ਔਰਤ ਦਾ ਸਨਮਾਨ ਕਰਨ ਵਾਲੇ ਗੁਰੂ ਨਾਨਕ ਦੇਵ ਜੀ ਪਹਿਲੇ ਕ੍ਰਾਂਤੀਕਾਰੀ !

ਚੰਡੀਗੜ੍ਹ

ਔਰਤ ਦਾ ਸਨਮਾਨ ਕਰਨ ਵਾਲੇ ਗੁਰੂ ਨਾਨਕ ਦੇਵ ਜੀ ਪਹਿਲੇ ਕ੍ਰਾਂਤੀਕਾਰੀ !

                   

       ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰ ਚ ਪਹਿਲੇ ਅਜਿਹੇ ਕ੍ਰਾਂਤੀਕਾਰੀ ਤੇ ਸਮਾਜ ਸੁਧਾਰਕ ਹੋਏ ਹਨ।ਜਿਨ੍ਹਾਂ ਨੇ ਔਰਤ ਜਾਤੀ ਨੂੰ ਸਨਮਾਨ ਦਿੱਤਾ।ਉਸਦੀ ਰੱਜ ਕੇ ਵਡਿਆਈ ਕੀਤੀ।ਇਸ ਤੋ ਪਹਿਲਾਂ ਸਮਾਜ ਚ ਔਰਤ ਨੂੰ ਦੁਰਕਾਰਿਆ ਜਾਂਦਾ ਸੀ।ਉਸਦਾ ਅਪਮਾਨ ਕੀਤਾ ਜਾਂਦਾ ਸੀ।ਇਥੋਂ ਤੱਕ ਕੇ ਉਸ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ।ਗੱਲ ਕੀ ਉਸ ਸਮੇ ਜੰਮਦੀ ਕੁੜੀ ਨੂੰ ਮਾਰ ਦਿੱਤਾ ਜਾਂਦਾ ਸੀ।ਕੁੜੀਆਂ ਨੂੰ ਵੇਚਿਆ ਜਾਂਦਾ ਸੀ।ਔਰਤਾਂ ਘੁੰਢ ਕੱਢ ਕੇ ਰੱਖਦੀਆਂ ਸਨ।ਛੋਟੀ ਉਮਰੇ ਵਿਆਹ ਕਰ ਦਿੱਤਾ ਜਾਂਦਾ ਸੀ।ਇਥੋਂ ਤੱਕ ਕੇ ਪਤੀ ਦੇ ਮਰਨ ਦੇ ਨਾਲ ਹੀ ਪਤਨੀ ਨੂੰ ਚਿਤਾ ਵਿਚ ਜਲਾ ਦੇਣ ਵਰਗੀਆਂ ਮਾੜੀਆਂ ਕੁਰੀਤੀਆ ਪ੍ਰਚਲਤ ਸਨ।ਔਰਤ ਨੂੰ ਮਰਦ ਦੇ ਬਰਾਬਰ ਕੋਈ ਹੱਕ ਨਹੀਂ ਸੀ।ਆਦਮੀ ਔਰਤ ਨੂੰ ਆਪਣੀ ਮਲਕੀਅਤ ਸਮਝਦਾ ਸੀ।ਸਭ ਤੋ ਵੱਡੀ ਸੋਚਣ  ਵਾਲੀ ਗੱਲ ਇਹ ਸੀ ਕੇ ਸੰਸਾਰ ਚ ਬਹੁਤ ਸਾਰੇ ਦੇਵੀ ਦੇਵਤੇ ਤੇ ਰਾਜੇ ਮਹਾਰਾਜੇ ਆਏ ।ਪਰ ਕਿਸੇ ਨੇ ਔਰਤ ਜਾਤੀ ਦੀ ਦਸ਼ਾ ਨੂੰ ਸੁਧਾਰਣ ਦੀ ਕੋਈ ਗੱਲ ਨਹੀਂ ਕੀਤੀ। ਉਲਟਾ ਮਹਾਭਾਰਤ ਚ ਔਰਤ ਨੂੰ ਇਨਸਾਨ ਨਹੀਂ ਸਗੋਂ ਬੇਜਾਨ ਵਾਸਤੂ  ਦਾ ਦਰਜਾ ਦਿੱਤਾ ਗਿਆ। ਉਧਰ ਜੀਨ ਜੈਕਸ ਵਰਗੇ ਦਾਰਸ਼ਨਿਕਾਂ ਨੇ ਤਾਂ ਇਕ ਸੱਭਿਅਕ ਔਰਤ ਨੂੰ ਉਸਦੇ ਪਤੀ ਤੇ ਪਰਵਾਰ ਲਈ ਪਲੇਗ ਬਰਾਬਰ ਦੱਸਿਆ।ਇਸ ਤੋ ਅੱਗੇ ਗੱਲ ਕੀਤੀ ਜਾਵੇ ਤਾਂ ਕਾਦਰ ਯਾਰ ਨੇ ਔਰਤ ਨੂੰ ਢਾਡੀ ਜਾਤ ਕਹਿ ਕੇ ਅਪਮਾਨ ਕੀਤਾ। ਜਦ ਕੇ ਤੁਲਸੀ ਦਾਸ ਨੇ ਔਰਤ ਨੂੰ ਤਾੜ ਕੇ ਰੱਖਣ ਵਾਲੀ ਤੇ ਪੀਲੂ ਨੇ ਔਰਤ ਨੂੰ ‘ਖੁਰੀ ਮੱਤ ‘ਆਖਿਆ।ਪਰ ਦੂਜੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਦੀ ਇਸ ਤਰਾਂ ਦੀ ਦੁਰਦਸ਼ਾ ਨੂੰ ਦੇਖ ਕੇ ਨਾ ਕੇਵਲ ਇਸ ਦੀ ਨਿੰਦਾ ਕੀਤੀ ।ਸਗੋਂ ਇਨਾਂ ਅਲਾਹਮਤਾਂ ਨੂੰ ਦੂਰ ਕਰਨ ਲਈ ਔਰਤ ਦੀ ਵਡਿਆਈ ਕੀਤੀ।ਲੋਕਾਂ ਨੂੰ ਸਮਝਾਇਆ ਕੇ ਔਰਤ ਤੋਂ ਹੀ ਸਾਰੇ ਜਗਤ ਦਾ ਪਸਾਰ ਹੋਇਆ ਹੈ। ਔਰਤ ਕਾਰਨ ਹੀ ਸਾਡੇ ਦੁਨਿਆਵੀ ਸੰਬਧ ਅਤੇ ਰਿਸ਼ਤੇਦਾਰੀਆਂ ਬਣੀਆਂ ਹਨ।ਔਰਤ ਬਿਨਾ ਮਨੁੱਖ ਅਧੂਰਾ ਹੈ।ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਤਾ ਔਰਤ ਨੂੰ ਮਰਦ ਦੇ ਮੁਕਾਬਲੇ ਨੀਵਾਂ ਸਮਝਿਆ ਜਾਂਦਾ ਸੀ। ਉਨ੍ਹਾਂ ਸਮਾਜ ਚ ਔਰਤ ਨੂੰ ਉੱਚਾ ਚੁੱਕਣ ਵਾਸਤੇ ਔਰਤ ਦੀ ਵਡਿਆਈ ਕਰਦਿਆਂ ਕਿਹਾ: 

 ਭੰਡਿ ਜੰਮੀਐ ਭੰਡ ਨਿੰਮੀਐ,ਭੰਡਿ ਮੰਗਣੁ ਵੀਆਹੁ॥

 ਭੰਡਹੁ ਹੋਵੈ ਦੋਸਤੀ ,ਭੰਡਹੁ ਚਲੈ ਰਾਹੁ ॥ 

 ਭੰਡੁ ਮੂਆ ਭੰਡੁ ਭਾਲੀਐ,ਭੰਡਿ ਹੋਵੇ ਬੰਧਾਨ ॥ 

 ਸੋ ਕਿਉਂ ਮੰਦਾ ਆਖੀਐ,ਜਿਤਿ ਜੰਮੈ ਰਾਜਾਨ ॥ 

          ਸ੍ਰੀ ਗੁਰੂ ਨਾਨਕ ਦੇਵ ਜੀ ਮਗਰੋਂ ਉਹਨਾਂ ਦੇ ਉਤਰਾਧਿਕਾਰੀਆਂ ਨੇ ਵੀ ਇਸਤਰੀ ਨੂੰ ਮਨੁੱਖੀ ਸਮਾਜ ਵਿਚ ਨੀਵੀਂ ਸਮਝੇ ਜਾਣ ਦਾ ਵਿਰੋਧ ਹੀ ਨਹੀਂ ਕੀਤਾ ਸਗੋਂ ਆਪਣੇ ਸਮੇਂ ਵਿਚ ਚਲਦੀ ਸਤੀ ਪ੍ਰਥਾ, ਪਰਦਾ ਪ੍ਰਥਾ,ਸੂਤਕ ਆਦਿ ਦੀ ਵੀ ਨਿੰਦਾ ਕੀਤੀ।ਸਿੱਖ ਗੁਰੂਆਂ ਦੀ 15ਵੀਂ ਅਤੇ 16ਵੀਂ ਸਦੀ ਦੀ ਮਰਦ ਅਤੇ ਇਸਤਰੀ ਦੀ ਬਰਾਬਰੀ ਦੀ ਕਲਪਨਾ ਇਨਕਲਾਬੀ ਸੀ।ਯੂਰਪ ਵਿਚ ਤਾਂ ਨਾਰੀਵਾਦੀ ਸੋਚ18ਵੀਂ ਤੇ 19ਵੀਂ ਸਦੀ ਵਿਚ ਸ਼ੁਰੂ ਹੋਈ ਅਤੇ 20ਵੀਂ ਸਦੀ ਵਿਚ ਵਿਕਸਿਤ ਹੋਈ।ਇਸਤਰੀ ਅਤੇ ਮਰਦ ਵਿਚਕਾਰ ਵਿਤਕਰਾ ਦੂਰ ਕਰਨ ਲਈ ਗੁਰੂ ਅਮਰਦਾਸ ਜੀ ਨੇ ਸੰਗਤਾਂ ਨੂੰ ਹੁਕਮ ਦਿੱਤਾ ਸੀ ਕੇ ਇਸਤਰੀਆਂ ਪਰਦਾ ਕਰ ਕੇ ਸੰਗਤ ਵਿਚ ਨਾ ਆਉਣ ਅਤੇ ਮਾਈਆਂ ਭਾਈਆਂ ਨਾਲ ਪੰਗਤ ਵਿਚ ਬੈਠ ਕੇ ਲੰਗਰ ਛਕਣ।ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਵੀ ਪਰਿਵਾਰ ਵਿਚ ਇਸਤਰੀ ਦਾ ਦਰਜਾ ਬੜਾ ਸ੍ਰੇਸ਼ਟ ਦਰਸਾਇਆ ਗਿਆ ਹੈ। ਉਨ੍ਹਾਂ ਦੇ ਬਚਨ ਹਨ: 

 ਸਭ ਪਰਵਾਰੈ ਮਾਹਿ ਸਰੇਸਟ॥ 

 ਮਤੀ ਦੇਵੀ ਦੇਵਰ ਜੇਸਟ॥

 ਧੰਨੁ ਸੁ ਗ੍ਰਿਹ ਜਿਤੁ ਪ੍ਰਗਟੀ ਆਇ॥

 ਜਨ ਨਾਨਕ ਸੁਖੇ ਸੁਖਿ ਵਿਹਾਇ॥ 

    ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਾਰਮਿਕ ਪਰੰਪਰਾ ਵਿਚ ਔਰਤ ਨੂੰ ਉਚਾ ਚੁੱਕਣ ਲਈ ਕਿਹਾ ਕੇ ਜੀਵਨ ਉਦੇਸ਼ ਦੀ ਪ੍ਰਾਪਤੀ ਲਈ ਸੰਸਾਰ ਤਿਆਗਣ ਦੀ ਲੋੜ ਨਹੀਂ ਹੈ।ਨਾ ਹੀ ਗ੍ਰਹਿਸਤ ਤੋਂ ਦੂਰ ਭੱਜ ਕੇ ਇਸਤਰੀ ਜਾਤੀ ਦੀ ਨਿੰਦਾ ਕਰਨ ਦੀ।ਸਗੋਂ ਜਿਹੜੇ ਜੋਗੀ,ਤਪੀ, ਜਪੀ, ਸਨਿਆਸੀ ਇਸਤਰੀ ਦਾ ਵਿਰੋਧ ਕਰ ਕੇ ਸੰਸਾਰ ਤਿਆਗਦੇ ਹਨ।ਉਨ੍ਹਾਂ ਨੂੰ ਇਸ ਗੱਲ ਉਤੇ ਵੀ ਵਿਚਾਰ ਕਰਨਾ ਚਾਹੀਦਾ ਹੈ ਕੇ ਉਨ੍ਹਾਂ ਦਾ ਜਨਮ ਵੀ ਔਰਤ ਤੋਂ ਹੀ ਹੋਇਆ ਹੈ। ਇਤਿਹਾਸ ਗਵਾਹ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਔਰਤਾਂ ਨੇ ਸਮਾਜ ਉਸਾਰੀ ਵਿਚ ਆਦਰਸ਼ ਭੂਮਿਕਾ ਨਿਭਾਈ। ਬੇਬੇ ਨਾਨਕੀ ਜੀ,ਮਾਤਾ ਖੀਵੀ ਜੀ,ਬੀਬੀ ਅਮਰੋ ਜੀ, ਬੀਬੀ ਭਾਨੀ ਜੀ, ਮਾਈ ਭਾਗੋ ਜੀ, ਮਾਤਾ ਗੁਜਰੀ ਜੀ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ ਅਤੇ ਅਨੇਕਾਂ ਸਿੱਖ ਔਰਤਾਂ ਸਿੱਖਾਂ ਲਈ ਪ੍ਰੇਰਨਾ ਦਾ ਸਰੋਤ ਹਨ।ਗੁਰੂ ਸਾਹਿਬ ਨੇ ਔਰਤ ਨੂੰ ਹਰ ਪੱਖੋਂ ਮਰਦ ਦੇ ਬਰਾਬਰ ਦਾ ਦਰਜਾ ਦਿੱਤਾ।ਅਸਲ ਵਿਚ ਸਿੱਖ ਧਰਮ ਦੀ ਵਡਿਆਈ ਇਸ ਰਹੱਸ ਵਿਚ ਛੁਪੀ ਹੋਈ ਹੈ ਕਿ ‘ਮਨੁੱਖ’ ਸ਼ਬਦ ਨੂੰ ਪੁਰਖ ਤੇ ਇਸਤਰੀ ਦੋਹਾਂ ਦਾ ਲਖਾਇਕ ਦਰਸਾਇਆ ਗਿਆ ਹੈ। ਸਿੱਖ ਗੁਰੂਆਂ ਨੇ ਮਰਦ ਅਤੇ ਇਸਤਰੀ ਵਿਚ ਕੋਈ ਭੇਦ-ਭਾਵ ਨਹੀਂ ਦੇਖਿਆ। ਉਨ੍ਹਾਂ ਦੱਸਿਆ ਕਿ ਇਹ ਦੋ ਨਹੀਂ, ਅਸਲ ਵਿਚ ਇਕ ਹਨ ।ਸਗੋਂ ਮਨੁੱਖ ਦੀ ਅਦਭੁਤ ਰਚਨਾ ਦੇ ਦੋ ਰੁੱਖ ਹਨ। ਗੁਰੂ ਰਾਮਦਾਸ ਜੀ ਨੇ, 

           ‘ਨਾਰੀ ਪੁਰਖੁ ਪੁਰਖੁ ਸਭ ਨਾਰੀ ਸਭੁ ਏਕੋ ਪੁਰਖੁ ਮੁਰਾਰੇ॥’ 

 ਆਖ ਕੇ ਨਾਰੀ ਪੁਰਖ ਦਾ ਅੰਤਰ ਹੀ ਮਿਟਾ ਦਿੱਤਾ।ਪਰ ਕੇਵਲ ਨਾਰੀ ਦੇ ਸੁਚੇਤ ਹੋਣ ਨਾਲ ਸਾਡੀ ਸੋਚ ਵਿਚ ਪਰਿਵਰਤਨ ਨਹੀਂ ਹੋ ਸਕਦਾ।ਇਹ ਪਰਿਵਰਤਨ ਤਾਂ ਹੀ ਸੰਭਵ ਹੈ ਜੇ ਮਰਦ ਅਤੇ ਇਸਤਰੀ ਦੋਵੇਂ ਹਰ ਭੂਮਿਕਾ,ਰਿਸ਼ਤੇ ਅਤੇ ਖੇਤਰ ਵਿਚ ਇਕ ਦੂਜੇ ਨੂੰ ਬਰਾਬਰੀ ਦਾ ਦਰਜਾ ਦੇਣ,ਇਕ ਦੂਜੇ ਦਾ ਸਤਿਕਾਰ ਕਰਨ,ਇਕ ਦੂਜੇ ਦੇ ਬਹੁਪੱਖੀ ਵਿਕਾਸ ਵਿਚ ਮਦਦ ਕਰਨ।ਸਹਿਯੋਗ, ਕੁਰਬਾਨੀ ਅਤੇ ਸਹਿ-ਹੋਂਦ ਦੀ ਸਿੱਖਿਆ ਸਿਰਫ ਧੀਆਂ ਨੂੰ ਹੀ ਨਹੀਂ ਸਗੋਂ ਪੁੱਤਰਾਂ ਨੂੰ ਵੀ ਦੇਣੀ ਬਣਦੀ ਹੈ।

ਉਨ੍ਹਾਂ ਨੂੰ ਚੰਗੇ ਸੰਸਕਾਰ,ਸਕਾਰਾਤਮਕ ਸੋਚ ਦੇਈਏ। ਉਨ੍ਹਾਂ ਨੂੰ ਬਾਣੀ ਨਾਲ ਜੋੜੀਏ ਤਾਂ ਜੋ ਉਹ ਇਸ ਤੋਂ ਸੇਧ ਲੈ ਕੇ ਆਪਣੀ ਰੋਜ਼ਮੱਰਾ ਜਿ਼ੰਦਗੀ ਵਿਚ ਆਦਰਸ਼ ਮਾਨਵ ਵਾਲਾ ਜੀਵਨ ਜਿਉਣ। ਸੋ ਅੱਜ ਲੋੜ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਤੇ ਤੁਰਨ ਦੀ । ਉਨ੍ਹਾਂ ਨੂੰ ਅਪਣਾਉਣ ਦੀ।ਔਰਤ ਦਾ ਸਤਕਾਰ ਕਰਨ ਦੀ ।ਤਾਂ ਹੀ ਅਸੀ  ਸ੍ਰੀ ਗੁਰ ਨਾਨਕ ਦੇਵ ਜੀ ਦੇ ਅਸਲੀ ਤੇ ਸੱਚੇ ਪੈਰੋਕਾਰ ਅਖਵਾਉਣ ਦੇ ਹੱਕਦਾਰ ਹਾਂ।

 ਲੈਕਚਰਾਰ ਅਜੀਤ ਖੰਨਾ 

ਐਮਏ,ਐਮਫਿਲ,(ਇਤਿਹਾਸ),ਮਾਸਟਰ ਆਫ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ , ਬੀ ਐਡ 

ਮੋਬਾਈਲ:76967-54669

E.mail: khannaajitsingh@gmail.com

Leave a Reply

Your email address will not be published. Required fields are marked *