੱਟਾ ਸਭ ਦੇ ਸਾਹਮਣੇ ਹੈ।ਇਕ ਸਦੀ  ਤੋ ਵੱਡੀ ਉਮਰ ਵਾਲੀ ਪਾਰਟੀ ਦੀ ਜੋ ਹਾਲਤ ਅੱਜ ਬਣੀ ਹੈ।ਉਹ ਪਹਿਲਾਂ ਕਦੇ ਨਹੀਂ ਬਣੀ ਸੀ।

               ਪਾਰਟੀ ਸੁਧਾਰ ਦੇ ਬੈਨਰ ਥੱਲੇ ਬਣੇ ਧੜੇ ਨੇ ਅਸਤੀਫੇ ਦੀ ਜੋ ਮੰਗ ਰੱਖੀ ਸੀ ।ਉਹ ਸੁਖਬੀਰ ਦੇ ਅਸਤੀਫੇ ਪਿੱਛੋਂ ਬੇਸ਼ੱਕ ਮੰਨੀ ਗਈ ।ਪਰ ਉਹ ਮੰਗ ਹਾਲੇ ਪੂਰੀ ਨਹੀਂ ਹੋਈ।ਇਸ ਲਈ ਨਵੇਂ ਪ੍ਰਧਾਨ ਦੀ ਚੋਣ ਤੱਕ ਵਿਰੋਧੀ ਧੜੇ ਨੂੰ ਤਕੜੇ ਹੋ ਕੇ ਆਪਣੀ ਤਾਕਤ ਵਿਖਾਉਣੀ  ਪਵੇਗੀ। 16 ਨਵੰਬਰ ਨੂੰ ਸੁਖਬੀਰ ਬਾਦਲ ਵਲੋਂ ਦਿੱਤੇ ਗਏ ਅਸਤੀਫੇ ਉੱਤੇ  ਅੱਜ 18 ਨਵੰਬਰ ਨੂੰ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਹੋ ਰਹੀ ਮੀਟਿੰਗ ਵਿਚਾਰ ਕੀਤਾ ਜਾਣਾਂ ਹੈ।ਜਿਸ ਨੂੰ ਲੈ ਕੇ ਕਈ ਤਰਾਂ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ। ਇਨਾਂ ਚਰਚਾਵਾਂ ਤੇ ਕਿਆਸਰਾਈਆਂ ਵਿਚਾਲੇ ਸਿਆਸੀ ਮਾਹਰ ਇਹ ਵੀ ਆਖ ਰਹੇ ਹਨ ਕੇ ਜੇਕਰ ਸੁਖਬੀਰ ਵੱਲੋਂ ਦਿੱਤਾ ਅਸਤੀਫਾ ਸੱਚੇ ਮਨੋ ਤੇ ਅਕਾਲੀ ਦਲ ਦੀ ਬੇਹਤਰੀ ਲਈ ਹੋਇਆ ਤਾ ਵਰਕਿੰਗ ਕਮੇਟੀ ਇਸ ਅਸਤੀਫੇ ਨੂੰ ਤੁਰਤ ਮਨਜੂਰ ਕਰ ਲਾਵੇਗੀ।ਅਤੇ ਨਵਾ ਪ੍ਰਧਾਨ ਚੁਣੇ ਜਾਣ ਸੰਬਧੀ ਅਗਲੇ ਕਦਮ ਚੁੱਕੇ ਜਾਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਅਕਾਲੀ ਦਲ ਦੇ ਪ੍ਰਧਾਨ, ਵੱਖ ਵੱਖ ਅਹੁਦੇਦਾਰਾਂ ਤੇ ਵਰਕਿੰਗ ਕਮੇਟੀ ਮੈਂਬਰਾਂ ਦੀ ਚੋਣ 4 ਦਸੰਬਰ 2024 ਹੋਣ ਜਾ ਰਹੀ ਹੈ।ਪਰ ਜੇ ਇਹ ਅਸਤੀਫਾ ਡਰਾਮਾ ਹੋਇਆ ਤਾਂ ਇਸ ਨੂੰ ਵਰਕਿੰਗ ਕਮੇਟੀ ਕੋਈ ਨਾ ਕੋਈ ਬਹਾਨਾ ਬਣਾ ਕੇ ਨਾ ਮਨਜੂਰ ਕਰ ਦੇਵੇਗੀ।।

ਕਿਉਂਕਿ ਸੁਖਬੀਰ ਬਾਦਲ ਨੂੰ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਵੱਲੋਂ 30 ਅਗਸਤ ਨੂੰ ਤਨਖਾਹੀਆ  ਕਰਾਰ ਦਿੱਤਾ ਗਿਆ ਸੀ ।ਜਿਸ ਨੂੰ ਕਰੀਬ ਪੌਣੇ ਚਾਰ ਮਹੀਨੇ  ਦਾ ਸਮਾ ਹੋਣ ਵਾਲਾ ਹੈ।ਸ੍ਰੀ ਅਕਾਲ ਤਖਤ ਵੱਲੋਂ ਸੁਖਬੀਰ ਨੂੰ ਕੀ ਸਜਾ ਦਿੱਤੀ ਜਾਂਦੀ ਹੈ ?ਇਹ ਸਜਾ ਸੁਣਾਏ ਜਾਣ ਤੇ ਹੀ ਪਤਾ ਲੱਗੇਗਾ? ਜਿਆਦਤਰ  ਸੰਭਾਵਨ ਧਾਰਮਕ ਸਜਾ ਸੁਣਾਏ ਜਾਣ ਦੀ ਹੈ।ਕਿਉਂਕਿ ਸਿਆਸੀ ਸਜਾ ਦੀ ਸੰਭਾਵਨਾ ਬਹੁਤ ਘੱਟ ਹੈ।

ਕਿਉਂਕਿ ਸੁਖਬੀਰ  ਸ੍ਰੀ ਅਕਾਲ ਤਖਤ ਸਾਹਿਬ ਤੋ ਤਨਖਾਹੀਆ ਕਰਾਰ ਦਿੱਤੇ ਹੋਣ ਕਰਕੇ ਸਜਾ ਯਾਫ਼ਤਾ ਹਨ।ਜਿਸ ਨੂੰ ਲੈ ਕੇ ਉਹਨਾਂ ਦਾ ਪ੍ਰਧਾਨਗੀ ਚੋਣ ਲੜਨਾ ਮੁਸ਼ਕਲ ਹੈ।ਇਸੇ ਕਰਕੇ ਫਿਲਹਾਲ ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜ਼ਕਾਰੀ ਪ੍ਰਧਾਨ ਵਜੋਂ  ਨਵਾ ਪ੍ਰਧਾਨ ਚੁਣੇ ਜਾਣ ਤੱਕ ਕੰਮ ਕਰਦੇ ਰਹਿਣ ਦੀ ਸੰਭਾਵਨਾ ਹੈ।

ਅਸਤੀਫੇ ਪਿੱਛੋਂ  ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸੁਖਬੀਰ ਨੂੰ ਜਲਦੀ ਸਜਾ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਬਣ ਗਈ ਹੈ।ਕਿਉਂਕਿ ਤਨਖਾਹੀਆ ਕਰਾਰ ਦਿੱਤੇ ਜਾਣ ਮਗਰੋਂ 13 ਨਵੰਬਰ ਨੂੰ ਸੁਖਬੀਰ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਏ ਸਨ। ਤੇ ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਤੋ ਜਲਦੀ ਸਜਾ ਸੁਣਾਏ ਜਾਣ ਦੀ ਮੰਗ ਕੀਤੀ ਸੀ। ਜਿਸ ਕਰਕੇ ਹੁਣ ਸੁਖਬੀਰ ਨੂੰ ਜਲਦ ਸਜਾ ਸੁਣਾਈ ਜਾ ਸਕਦੀ ਹੈ। ਧਾਰਮਕ ਸਜਾ ਲਵਾਉਣ ਤੇ ਪੂਰੀ ਕਰਨ ਮਗਰੋਂ ਉਨਾਂ ਦਾ ਪ੍ਰਧਾਨਗੀ ਦੀ ਚੋਣ ਲੜਨ ਲਈ ਰਾਹ ਪੱਧਰਾ ਹੋ ਜਾਵੇਗਾ ।ਉਧਰ ਇਹ ਵੀ ਸੰਭਵ ਹੋ ਸਕਦਾ ਹੈ ਕੇ ਸਜਾ ਉਪਰੰਤ ਸਿੰਘ ਸਹਿਬਾਨ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਹੁਕਮਨਾਮਾ ਜਾਰੀ ਕਰਕੇ ਸਾਰੇ ਧੜਿਆਂ ਨੂੰ ਇਕਜੁਟ ਕਰਨ ਬਾਰੇ ਕੋਈ ਫ਼ੈਸਲਾ ਲਿਆ ਜਾਵੇ। ਜਿਸ ਨਾਲ ਅਕਾਲੀ ਏਕਤਾ ਦਾ ਰਾਹ ਸਾਫ਼ ਹੋ ਸਕੇ।

         ਅਜੀਤ ਖੰਨਾ 

ਮੋਬਾਈਲ:76967-54669 

Leave a Reply

Your email address will not be published. Required fields are marked *