ਮੋਹਾਲੀ ਏਅਰਪੋਰਟ ਰੋਡ ਉਤੇ ਕੁੰਭੜਾ ਕਤਲ ਮਾਮਲੇ ਨੂੰ ਲੈ ਕੇ ਦੂਜੇ ਦਿਨ ਵੀ ਧਰਨਾ ਜਾਰੀ

ਪੰਜਾਬ

ਮੋਹਾਲੀ ਏਅਰਪੋਰਟ ਰੋਡ ਉਤੇ ਕੁੰਭੜਾ ਕਤਲ ਮਾਮਲੇ ਨੂੰ ਲੈ ਕੇ ਦੂਜੇ ਦਿਨ ਵੀ ਧਰਨਾ ਜਾਰੀ

ਮੋਹਾਲੀ 15 ਨਵੰਬਰ ,ਬੋਲੇ ਪੰਜਾਬ ਬਿਊਰੋ :

ਮੋਹਾਲੀ ਦੇ ਏਅਰਪੋਰਟ ਰੋਡ ਉਤੇ ਸਥਿਤ ਪਿੰਡ ਕੁੰਬੜਾ ਵਿੱਚ ਦੋ ਨੌਜਵਾਨ ਦਮਨ (17) ਅਤੇ ਦਿਲਪ੍ਰੀਤ ਸਿੰਘ (18) ਉਤੇ ਪੰਜ-ਛੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ, ਜਿਸ ਵਿੱਚ ਦਮਨ ਦੀ ਮੌਤ ਹੋ ਗਈ। ਜਦਕਿ ਦਿਲਪ੍ਰੀਤ ਦੀ ਅੱਖ ਵਿੱਚ ਚਾਕੂ ਮਾਰ ਦਿੱਤਾ ਗਿਆ ਸੀ।

ਉਹ ਹਸਪਤਾਲ ਵਿੱਚ ਦਾਖਲ ਹੈ। ਪਿੰਡ ਦੇ ਲੋਕਾਂ ਅਤੇ ਪਰਿਵਾਰ ਦੇ ਮੈਂਬਰਾਂ ਨੇ ਦਮਨ ਦੀ ਲਾਸ਼ ਏਅਰਪੋਰਟ ਰੋਡ ਉਤੇ ਰੱਖ ਕੇ ਜਾਮ ਲਗਾਇਆ ਹੋਇਆ ਸੀ। ਪੂਰੀ ਰਾਤ ਪਰਿਵਾਰ ਤੇ ਪਿੰਡ ਦੇ ਲੋਕ ਧਰਨੇ ਉਤੇ ਬੈਠੇ ਰਹੇ। ਹਮਲਾ ਕਰਨ ਵਾਲੇ ਸਾਰੇ ਮੁਲਜ਼ਮ ਫ਼ਰਾਰ ਹਨ। ਸ਼ੁੱਕਰਵਾਰ ਨੂੰ ਵੀ ਇਹ ਪੂਰਾ ਰੋਡ ਬੰਦ ਕੀਤਾ ਹੋਇਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਮੁਲਜ਼ਮ ਗੈਰਕਾਨੂੰਨੀ ਪੀਜੀ ਵਿੱਚ ਰਹਿੰਦੇ ਸਨ ਤੇ ਉਹ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਧਰਨਕਾਰੀਆਂ ਨੇ ਕਿਹਾ ਕਿ ਜਦ ਤਕ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ ਉਦੋਂ ਤੱਕ ਇਹ ਧਰਨਾ ਚੱਲਦਾ ਰਹੇਗਾ।

ਪਰਿਵਾਰ ਵਿੱਚ ਬਹੁਤ ਜ਼ਿਆਦਾ ਗੁੱਸਾ ਹੈ ਅਤੇ ਉਹ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਕੋਸ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਵੱਡੇ ਨੇਤਾ ਦਾ ਲੜਕਾ ਹੁੰਦਾ ਤਾਂ ਸਾਰੇ ਮੁਲਜ਼ਮਾਂ ਨੂੰ ਕੁਝ ਹੀ ਘੰਟਿਆਂ ਵਿੱਚ ਗ੍ਰਿਫਤਾਰ ਕਰ ਲਿਆ ਜਾਂਦਾ ਪਰ ਦੋ ਦਿਨ ਹੋ ਗਏ ਹਨ ਅਜੇ ਤਕ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਦੇਰ ਰਾਤ ਪ੍ਰਪੰਜਾਬ ਭਾਜਪਾ ਦੇ ਉਪ ਪ੍ਰਧਾਨ ਸੁਭਾਸ਼ ਸ਼ਰਮਾ ਅਤੇ ਮੋਹਾਲੀ ਜ਼ਿਲ੍ਹਾ ਪ੍ਰਧਾਨ ਸੰਜੀਵ ਵਿਸ਼ਿਸ਼ਟ ਦਰਸ਼ਨਕਾਰੀਆਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ।

ਡੀਐਸਪੀ ਸਿਟੀ-2 ਹਰਸਿਮਰਤ ਸਿੰਘ ਬੱਲ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਫੜ੍ਹਨ ਲਈ ਕਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇੱਕ ਟੀਮ ਲਖਨਊ ਵੀ ਭੇਜੀ ਗਈ ਹੈ। ਹਸਪਤਾਲ ਵਿੱਚ ਦਾਖਲ ਨੌਜਵਾਨ ਦੀ ਹਾਲਤ ਕਾਫੀ ਗੰਭੀਰ ਹੈ ਜੋ ਪੀਜੀ ਮਾਲਕ ਹਨ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ 45 ਲੋਕਾਂ ਨੂੰ ਰਾਊਂਡਅੱਪ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 

Leave a Reply

Your email address will not be published. Required fields are marked *