ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਧੂਰੀ ਦੇ ਵੈਦਾਂ ਵੱਲੋਂ ਰਾਮਗੜ੍ਹੀਆ ਭਵਨ ਮੋਹਾਲੀ ਵਿਖੇ ਆਯੁਰਵੈਦਿਕ ਖੀਰ ਦਾ ਕੈਂਪ ਲਗਾਇਆ ਗਿਆ
ਮੋਹਾਲੀ 16 ਨਵੰਬਰ ,ਬੋਲੇ ਪੰਜਾਬ ਬਿਊਰੋ :
ਰਾਮਗੜ੍ਹੀਆ ਸਭਾ ਫੇਜ 3 ਬੀ 1 ਮੋਹਾਲੀ ਵਿਖੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਧੂਰੀ ਦੇ ਵੈਦਾਂ ਵਲੋਂ ਆਯੁਰਵੈਦਿਕ ਖੀਰ ਦਾ ਕੈਂਪ ਲਗਾਇਆ ਗਿਆ। ਸੰਤ ਗੋਬਿੰਦ ਦਾਸ ਆਯੁਰਵੈਦਿਕ ਸੇਵਾ ਸੰਸਥਾ ਵਲੋ ਕੱਤਕ ਦੀ ਪੂਰਨਮਾਸੀ ਦੇ ਚੰਦਰਮਾ ਦੀਆਂ ਵਿਸ਼ੇਸ਼ ਗੁਣਕਾਰੀ ਕਿਰਨਾ ਵਿੱਚ ਜੜੀਆਂ ਬੂਟੀਆਂ ਦੇ ਸੁਮੇਲ ਨਾਲ ਤਿਆਰ ਕੀਤੀ ਖੀਰ ਸੰਗਤਾਂ ਨੂੰ ਛਕਾਈ ਗਈ।
ਸੰਸਥਾ ਦੇ ਮੁੱਖੀ ਵੈਦ ਚਰਨ ਕਮਲ ਸਿੰਘ ਧੂਰੀ ਨੇ ਦੱਸਿਆ ਕਿ ਇਹ ਖੀਰ ਸਾਹ-ਦਮਾ, ਨਜ਼ਲਾ, ਅਲਰਜੀ ਦੇ ਮਰੀਜਾਂ ਲਈ ਬਹੁਤ ਹੀ ਗੁਣਕਾਰੀ ਹੈ। ਉਨ੍ਹਾਂ ਦੱਸਿਆ ਕਿ 1970 ਤੋਂ ਲਗਾਤਾਰ ਹਰ ਸਾਲ ਇਸ ਖੀਰ ਦਾ ਕੈਂਪ ਵੱਖ ਵੱਖ ਥਾਵਾਂ ਤੇ ਬਿਲਕੁੱਲ ਮੁਫ਼ਤ ਲਗਾਇਆ ਜਾਂਦਾ ਰਿਹਾ ਹੈੈ, ਜਿਸਦਾ ਲਾਭ ਹਜਾਰਾਂ ਮਰੀਜ ਲੈ ਚੁੱਕੇ ਹਨ। ਇਸ ਕੈਂਪ ਵਿੱਚ ਆਈਆਂ ਸੰਗਤਾ ਨੂੰ ਵੈਦ ਚਰਨ ਕਮਲ ਸਿੰਘ ਅਤੇ ਡਾ: ਸੋਨੀਆ ਸਿੰਗਲਾ ਏ ਐਮ ਓ, ਨੇ ਆਯੁਰਵੇਦ ਖੀਰ ਦੀ ਵਿਧੀ ਵਿਧਾਨ ਬਾਰੇ ਅਤੇ ਘਰੇਲੂ ਇਲਾਜ ਬਾਰੇ ਜਾਣਕਾਰੀ ਦਿੱਤੀ। ਰਾਮਗੜ੍ਹੀਆ ਭਵਨ ਦੇ ਪ੍ਰਧਾਨ ਸ. ਸੁਰਤ ਸਿੰਘ ਕਲਸੀ ਅਤੇ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਹ ਸਾਰੀ ਜਾਣਕਾਰੀ ਸਭਾ ਦੇ ਜਨਰਲ ਸਕੱਤਰ ਸ. ਬਿਕਰਮਜੀਤ ਸਿੰਘ ਹੂੰਝਣ ਵੱਲੋ ਦਿੱਤੀ ਗਈ।