ਸ਼ਹੀਦਾਂ ਦੀ ਧਰਤੀ ’ਤੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਇਆ
ਚੰਡੀਗੜ੍ਹ 16 ਨਵੰਬਰ ,ਬੋਲੇ ਪੰਜਾਬ ਬਿਊਰੋ :
ਹਿਮਾਚਲ ਪ੍ਰਦੇਸ਼ ਵਿੱਚ ਫੌਜੀ ਛਾਉਣੀ ਵਜੋਂ ਜਾਣੇ ਜਾਂਦੇ ਪਹਾੜੀ ਸਟੇਸ਼ਨ ਡਗਸ਼ਈ ਨੂੰ ਸ਼ਹੀਦਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ। ਇਥੇ ਗ਼ਦਰ ਲਹਿਰ ਨਾਲ ਸਬੰਧਤ ਫੌਜੀਆਂ, ਜਿਹਨਾਂ ਦੀ ਅਗਵਾਈ ਦਫੇਦਾਰ ਲਛਮਣ ਸਿੰਘ ਚੂਸਲੇਵਾੜ ਕਰਦੇ ਸਨ ਨੂੰ ਕੋਰਟ ਮਾਰਸ਼ਲ ਕਰਕੇ ਸਤੰਬਰ 1916 ਵਿੱਚ ਗੋਲੀਆਂ ਨਾਲ ਉਡਾ ਕੇ ਸ਼ਹੀਦ ਕੀਤਾ ਗਿਆ ਸੀ। ਇਥੇ ਬ੍ਰਿਟਿਸ਼ ਸਾਮਰਾਜੀਆਂ ਵੱਲੋਂ 1809 ਵਿੱਚ ਜੇਲ੍ਹ ਬਣਾਈ ਗਈ ਸੀ, ਜਿਸ ਵਿੱਚ ਗ਼ਦਰ ਲਹਿਰ ਕਾਮਾਗਾਟਾ ਮਾਰੂ ਅਤੇ ਹੋਰ ਆਜ਼ਾਦੀ ਲਹਿਰਾਂ ਦੇ ਘੁਲਾਟੀਆਂ ਨੂੰ ਬੰਦ ਕਰਕੇ ਰੱਖਿਆ ਜਾਂਦਾ ਸੀ।
ਸਿੱਖ ਸੰਗਤ ਨੇ ਇੱਥੇ 1932 ਵਿੱਚ ਸ੍ਰੀ ਗੁਰੂ ਸਿੰਘ ਸਭਾ ਦਾ ਗੁਰਦੁਆਰਾ ਉਸਾਰਿਆਂ ਸੀ, ਜੋ ਗ਼ਦਰ ਲਹਿਰ ਨਾਲ ਸਬੰਧਤ ਘੁਲਾਟੀਆਂ ਦੀ ਪਨਾਹਗਾਹ ਰਿਹਾ ਹੈ। ਜੇਲ੍ਹਾਂ, ’ਚੋਂ ਰਿਹਾਈ ਉਪਰੰਤ ਗ਼ਦਰੀ ਬਾਬੇ ਇਥੇ ਆ ਕੇ ਰਹਿੰਦੇ ਰਹੇ ਹਨ। ਭਾਈ ਰਣਧੀਰ ਸਿੰਘ ਅਤੇ ਉਹਨਾਂ ਦੇ ਨਿਰਮਾਣ ਕੀਰਤਨੀ ਜਥੇ ਦੇ ਭਾਈ ਸੁਰਜਣ ਸਿੰਘ ਗੁਜਰਵਾਲ ਵੀ ਇਸ ਗੁਰਦੁਆਰੇ ਵਿੱਚ ਰਹਿੰਦੇ ਰਹੇ ਹਨ। ਜਦ ਗੁਰੂ ਨਾਨਕ ਜਹਾਜ (ਕਾਮਾਗਾਟਾ ਮਾਰੂ) ਵਾਲੇ ਬਾਬਾ ਗੁਰਦਿੱਤ ਸਿੰਘ ਰੂਪੋਸ਼ ਸਨ ਤਾਂ ਉਹ ਵੀ ਇੱਥੇ ਰਹਿੰਦੇ ਰਹੇ ਹਨ। ਹੁਣ ਇਹ ਇਤਿਹਾਸਕ ਗੁਰਦੁਆਰੇ ਦੀ ਸਾਂਭ ਸੰਭਾਲ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਵੱਲੋਂ ਕੀਤੀ ਜਾ ਰਹੀ ਹੈ। ਗ਼ਦਰੀ ਬਾਬਿਆਂ ਨੂੰ ਸੰਭਾਲਣ ਵਾਲੇ ਬਾਪੂ ਅਜਮੇਰ ਸਿੰਘ ਦੇ ਸਪੁੱਤਰ ਨਿਰਪਾਲ ਸਿੰਘ ਹੋਰਾਂ ਵੱਲੋਂ ਸਥਾਨਕ ਕਮੇਟੀ ਬਣਾ ਕੇ ਇਸ ਗੁਰਦੁਆਰੇ ਦੀ ਸੇਵਾ ਕੀਤੀ ਜਾ ਰਹੀ ਹੈ। ਪਿਛਲੇ ਦਿਨ ਇਸ ਇਤਿਹਾਸਕ ਗੁਰਦੁਆਰੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਚੰਡੀਗੜ੍ਹ ਤੋਂ ਸਿੱਖ ਮੀਡੀਆ ਸੈਂਟਰ ਦੇ ਵਿਦਿਆਰਥੀ, ਡਗਸ਼ਾਈ ਪਬਲਿਕ ਸਕੂਲ ਤੇ ਆਰਮੀ ਸਕੂਲ ਦੇ ਵਿਦਿਆਰਥੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਥਾਨਕ ਸੰਗਤ ਨੇ ਵੀ ਸਮੂਲੀਅਤ ਕੀਤੀ, ਜਿਹਨਾਂ ਵਿੱਚ ਵੱਡੀ ਗਿਣਤੀ ਹਿੰਦੂ ਭਾਈਚਾਰੇ ਦੀ ਸੀ।
ਇਸ ਮੌਕੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ, ਗਵਰਨਿੰਗ ਕੌਂਸਲ ਦੇ ਮੈਂਬਰ ਤੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ, ਰਾਜਵਿੰਦਰ ਸਿੰਘ ਰਾਹੀ, ਇਰਫਾਨ ਮਹੁੰਮਦ, ਸੁਰਿੰਦਰ ਸਿੰਘ ਕਿਸ਼ਨਪੁਰਾ, ਹਰਜੋਤ ਸਿੰਘ, ਸੰਦੀਪ ਸਿੰਘ ਅਤੇ ਇਕਬਾਲ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਬੱਚੇ ਬੱਚੀਆਂ ਦੇ ਵੱਖ-ਵੱਖ ਜਥਿਆਂ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ। ਇਹਨਾਂ ਤੋਂ ਇਲਾਵਾ ਚੰਡੀਗੜ੍ਹ ਤੋਂ ਹਜ਼ੂਰੀ ਰਾਗੀ ਭਾਈ ਸੰਤੋਖ ਸਿੰਘ ਦੇ ਜਥੇ ਵੱਲੋਂ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਸੰਗਤ ਨੂੰ ਸੰਬੋਧਤ ਕਰਦਿਆਂ ਡਾ. ਖੁਸ਼ਹਾਲ ਸਿੰਘ, ਜਸਪਾਲ ਸਿੰਘ ਸਿੱਧੂ, ਤੇ ਰਾਜਵਿੰਦਰ ਸਿੰਘ ਰਾਹੀ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਪ੍ਰਕਾਸ਼ ਨਿਮਾਣਿਆਂ,ਨਿਤਾਣਿਆਂ, ਨਿਉਟਿਆਂ ਨੂੰ ਉਪਰ ਚੁੱਕਣ ਦਾ ਹੈ ਪਰ ਅੱਜ ਮਲਿਕ ਭਾਗੋ ਇਸ ਧਰਮ ’ਤੇ ਕਾਬਜ ਹੋ ਗਏ ਹਨ। ਉਹਨਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਸੋਸ਼ਲ ਜਸਟਿਸ ਦੀ ਲਹਿਰ ਸ਼ੁਰੂ ਕੀਤੀ ਸੀ, ਉਸ ਨੂੰ ਅੱਗੇ ਵਧਾਉਣ ਨਾਲ ਹੀ ਸਹੀ ਰੂਪ ਵਿੱਚ ਪ੍ਰਕਾਸ਼ ਦਿਹਾੜਾ ਮਨਾਇਆ ਜਾ ਸਕਦਾ ਹੈ।