ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 555ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਉਤਸਾਹ ਮਨਾਇਆ ਗਿਆ
ਮੋਹਾਲੀ 15 ਨਵੰਬਰ ,ਬੋਲੇ ਪੰਜਾਬ ਬਿਊਰੋ ;
ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 555ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਉਤਸਾਹ ਮਨਾਇਆ ਗਿਆ । ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਸਵੇਰੇ 9:00 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ । ਇਸ ਧਾਰਮਿਕ ਸਮਾਗਮ ਵਿੱਚ ਭਾਈ ਬਲਜਿੰਦਰ ਸਿੰਘ ਜੀ ਬੰਠਿਡਾ ਵਾਲਿਆਂ ਦੇ ਇੰਟਰਨੈਸ਼ਨਲ ਢਾਡੀ ਜੱਥੇ ਨੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬ੍ਰਿਤਾਂਤ ਬਾਰੇ ਸੰਗਤਾਂ ਨੂੰ ਢਾਡੀ ਵਾਰਾਂ ਵਿੱਚ ਵਿਸਥਾਰ ਪੁਰਵਕ ਜਾਣੂ ਕਰਵਾਇਆ। ਭਾਈ ਅਜਮੇਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੀ ਅੰਮ੍ਰਿਤਸਰ ਵਾਲਿਆਂ ਦੇ ਰਾਗੀ ਜੱਥੇ ਨੇ ਆਪਣੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਹਰਜਸ ਸੁਣਾ ਕੇ ਨਿਹਾਲ ਕੀਤਾ। ਸ਼੍ਰੋਮਣੀ ਪ੍ਰਚਾਰਕ ਭਾਈ ਜਰਨੈਲ ਸਿੰਘ ਜੀ ਲੁਧਿਆਣੇ ਵਾਲਿਆਂ ਨੇ ਆਪਣੇ ਪ੍ਰਵਚਨਾਂ ਰਾਹੀਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਸਮੂਹ ਮਾਨਵਤਾ ਦੇ ਭਲੇ ਲਈ ਕੀਤੀਆਂ ਚਾਰ ਉਦਾਸੀਆਂ ਅਤੇ ਉਨਾਂ ਦੁਆਰਾ ਉਚਾਰਨ ਧੁਰ ਕੀ ਬਾਣੀ ਦੇ 19 ਰਾਗਾਂ ਵਿੱਚ 958 ਸ਼ਬਦ ਜੋ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬਿਰਾਜਮਨ ਹੈ ਬਾਰੇ ਵਿਸਥਾਰ ਜਾਣੂ ਕਰਵਾਇਆ। ਇਸ ਤੋਂ ਇਲਾਵਾ ਭਾਈ
ਜਸਵੀਰ ਸਿੰਘ ਜੀ ਲੁਧਿਆਣੇ ਵਾਲੇ, ਭਾਈ ਨਰਿੰਦਰ ਸਿੰਘ ਜੀ ਬੁੱਢਾ ਦਲ ਵਾਲੇ, ਭਾਈ ਜਤਿੰਦਰ ਸਿੰਘ ਜੀ ਦਮਦਮੀ ਟਕਸਾਲ ਵਾਲੇ, ਭਾਈ ਲਖਵਿੰਦਰ ਸਿੰਘ ਜੀ ਅੰਮਿਤਸਰ ਵਾਲੇ, ਭਾਈ ਪ੍ਰਿਤਪਾਲ ਸਿੰਘ ਜੀ ਗੁ ਦੁੱਖ ਨਿਵਾਰਨ ਸਾਹਿਬ ਪਟਿਆਲੇ ਵਾਲੇ, ਭਾਈ ਸੁਰਿੰਦਰ ਸਿੰਘ ਜੀ ਦੇ ਜੱਥਿਆਂ ਤੋ ਇਲਾਗਾ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਜੱਥੇ ਭਾਈ ਗੁਰਮੀਤ ਸਿੰਘ, ਭਾਈ ਇੰਦਰਜੀਤ ਸਿੰਘ , ਭਾਈ ਸੰਦੀਪ ਸਿੰਘ ਅਤੇ ਭਾਈ ਜਸਵਿੰਦਰ ਸਿੰਘ ਨੇ ਕਥਾ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸਾਰਾ ਦਿਨ ਸੰਗਤਾਂ ਨੂੰ ਹਰਿ ਜਸ ਸੁਣਾ ਕੇ ਨਿਹਾਲ ਕੀਤਾ ਗਿਆ। ਸਾਰੇ ਜੱਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਦਰਬਾਰ ਸਾਹਿਬ ਜੀ ਦੀ ਅੰਦਰੋਂ ਫੁੱਲਾਂ ਨਾਲ ਵਿਸ਼ੇਸ਼ ਸਜਾਵਟ ਕੀਤੀ ਗਈ ਸੀ । ਪੂਰੇ ਦਰਬਾਰ ਸਾਹਿਬ ਜੀ ਨੂੰ ਬਾਹਰੋਂ ਅਤੇ ਗੇਟ ਤੱਕ ਦੇ ਰਸਤੇ ਨੂੰ ਰੰਗ ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਸੀ। ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਹਜ਼ਾਰਾਂ ਸੰਗਤਾਂ ਨੇ ਇਸ ਅਸਥਾਨ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ। ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦਾ ਮੁਆਇਨਾ ਕੀਤਾ ਅਤੇ ਦਵਾਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਗਈ। ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਕਰਵਾਏ ਗਏ ਅੰਮ੍ਰਿਤ ਸੰਚਾਰ ਵਿੱਚ ਵੱਡੀ ਗਿਣਤੀ ਵਿੱਚ ਪ੍ਰਾਣੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ। ਗੁਰੂ ਕਾ ਲੰਗਰ ਇਸ ਮੌਕੇ ਅਤੁੱਟ ਵਰਤਾਇਆ ਗਿਆ