ਮੋਹਾਲੀ ’ਚ ਨੌਜਵਾਨ ਦੇ ਕਤਲ ਨੂੰ ਲੈ ਕੇ ਲੋਕਾਂ ਵਲੋਂ ਰਾਤ ਤੋਂ ਸੜਕ ‘ਤੇ ਮ੍ਰਿਤਕ ਦੇਹ ਰੱਖ ਕੇ ਧਰਨਾ ਜਾਰੀ, ਐਮਐਲਏ ਤੇ ਐਸਐਸਪੀ ਨੇ ਦਿੱਤਾ ਕਾਰਵਾਈ ਦਾ ਭਰੋਸਾ
ਮੋਹਾਲੀ, 15 ਨਵੰਬਰ,ਬੋਲੇ ਪੰਜਾਬ ਬਿਊਰੋ ;
13 ਨਵੰਬਰ ਨੂੰ ਪਿੰਡ ਕੁੰਭੜਾ ’ਚ ਹੋਏ ਕਤਲ ਨੂੰ ਲੈ ਕੇ ਪਰਿਵਾਰ ਵੱਲੋਂ ਮ੍ਰਿਤਕ ਦੇਹ ਨੂੰ ਸੈਕਟਰ 78 ਤੇ 79 ਦੀਆਂ ਲਾਈਟਾਂ ਵਿਚਕਾਰ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਅਜੇ ਤੱਕ ਕੋਈ ਵੀ ਮੁਲਜ਼ਮ ਗਿਰਫ਼ਤਾਰ ਨਹੀਂ ਕੀਤਾ ਗਿਆ ਤੇ ਪ੍ਰਸ਼ਾਸਨ ਵੱਲੋਂ ਧਰਨਾ ਚੁਕਵਾਉਣ ਲਈ ਪਰਿਵਾਰ ’ਤੇ ਦਬਾਅ ਪਾਇਆ ਜਾ ਰਿਹਾ ਹੈ।
ਦੋ ਦਿਨ ਬੀਤ ਜਾਣ ਤੋਂ ਬਾਅਦ ਜਦੋਂ ਅੱਜ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਵਲੋਂ ਐਲਾਨ ਕੀਤਾ ਗਿਆ ਕਿ ਜੇਕਰ ਇੱਕ ਘੰਟੇ ਦੇ ਸਮੇਂ ਅੰਦਰ ਜਿਲ੍ਹਾ ਅਧਿਕਾਰੀ ਡੀਸੀ, ਐਸ ਐਸ ਪੀ ਜਾਂ ਹਲਕੇ ਦੇ ਵਿਧਾਇਕ ਵੱਲੋਂ ਪਰਿਵਾਰ ਦੀ ਸਾਰ ਨਾ ਲਈ ਗਈ ਤਾਂ ਇਹ ਮੋਰਚਾ ਵਿਧਾਇਕ ਦੇ ਦਫ਼ਤਰ ਦੇ ਬਾਹਰ ਦਿੱਤਾ ਜਾਵੇਗਾ ਤਾਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮੌਕੇ ’ਤੇ ਐਮਐਲਏ ਕੁਲਵੰਤ ਸਿੰਘ ਤੇ ਐਸਐਸਪੀ ਮੋਹਾਲੀ ਨੇ ਤੁਰੰਤ ਪਹੁੰਚ ਕੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਬਲਵਿੰਦਰ ਸਿੰਘ ਕੁੰਭੜਾ ਪ੍ਰਧਾਨ ਅੱਤਿਆਚਾਰ ਤੇ ਭਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਉਹਨਾਂ ਦਾ ਕਹਿਣਾ ਹੈ ਕਿ ਪਰਿਵਾਰ ਅਤੇ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਹੀ ਮੋਰਚਾ ਚੁੱਕਿਆ ਜਾਵੇਗਾ।
ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਇਸ ਘਟਨਾ ਦੀ ਸਖ਼ਤ ਨਿੰਦਿਆ ਕੀਤੀ ਤੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਜਲਦ ਇੰਨਸਾਫ਼ ਦੀ ਮੰਗ ਕੀਤੀ ਹੈ। ਇਸ ਮੌਕੇ ਕੁੰਭੜਾ ਨੇ ਕਿਹਾ ਜਦੋਂ ਤੱਕ ਪਰਿਵਾਰ ਦੀ ਸੰਤੁਸ਼ਟੀ ਨਹੀਂ ਹੋਵੇਗੀ, ਉਦੋਂ ਤੱਕ ਪਰਿਵਾਰ ਤੋਂ ਬਿਨਾਂ ਇਸ ਮ੍ਰਿਤਕ ਦੇਹ ਨੂੰ ਇਸ ਜਗ੍ਹਾ ਤੋਂ ਨਹੀਂ ਹਟਾਇਆ ਜਾਵੇਗਾ।